11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ 'ਚ ਦੁਕਾਨਦਾਰਾਂ ਦੇ ਕਰਿੰਦੇ ਸ਼ਰੇਆਮ ਰੋਕਦੇ ਨੇ ਔਰਤਾਂ ਦਾ ਰਾਹ

ਅਜੀਤ ਡੈਸਕ 23-01-2026
ਜਲੰਧਰ, 22 ਜਨਵਰੀ (ਜਸਪਾਲ ਸਿੰਘ)-ਸ਼ਹਿਰ ਦੇ ਪ੍ਰਮੁੱਖ ਰੈਣਕ ਬਾਜ਼ਾਰ, ਸ਼ੇਖਾਂ ਬਾਜ਼ਾਰ, ਅਟਾਰੀ ਬਾਜ਼ਾਰ ਤੇ ਹੋਰਨਾਂ ਬਾਜ਼ਾਰਾਂ 'ਚ ਕੁੱਝ ਕੁ ਦੁਕਾਨਦਾਰਾਂ ਵਲੋਂ ਰੱਖੇ ਕਰਿੰਦਿਆਂ ਦੇ ਹੌਂਸਲੇ ਇਸ ਕਦਰ ਵਧੇ ਹੋਏ ਹਨ ਕਿ ਉਨ੍ਹਾਂ ਵਲੋਂ ਸਾਮਾਨ ਵੇਚਣ ਲਈ ਆਵਾਜ਼ਾਂ ਮਾਰਨ ਦੀ ਆੜ 'ਚ ਰਾਹ ਜਾਂਦੀਆਂ ਔਰਤਾਂ ਨੂੰ ਸ਼ਰੇਆਮ ਰੋਕ ਕੇ ਨਾ ਕੇਵਲ ਉਨ੍ਹਾਂ 'ਤੇ ਭੱਦੇ ਕੁਮੈਂਟ ਹੀ ਨਹੀਂ ਕੀਤੇ ਜਾਂਦੇ ਬਲਕਿ ਛੇੜ-ਛਾੜ ਤੱਕ ਵੀ ਕੀਤੀ ਜਾਂਦੀ ਹੈ | ਇਕ ਸੱਭਿਅਕ ਸਮਾਜ 'ਚ ਜਿੱਥੇ ਔਰਤਾਂ ਨੂੰ ਹਰ ਖੇਤਰ 'ਚ ਬਰਾਬਰ ਦਾ ਮਾਣ-ਸਨਮਾਨ ਦਿੱਤੇ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਜਲੰਧਰ ਵਰਗੇ ਮਾਡਰਨ ਤੇ ਸੱਭਿਅਕ ਅਖਵਾਉਂਦੇ ਸ਼ਹਿਰ 'ਚ ਚਿੱਟੇ ਦਿਨ ਔਰਤਾਂ ਨਾਲ ਕੀਤੇ ਜਾਂਦੇ ਇਸ ਦੁਰਵਿਹਾਰ ਤੇ ਬਦਸਲੂਕੀ ਤੋਂ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਨਾਲ ਬੇਖ਼ਬਰ ਦਿਖਾਈ ਦੇ ਰਿਹਾ ਹੈ | ਔਰਤਾਂ ਨਾਲ ਸ਼ਰੇਆਮ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ 'ਚ ਕੀਤੀ ਜਾਂਦੀ ਅਜਿਹੀ ਬਦਸਲੂਕੀ ਦੇ ਖਿਲਾਫ਼ ਅੱਜ ਤੱਕ ਕਿਸੇ ਵੀ ਸਮਾਜ ਸੇਵੀ ਸੰਸਥਾ ਜਾਂ ਫਿਰ ਦੁਨਾਨਦਾਰਾਂ ਦੀਆਂ ਬਣੀਆਂ ਐਸੋਸੀਏਸ਼ਨ ਵਲੋਂ ਵੀ ਕੋਈ ਆਵਾਜ਼ ਤੱਕ ਨਹੀਂ ਉਠਾਈ ਗਈ | ਇਨ੍ਹਾਂ ਬਾਜ਼ਾਰਾਂ 'ਚ ਦੁਨਾਦਾਰਾਂ ਵਲੋਂ ਗਾਹਕਾਂ ਨੂੰ ਘੇਰਨ ਲਈ ਰੱਖੇ ਗਏ ਇਹ ਕਰਿੰਦੇ ਇਸ ਕਦਰ ਗੁੰਡਾਗਰਦੀ ਕਰਦੇ ਦਿਖਾਈ ਦਿੰਦੇ ਹਨ, ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਔਰਤਾਂ ਨਾਲ ਬਦਸਲੂਕੀ ਕਰਨ ਦਾ ਲਾਇਸੈਂਸ ਹੀ ਮਿਲਿਆ ਹੋਵੇ | ਉਨ੍ਹਾਂ ਵਲੋਂ ਸ਼ਰੇਆਮ ਔਰਤਾਂ ਦਾ ਰਾਹ ਰੋਕ ਕੇ ਉਨ੍ਹਾਂ ਨੂੰ ਜ਼ਲੀਲ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਿਸ ਤੋਂ ਅਜਿਹਾ ਲੱਗਦਾ ਹੈ ਕਿ ਜਿਸ ਤਰ੍ਹਾਂ ਇਨ੍ਹਾਂ ਬਾਜ਼ਾਰਾਂ 'ਚ ਕਾਨੂੰਨ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਤੇ ਇਨ੍ਹਾਂ ਬਾਜ਼ਾਰਾਂ 'ਚ ਕੇਵਲ ਇਨ੍ਹਾਂ ਕਰਿੰਦਿਆਂ ਦਾ ਹੀ ਰਾਜ ਹੋਵੇ | ਇਕ ਤਾਂ ਇਹ ਬਾਜ਼ਾਰ ਏਨੇ ਤੰਗ ਹਨ ਕਿ ਇੱਥੇ ਪਹਿਲਾਂ ਹੀ ਭੀੜ ਕਾਫ਼ੀ ਹੁੰਦੀ ਹੈ ਤੇ ਦੂਸਰਾ ਦੁਕਾਨਦਾਰਾਂ ਦੇ ਕਰਿੰਦੇ ਬਾਹਰ ਸੜਕਾਂ ਤੇ ਗਲੀਆਂ 'ਚ ਲੋਕਾਂ ਨੂੰ ਇੰਝ ਘੇਰ ਰਹੇ ਹੁੰਦੇ ਹਨ, ਜਿਵੇਂ ਉਨ੍ਹਾਂ ਨੇ ਇਨ੍ਹਾਂ ਬਾਜ਼ਾਰਾਂ 'ਚ ਆ ਕੇ ਕੋਈ ਗ਼ਲਤੀ ਕਰ ਲਈ ਹੋਵੇ | ਇਨ੍ਹਾਂ ਕਰਿੰਦਿਆਂ ਵਲੋਂ ਇਕੱਲੀਆਂ ਔਰਤਾਂ ਤੇ ਲੜਕੀਆਂ ਨੂੰ ਤਾਂ ਕੀ ਬਖਸ਼ਣਾ ਹੁੰਦਾ ਹੈ, ਬਲਕਿ ਪਰਿਵਾਰਾਂ ਨਾਲ ਆਈਆਂ ਔਰਤਾਂ ਤੇ ਬੱਚੀਆਂ ਤੱਕ ਨੂੰ ਵੀ ਇਹ ਕਰਿੰਦੇ ਘੇਰਨ ਤੇ ਕੁਮੈਂਟ ਕਰਨ ਤੋਂ ਪਿੱਛੇ ਨਹੀਂ ਹਟਦੇ | ਔਰਤਾਂ ਅਕਸਰ ਨਮੋਸ਼ੀ ਦੇ ਡਰ ਤੋਂ ਹੁੰਦੀ ਇਸ ਬਦਸਲੂਕੀ ਸੰਬੰਧੀ ਕੌੜਾ ਘੁੱਟ ਭਰ ਕੇ ਚੁੱਪ ਹੋ ਜਾਂਦੀਆਂ ਹਨ ਤੇ ਜੇਕਰ ਕੋਈ ਵਿਅਕਤੀ ਬਾਜ਼ਾਰਾਂ 'ਚ ਸ਼ਰੇਆਮ ਔਰਤਾਂ ਨਾਲ ਹੁੰਦੀ ਇਸ ਬਦਸਲੂਕੀ ਦਾ ਵਿਰੋਧ ਕਰਦਾ ਵੀ ਹੈ ਤਾਂ ਉਕਤ ਕਰਿੰਦੇ ਇਕੱਠੇ ਹੋ ਕੇ ਉਸ ਉੱਪਰ ਟੁੱਟ ਪੈਂਦੇ ਹਨ, ਅਜਿਹੇ 'ਚ ਬਾਜ਼ਾਰ 'ਚ ਖਰੀਦਦਾਰੀ ਕਰਨ ਆਇਆ ਇਕੱਲੇ-ਦੁਕੱਲਾ ਬੰਦਾ ਵੀ ਇਨ੍ਹਾਂ ਕਾਰਿੰਦੀਆਂ ਦੀ ਗੁੰਡਾਗਰਦੀ ਅੱਗੇ ਬੇਬੱਸ ਹੋ ਜਾਂਦਾ ਹੈ | ਸੜਕਾਂ 'ਤੇ ਔਰਤਾਂ ਨੂੰ ਘੇਰਨ ਲਈ ਜਿੱਥੇ ਕੁੱਝ ਕੁ ਦੁਕਾਨਦਾਰਾਂ ਨੇ ਆਪਣੇ ਕਰਿੰਦੇ ਰੱਖੇ ਹੋਏ ਹਨ, ਉੱਥੇ ਕੁੱਝ ਦੁਕਾਨਦਾਰ ਖੁਦ ਵੀ ਔਰਤਾਂ 'ਤੇ ਭੱਦੇ ਮਜ਼ਾਕ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ | ਇਕ ਸੱਭਿਅਕ ਸਮਾਜ ਅੰਦਰ ਔਰਤਾਂ ਨੂੰ ਹੀ ਨਹੀਂ ਸਗੋਂ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਸੜਕਾਂ 'ਤੇ ਘੇਰ ਕੇ ਉਸ ਨੂੰ ਸੰਬੰਧਿਤ ਦੁਕਾਨ ਤੋਂ ਸਾਮਾਨ ਖਰੀਦਣ ਲਈ ਮਜ਼ਬੂਰ ਕਰਨਾ ਤੇ ਔਰਤਾਂ ਨਾਲ ਮਾੜਾ ਵਿਹਾਰ ਕਰਨਾ ਕਿਸੇ ਵੀ ਤਰ੍ਹਾਂ ਉਚਿੱਤ ਨਹੀਂ ਠਹਿਰਾਇਆ ਜਾ ਸਕਦਾ | ਹਰ ਦੁਕਾਨਦਾਰ ਵਲੋਂ ਆਪਣੀ ਦੁਕਾਨ ਦੇ ਉੱਪਰ ਵੱਡੇ-ਵੱਡੇ ਬੋਰਡ ਲਗਾਏ ਗਏ ਹਨ ਤੇ ਆਪੋ ਆਪਣਾ ਸਾਜ਼ੋ-ਸਾਮਾਨ ਵੀ ਪ੍ਰਦਰਸ਼ਿਤ ਕੀਤਾ ਹੋਇਆ ਹੈ ਤੇ ਉਹ ਵੀ ਸੜਕਾਂ ਦੇ ਬਾਹਰ ਤੱਕ ਤੇ ਇਸ ਦੇ ਬਾਵਜੂਦ ਆਖਰ ਦੁਕਾਨਦਾਰਾਂ ਵਲੋਂ ਗਾਹਕਾਂ ਨੂੰ ਆਵਾਜ਼ਾਂ ਮਾਰ ਕੇ ਬੁਲਾਉਣ ਲਈ ਇਹ ਕਰਿੰਦੇ ਕਿਉਂ ਰੱਖੇ ਹੋਏ ਹਨ? ਜਦਕਿ ਇਹ ਕਰਿੰਦੇ ਗਾਹਕਾਂ ਨੂੰ ਸੰਬੰਧਿਤ ਦੁਕਾਨ ਤੋਂ ਸਾਮਾਨ ਖਰੀਦਣ ਲਈ ਪ੍ਰੇਰਿਤ ਕਰਨ ਲਈ ਉਲਟਾ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ ਤੇ ਬਹੁਤ ਲੋਕ ਇਨ੍ਹਾਂ ਕਾਰਿੰਦਿਆਂ ਦੀਆਂ ਹਰਕਤਾਂ ਕਾਰਨ ਸੰਬੰਧਿਤ ਦੁਕਾਨ ਤੋਂ ਚਾਹੁੰਦੇ ਹੋਏ ਵੀ ਸਾਮਾਨ ਦੀ ਖਰੀਦੋ-ਫਰੋਖਤ ਨਹੀਂ ਕਰਦੇ | ਇਹੀ ਵਜ੍ਹਾ ਹੈ ਕਿ ਜਿੱਥੇ ਬਾਜ਼ਾਰਾਂ 'ਚ ਸਾਫ਼-ਸੁਥਰਾ ਕੰਮ ਕਰਨ ਵਾਲੇ ਦੁਕਾਨਦਾਰਾਂ ਦਾ ਵਪਾਰ ਘੱਟ ਰਿਹਾ ਹੈ, ਉੱਥੇ ਵੱਡੇ-ਵੱਡੇ ਸ਼ਾਪਿੰਗ ਮਾਲਜ਼ 'ਚ ਲੋਕਾਂ ਦੀ ਭੀੜ ਲਗਾਤਾਰ ਵਧਦੀ ਜਾ ਰਹੀ ਹੈ | ਕਹਿਣ ਨੂੰ ਤਾਂ ਅੱਜ ਅਸੀਂ ਸੱਭਿਅਕ ਸਮਾਜ ਤੇ ਇੰਟਰਨੈੱਟ ਦੇ ਯੁੱਗ ਵਿਚ ਜੀਅ ਰਹੇ ਹਾਂ ਪਰ ਜਿੱਥੇ ਅੱਜ ਵੀ ਲੋਕਾਂ ਨੂੰ ਆਪਣਾ ਸਮਾਨ ਵੇਚਣ ਲਈ ਅਜਿਹੇ ਕਾਰਿੰਦਿਆਂ ਦੀ ਮਦਦ ਲੈਣੀ ਪੈ ਰਹੀ ਹੋਵੇ, ਜਿਨ੍ਹਾਂ ਨੂੰ ਨਾ ਤਾਂ ਨੈਤਿਕ ਕਦਰਾਂ ਕੀਮਤਾਂ ਦਾ ਹੀ ਗਿਆਨ ਹੈ ਤੇ ਨਾ ਹੀ ਔਰਤ ਦੇ ਮਾਣ-ਸਨਮਾਨ ਦੀ ਪ੍ਰਵਾਹ ਤਾਂ ਅਜਿਹੇ ਸਮਾਜ ਦਾ ਤਾਂ ਫਿਰ ਰੱਬ ਹੀ ਰਾਖਾ ਹੋ ਸਕਦਾ ਹੈ | ਸ਼ਹਿਰ ਦੇ ਸੁਹਿਰਦ ਲੋਕਾਂ ਨੇ ਪੁਲਿਸ ਕਮਿਸ਼ਨਰ ਮੈਡਮ ਧਨਪ੍ਰੀਤ ਕੌਰ ਕੋਲੋਂ ਮੰਗ ਕੀਤੀ ਹੈ ਕਿ ਚਿੱਟੇ ਦਿਨ ਬਾਜ਼ਾਰਾਂ 'ਚ ਔਰਤਾਂ ਨਾਲ ਹੁੰਦੀ ਇਸ ਬਦਸਲੂਕੀ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ ਤੇ ਚਿੱਟ ਕਪੜੀਏ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਮਾਮਲੇ ਦੀ ਜਾਂਚ ਕੀਤੀ ਜਾਵੇ ਤਾਂ ਜੋ ਔਰਤਾਂ ਬੇਖੌਫ ਹੋ ਕੇ ਬਾਜ਼ਾਰਾਂ 'ਚ ਆਪਣੀ ਖਰੀਦਦਾਰੀ ਕਰ ਸਕਣ |
ਪਿਛਲੀ ਖ਼ਬਰ ਪੰਜਾਬ 'ਚ ਹਰੇਕ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਅਗਲੀ ਖ਼ਬਰ 26 ਜਨਵਰੀ ਦੇ ਮੱਦੇਨਜ਼ਰ ਮਹਿਤਪੁਰ 'ਚ ਕੱਢਿਆ ਗਿਆ ਫਲੈਗ ਮਾਰਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।