12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਡੱਬਵਾਲੀ ’ਚ ਤੇਜ਼ ਮੀਂਹ ਨੇ ਖੋਲ੍ਹੀ ਖ਼ਰੀਦ ਪ੍ਰਬੰਧਾਂ ਦੀ ਪੋਲ, ਅਨਾਜ ਮੰਡੀ ਵਿਖੇ ਪਾਣੀ ’ਚ ਰੁੜ੍ਹਿਆ ਝੋਨਾ

ਡੱਬਵਾਲੀ, 11 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਅੱਜ ਸਵੇਰੇ ਮੋਹਲੇਧਾਰ ਮੀਂਹ ਨੇ ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਡੱਬਵਾਲੀ ਦਾਣਾ ਮੰਡੀ ਵਿੱਚ ਚਹੁੰ ਪਾਸੇ ਪਾਣੀ ਭਰ ਗਿਆ ਤੇ ਫੜ੍ਹਾਂ ‘ਤੇ ਪਿਆ ਝੋਨਾ ਪਾਣੀ ‘ਚ ਰੁੜ੍ਹਦਾ ਦਿਖਾਈ ਦਿੱਤਾ।

ਅਜੀਤ ਡੈਸਕ 12-10-2026
ਡੱਬਵਾਲੀ, 11 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਅੱਜ ਸਵੇਰੇ ਮੋਹਲੇਧਾਰ ਮੀਂਹ ਨੇ ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਡੱਬਵਾਲੀ ਦਾਣਾ ਮੰਡੀ ਵਿੱਚ ਚਹੁੰ ਪਾਸੇ ਪਾਣੀ ਭਰ ਗਿਆ ਤੇ ਫੜ੍ਹਾਂ ‘ਤੇ ਪਿਆ ਝੋਨਾ ਪਾਣੀ ‘ਚ ਰੁੜ੍ਹਦਾ ਦਿਖਾਈ ਦਿੱਤਾ। ਸਬ ਡਿਵੀਜ਼ਨ ਦੇ 9 ਪੇਂਡੂ ਖ਼ਰੀਦ ਕੇਂਦਰਾਂ ‘ਤੇ ਸ਼ੈੱਡ ਨਾ ਹੋਣ ਕਾਰਨ ਖੁੱਲ੍ਹੇ ‘ਚ ਪਿਆ ਝੋਨਾ ਵੀ ਭਿੱਜ ਗਿਆ। ਇਸ ਨਾਲ ਝੋਨੇ ‘ਚ ਨਮੀ ਵਧਣ ਤੇ ਦਾਣਿਆਂ ਦੀ ਗੁਣਵੱਤਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਡੱਬਵਾਲੀ ਦਾਣਾ ਮੰਡੀ ਵਿਖੇ ਪੁਰਾਣੇ ਸ਼ੈੱਡਾਂ ਦੇ ਮੁਕਾਬਲੇ ਨਵੇਂ ਸ਼ੈੱਡ ਕਰੀਬ 30 ਤੋਂ 35 ਫ਼ੀਸਦੀ ਛੋਟੇ ਹੋਣ ਕਾਰਨ ਸੁਰੱਖਿਅਤ ਜਗ੍ਹਾ ਦੀ ਘਾਟ ਹੈ। ਇਸ ਕਰਕੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਝੋਨਾ ਖੁੱਲ੍ਹੇ ਅਸਮਾਨ ਹੇਠ ਰੱਖਣਾ ਪੈ ਰਿਹਾ ਹੈ। ਹੈਬੂਆਣਾ ਖ਼ਰੀਦ ਕੇਂਦਰ ‘ਤੇ ਤਰਪਾਲਾਂ ਨਾਲ ਨਾ ਢਕੇ ਝੋਨੇ ਦੇ ਢੇਰ ਮੀਂਹ ‘ਚ ਭਿੱਜਣ ਦੀ ਸੂਚਨਾ ਹੈ। ਇੱਥੋਂ ਦੀ ਵੀਡੀਓ ਵਾਇਰਲ ਹੋਣ ਨਾਲ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਈ ਰਹੀ। ਵਪਾਰੀ ਆਗੂ ਤੇ ਆੜ੍ਹਤੀ ਐਸੋਸੀਏਸ਼ਨ ਦੇ ਸੂਬਾਈ ਬੁਲਾਰੇ ਗੁਰਦੀਪ ਕਾਮਰਾ ਨੇ ਕਿਹਾ ਕਿ ਨਵੇਂ ਸ਼ੈੱਡ ਛੋਟੇ ਬਣਾਉਣ ਤੇ ਵਿਚਕਾਰ ਰਸਤਾ ਕੱਢਣ ਕਾਰਨ ਮੰਡੀ ‘ਚ ਥਾਂ ਘਟ ਗਈ ਹੈ। ਜੇਕਰ ਪ੍ਰਸ਼ਾਸਨ ਰਾਈਸ ਮਿੱਲਾਂ ‘ਚ ਝੋਨੇ ਦੀ ਖ਼ਰੀਦ ਦੀ ਇਜਾਜ਼ਤ ਦੇ ਦਿੰਦਾ ਤਾਂ ਪੱਕੇ ਫ਼ਰਸ਼ ਤੇ ਤਰਪਾਲਾਂ ਦੀ ਸਹੂਲਤ ਨਾਲ ਫ਼ਸਲ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਸੀ। ਹਰਿਆਣਾ ਕਿਸਾਨ ਏਕਤਾ ਦੇ ਆਗੂ ਖੁਸ਼ਦੀਪ ਸਿੱਧੂ ਨੇ ਹੈਬੂਆਣਾ ਖ਼ਰੀਦ ਕੇਂਦਰ ਦੀ ਵੀਡੀਓ ਜਾਰੀ ਕਰਦਿਆਂ ਪ੍ਰਬੰਧਾਂ ‘ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਕੇਂਦਰ ‘ਚ ਪਾਣੀ ਭਰਨ ਕਾਰਨ ਝੋਨੇ ਦੇ ਢੇਰ ਖੁੱਲ੍ਹੇ ‘ਚ ਭਿੱਜ ਰਹੇ ਹਨ। ਨਮੀ ਵਧਣ ‘ਤੇ ਖ਼ਰੀਦ ਏਜੰਸੀਆਂ ਤੇ ਸ਼ੈਲਰ ਮਾਲਕਾਂ ਵੱਲੋਂ ਕਿਸਾਨਾਂ ‘ ਤੇ ਨਾਜਾਇਜ਼ ਕਟੌਤੀ ਦਾ ਦਬਾਅ ਪਾਏ ਜਾਣ ਦਾ ਖ਼ਦਸ਼ਾ ਹੈ। ਉਨ੍ਹਾਂ ਬਿਜਲੀ ਦੇ ਟਾਵਰ ‘ਤੇ ਲਟਕਦੀਆਂ ਨੰਗੀਆਂ ਤਾਰਾਂ ਤੋਂ ਹਾਦਸੇ ਦਾ ਖ਼ਤਰਾ ਦੱਸਦਿਆਂ ਪ੍ਰਬੰਧਾਂ ‘ਚ ਸੁਧਾਰ ਨਾ ਹੋਣ ‘ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਡੱਬਵਾਲੀ ਦੇ ਬਲਾਕ ਖੇਤੀਬਾੜੀ ਅਧਿਕਾਰੀ ਅਮਿਤ ਸ਼ਰਮਾ ਨੇ ਦੱਸਿਆ ਕਿ ਬਲਾਕ ‘ਚ ਕਰੀਬ 65 ਹਜ਼ਾਰ ਏਕੜ ਰਕਬੇ ‘ਚ ਝੋਨੇ ਦੀ ਕਾਸ਼ਤ ਹੋਈ ਹੈ। ਮੀਂਹ ਕਾਰਨ ਖੇਤਾਂ ‘ਚ ਖੜ੍ਹੀ ਫ਼ਸਲ ਦੇ ਦਾਣਿਆਂ ‘ਤੇ ਫੰਗਸ ਲੱਗਣ ਅਤੇ ਕਾਲਾਪਣ ਪੈਣ ਦਾ ਖ਼ਦਸ਼ਾ ਹੈ। ਨੁਕਸਾਨ ਸਬੰਧੀ ਖੇਤਰੀ ਰਿਪੋਰਟ ਮੰਗਵਾਈ ਜਾ ਰਹੀ ਹੈ। ਸਬ ਡਿਵੀਜ਼ਨ ਵਿੱਚ ਕਰੀਬ 1.35 ਲੱਖ ਏਕੜ ਰਕਬੇ ‘ਚ ਨਰਮੇ ਦੀ ਬਿਜਾਈ ਹੋਈ ਸੀ। ਦੋ ਚੁਗਾਈਆਂ ਤੋਂ ਬਾਅਦ ਤੀਜੀ ਚੁਗਾਈ ‘ਤੇ ਮੀਂਹ ਦੇ ਅਸਰ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਮਾਰਕੀਟ ਕਮੇਟੀ ਦੇ ਸਕੱਤਰ ਰਿਸ਼ੀਰਾਜ ਯਾਦਵ ਨੇ ਦੱਸਿਆ ਕਿ ਉਪਮੰਡਲ ਦੇ 10 ਖ਼ਰੀਦ ਕੇਂਦਰਾਂ ‘ਚੋਂ ਸਿਰਫ਼ ਡੱਬਵਾਲੀ ਦੀ ਮੁੱਖ ਮੰਡੀ ‘ਚ ਸ਼ੈੱਡ ਹੈ ਜਦਕਿ ਬਾਕੀ ਨੌਂ ਕੇਂਦਰਾਂ ‘ਤੇ ਖੁੱਲ੍ਹੇ ਅਸਮਾਨ ਹੇਠ ਖ਼ਰੀਦ ਹੁੰਦੀ ਹੈ। ਸਾਰੇ ਕੇਂਦਰਾਂ ‘ਚ ਪੱਕੇ ਫੜ੍ਹਾਂ ‘ਤੇ ਹੀ ਫ਼ਸਲ ਰਖਵਾਈ ਜਾ ਰਹੀ ਹੈ। ਮੀਂਹ ਦੌਰਾਨ ਆੜ੍ਹਤੀਆਂ ਨੂੰ ਤਰਪਾਲਾਂ ਨਾਲ ਝੋਨਾ ਢਕਣ ਦੇ ਨਿਰਦੇਸ਼ ਦਿੱਤੇ ਗਏ ਸਨ। ਹਰੇਕ ਆੜ੍ਹਤੀ ਕੋਲ ਕਰੀਬ 15 ਤਰਪਾਲਾਂ ਹਨ। ਉਨ੍ਹਾਂ ਮੁਤਾਬਕ ਹੈਬੂਆਣਾ ‘ਚ ਝੋਨਾ ਭਿੱਜਣ ਦੀ ਸੂਚਨਾ ਮਿਲਦਿਆਂ ਹੀ ਉਸ ਨੂੰ ਢਕਵਾ ਦਿੱਤਾ ਗਿਆ।
ਪਿਛਲੀ ਖ਼ਬਰ ਗਰਿੱਲ ਚੋਰੀ ਕਰਨ ਦੇ ਦੋਸ਼ ਹੇਠ ਮੁਲਜ਼ਮ ਕਾਬੂ ਅਗਲੀ ਖ਼ਬਰ ਇਨੈਲੋ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੰਬੰਧੀ ਮੰਗ ਪੱਤਰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।