05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਵਿਦਿਆਰਥੀ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਯਮੁਨਾਨਗਰ, 4 ਸਤੰਬਰ (ਗੁਰਦਿਆਲ ਸਿੰਘ ਨਿਮਰ)-ਜਗਾਧਰੀ ਸਿਟੀ ਪੁਲਿਸ ਨੇ ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰ. ਮੁਹੰਮਦ ਜਾਵੇਦ ‘ਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਅਤੇ ਸੋਨ ਤਗਮਾ ਜੇਤੂ ਪਹਿਲਵਾਨ ਕ੍ਰਿਸ਼ਨਾ ਸ਼ਰਮਾ ਨੂੰ ਕਥਿਤ ਤੌਰ ‘ਤੇ ਕੁੱਟਣ ਅਤੇ ਉਸ ਦੇ ਕੰਨ ਦਾ ਪਰਦਾ ਪਾੜਨ ਦਾ ਮਾਮਲਾ ਦਰਜ ਕੀਤਾ ਹੈ।

ਅਜੀਤ ਡੈਸਕ 05-09-2026
ਯਮੁਨਾਨਗਰ, 4 ਸਤੰਬਰ (ਗੁਰਦਿਆਲ ਸਿੰਘ ਨਿਮਰ)-ਜਗਾਧਰੀ ਸਿਟੀ ਪੁਲਿਸ ਨੇ ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰ. ਮੁਹੰਮਦ ਜਾਵੇਦ ‘ਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਅਤੇ ਸੋਨ ਤਗਮਾ ਜੇਤੂ ਪਹਿਲਵਾਨ ਕ੍ਰਿਸ਼ਨਾ ਸ਼ਰਮਾ ਨੂੰ ਕਥਿਤ ਤੌਰ ‘ਤੇ ਕੁੱਟਣ ਅਤੇ ਉਸ ਦੇ ਕੰਨ ਦਾ ਪਰਦਾ ਪਾੜਨ ਦਾ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਪੀੜ੍ਹਤ ਪਰਿਵਾਰ ਨੂੰ ਕਾਨੂੰਨੀ ਸਹਾਇਤਾ, ਅਧਿਕਾਰਤ ਮੈਡੀਕਲ ਟੈਸਟ ਰਿਪੋਰਟਾਂ ਪ੍ਰਾਪਤ ਹੋਣ ਅਤੇ ਜ਼ਿਲ੍ਹਾ ਅਟਾਰਨੀ (ਡੀ. ਏ), ਯਮੁਨਾਨਗਰ ਦੁਆਰਾ ਰਸਮੀ ਕਾਨੂੰਨੀ ਜਾਂਚ ਤੋਂ ਬਾਅਦ ਕੀਤੀ ਗਈ। ਪੁਲਿਸ ਨੇ ਭਾਰਤੀ ਨਿਆ ਸੰਹਿਤਾ (ਬੀ. ਐਨ. ਐਸ.) ਦੀ ਧਾਰਾ 115 ਅਤੇ 351 (2) ਦੇ ਨਾਲ-ਨਾਲ ਕਿਸ਼ੋਰ ਨਿਆਂ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ ਦੀ ਧਾਰਾ 75 ਦੇ ਤਹਿਤ ਐਫ. ਆਈ. ਆਰ. ਨੰਬਰ 304 ਦਰਜ ਕੀਤੀ। ਮਾਮਲੇ ਦੀ ਜਾਣਕਾਰੀ ਸਾਂਝੀ ਕਰਦੇ ਹੋਏ, ਪੀੜ੍ਹਤ ਪਰਿਵਾਰ ਦੇ ਐਡਵੋਕੇਟ ਭੁਪਿੰਦਰ ਕੁਮਾਰ ਨੇ ਦੱਸਿਆ ਕਿ 17 ਸਾਲਾ ਕ੍ਰਿਸ਼ਨ, ਜੋ ਕਿ ਸ਼ਸ਼ੀਧਰ ਅਤੇ ਨੇਹਾ ਸ਼ਰਮਾ ਦਾ ਪੁੱਤਰ ਹੈ ਜੋ ਕਿ ਬ੍ਰਾਹਮਣ ਚੌਕ ਜਗਾਧਰੀ ਦੇ ਵਸਨੀਕ ਹਨ, ਇਕ ਹੋਣਹਾਰ ਪਹਿਲਵਾਨ ਹੈ ਜਿਸ ਨੇ ਖੇਡ ਮਹਾਂਕੁੰਭ ਵਿਚ ਸੋਨ ਤਗਮਾ ਜਿੱਤਿਆ ਸੀ। 30 ਜੁਲਾਈ ਨੂੰ ਉਹ ਤੇਜਲੀ ਸਟੇਡੀਅਮ ਵਿਚ ਆਪਣੀ ਸਵੇਰ ਦੀ ਕੁਸ਼ਤੀ ਦੀ ਪ੍ਰੈਕਟਿਸ ਖ਼ਤਮ ਕਰਨ ਤੋਂ ਬਾਅਦ ਲਗਭਗ 10 ਮਿੰਟ ਦੇਰੀ ਨਾਲ ਸਕੂਲ ਪਹੁੰਚਿਆ। ਦੋਸ਼ ਹੈ ਕਿ ਪ੍ਰਿੰ. ਮੁਹੰਮਦ ਜਾਵੇਦ ਨੇ ਉਸ ਨੂੰ ਮੁੱਖ ਗੇਟ ‘ਤੇ ਰੋਕਿਆ ਅਤੇ ਸਜ਼ਾ ਵਜੋਂ ਕੈਂਪਸ ਦੇ ਮੈਦਾਨ ਵਿਚ ਸਫ਼ਾਈ ਕਰਨ ਅਤੇ ਕੂੜਾ ਚੁੱਕਣ ਦਾ ਹੁਕਮ ਦਿੱਤਾ। ਜਦੋਂ ਵਿਦਿਆਰਥੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਪ੍ਰਿੰ. ਮੁਹੰਮਦ ਜਾਵੇਦ ਨੇ ਗੁੱਸੇ ਵਿਚ ਉਸ ਦੇ ਦੋਵੇਂ ਕੰਨਾਂ ‘ਤੇ 15-20 ਥੱਪੜ ਮਾਰੇ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਹਮਲੇ ਦੇ ਨਤੀਜੇ ਵਜੋਂ ਕੰਨ ਦਾ ਪਰਦਾ ਫੱਟ ਗਿਆ ਤੇ ਸੁਣਨ ਸ਼ਕਤੀ ਵਿਚ ਤੇਜ਼ੀ ਨਾਲ ਕਮੀ ਆਈ। ਸਿਵਲ ਹਸਪਤਾਲ ਤੋਂ ਮੈਡੀਕਲ-ਲੀਗਲ ਰਿਪੋਰਟ ਅਤੇ ਬਾਅਦ ਵਿਚ ਐਲ. ਐਨ. ਜੇ. ਪੀ. ਹਸਪਤਾਲ, ਕੁਰੂਕਸ਼ੇਤਰ ਵਿਖੇ ਪੀ. ਟੀ. ਏ. ਟੈਸਟਾਂ ਨੇ ਕੰਨਾਂ ਵਿਚ ਗੰਭੀਰ ਸੱਟਾਂ ਦੀ ਪੁਸ਼ਟੀ ਕੀਤੀ। ਇਸ ਸੱਟ ਕਾਰਨ ਕਿਸ਼ੋਰ ਨੂੰ 4 ਅਗਸਤ ਨੂੰ ਹੋਣ ਵਾਲੇ ਇਕ ਮਹੱਤਵਪੂਰਨ ਟੂਰਨਾਮੈਂਟ ਤੋਂ ਬਾਹਰ ਰਹਿਣਾ ਪਿਆ, ਜਿਸ ਨਾਲ ਉਸ ਦੇ ਕੁਸ਼ਤੀ ਕਰੀਅਰ ਨੂੰ ਗੰਭੀਰ ਖ਼ਤਰੇ ਵਿਚ ਪਾ ਦਿੱਤਾ ਗਿਆ। ਐਡਵੋਕੇਟ ਭੁਪਿੰਦਰ ਕੁਮਾਰ ਨੇ ਅੱਗੇ ਕਿਹਾ ਕਿ ਜਦੋਂ ਘਟਨਾ ਤੋਂ ਬਾਅਦ ਵਿਦਿਆਰਥੀ ਦੇ ਮਾਪੇ ਸਕੂਲ ਪਹੁੰਚੇ ਤਾਂ ਪ੍ਰਿੰਸੀਪਲ ਨੇ ਡਾਕਟਰੀ ਸਹਾਇਤਾ ਦਾ ਪ੍ਰਬੰਧ ਕਰਨ ਦੀ ਬਜਾਏ, ਉਨ੍ਹਾਂ ਨੂੰ ਡਰਾਇਆ-ਧਮਕਾਇਆ ਤੇ ਬੇਲੋੜਾ ਦਬਾਅ ਪਾਉਣ ਲਈ ਪੁਲਿਸ ਕੋਲ ਕਰਾਸ ਸ਼ਿਕਾਇਤ ਦਰਜ ਕਰਵਾਈ। ਸਕੂਲ ਸਿੱਖਿਆ ਵਿਭਾਗ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀ. ਈ. ਓ.) ਪ੍ਰੇਮ ਲਤਾ ਨੂੰ ਰਸਮੀ ਤੌਰ ‘ਤੇ ਬੇਨਤੀਆਂ ਕਰਨ ਦੇ ਬਾਵਜੂਦ ਕੋਈ ਵਿਭਾਗੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਪੀੜ੍ਹਤ ਪਰਿਵਾਰ ਨੂੰ ਕਾਨੂੰਨੀ ਦਖਲਅੰਦਾਜ਼ੀ ਦੀ ਮੰਗ ਕਰਨੀ ਪਈ। ਸੀਨੀਅਰ ਅਧਿਕਾਰੀਆਂ ਨੂੰ ਵਿਆਪਕ ਮੈਡੀਕਲ ਰਿਕਾਰਡ, ਪ੍ਰਤੀਨਿਧਤਾਵਾਂ ਤੇ ਸੰਬੰਧਿਤ ਸਬੂਤ ਪੇਸ਼ ਕਰਨ ਤੋਂ ਬਾਅਦ ਪੁਲਿਸ ਨੇ ਜ਼ਿਲ੍ਹਾ ਅਟਾਰਨੀ ਦੀ ਕਾਨੂੰਨੀ ਰਾਏ ਪ੍ਰਾਪਤ ਕਰਨ ਤੋਂ ਬਾਅਦ ਐਫ. ਆਈ. ਆਰ. ਦਰਜ ਕੀਤੀ। ਬੱਚਿਆਂ ਵਿਰੁੱਧ ਸਰੀਰਕ ਸਜ਼ਾ ਤੇ ਸਰੀਰਕ ਬੇਰਹਿਮੀ ਗੰਭੀਰ ਕਾਨੂੰਨੀ ਅਪਰਾਧ ਹੋਣ ‘ਤੇ ਜ਼ੋਰ ਦਿੰਦੇ ਹੋਏ, ਐਡਵੋਕੇਟ ਭੁਪਿੰਦਰ ਕੁਮਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀ ਪ੍ਰਿੰਸੀਪਲ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਤੇ ਸਿੱਖਿਆ ਵਿਭਾਗ ਵਲੋਂ ਸਖ਼ਤ ਵਿਭਾਗੀ ਕਾਰਵਾਈ ਦੀ ਮੰਗ ਕੀਤੀ।
ਪਿਛਲੀ ਖ਼ਬਰ ਰੋਡਵੇਜ਼ ਵਿਭਾਗ ਦਾ ਨਿੱਜੀਕਰਨ ਕਰਨਾ ਚਾਹੁੰਦੀ ਹੈ ਸਰਕਾਰ-ਚਾਹਰ ਅਗਲੀ ਖ਼ਬਰ ਅੱਕਾਂਵਾਲੀ ਵਿਖੇ ਲੰਬੇ ਕੇਸ ਮੁਕਾਬਲੇ ਤੇ ਕੇਸ ਸੰਭਾਲ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।