11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਤੇਜ਼ ਰਫ਼ਤਾਰ ਟਰੱਕ ਨੇ ਮਾਈ ਹੀਰਾਂ ਗੇਟ ਨੇੜੇ ਬਿਜਲੀ ਦਾ ਖੰਭਾ ਤੋੜਿਆ , ਸਾਰਾ ਦਿਨ ਬਿਜਲੀ ਰਹੀ ਬੰਦ ਬਿਜਲੀ ਦੀਆਂ ਲਾਈਨਾਂ ਨੂੰ ਵੀ ਪੁੱਜਾ ਨੁਕਸਾਨ, ਰੇਤ-ਬਜਰੀ ਨਾਲ ਭਰੇ ਤੇਜ਼ ਰਫ਼ਤਾਰ ਵਾਹਨਾਂ ਦੀ ਆਵਾਜਾਈ ਤੋਂ ਲੋਕ ਪ੍ਰੇਸ਼ਾਨ

ਜਲੰਧਰ, 10 ਅਗਸਤ (ਸ਼ਿਵ)-ਮਾਈ ਹੀਰਾ ਗੇਟ ਇਲਾਕੇ ਵਿਚ ਅੱਜ ਸਵੇਰੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਪੀ. ਐਨ.

ਮਾਈ ਹੀਰਾਂ ਗੇਟ ਬਿਜਲੀ ਲਾਈਨਾਂ ਨੂੰ ਪੁੱਜਾ ਨੁਕਸਾਨ ਤੇ ਬਿਜਲੀ ਲਾਈਨ ਠੀਕ ਕਰਦੇ ਹੋਏ ਬਿਜਲੀ ਕਰਮਚਾਰੀ। ਤਸਵੀਰ. ਜੀ. ਪੀ. ਸਿੰਘ 11-08-2026
ਜਲੰਧਰ, 10 ਅਗਸਤ (ਸ਼ਿਵ)-ਮਾਈ ਹੀਰਾ ਗੇਟ ਇਲਾਕੇ ਵਿਚ ਅੱਜ ਸਵੇਰੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਪੀ.ਐਨ.ਬੀ. ਬੈਂਕ ਦੇ ਕੋਲ ਬਿਜਲੀ ਦੇ ਖੰਭੇ ਨੂੰ ਟੱਕਰ ਮਾਰ ਕੇ ਤੋੜ ਦਿੱਤਾ। ਹਾਦਸੇ ਕਾਰਨ ਬਿਜਲੀ ਦਾ ਖੰਭਾ ਟੁੱਟਣ ਦੇ ਨਾਲ-ਨਾਲ ਬਿਜਲੀ ਦੀਆਂ ਲਾਈਨਾਂ ਅਤੇ ਹੋਰ ਸਾਮਾਨ ਨੂੰ ਵੀ ਨੁਕਸਾਨ ਪੁੱਜਿਆ, ਜਿਸ ਕਾਰਨ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ। ਹੁਮਸ ਭਰੀ ਗਰਮੀ ਵਿਚ ਬਿਜਲੀ ਬੰਦ ਰਹਿਣ ਕਾਰਨ ਲੋਕਾਂ ਨੂੰ ਐਤਵਾਰ ਨੂੰ ਸਾਰਾ ਦਿਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਸਵੇਰੇ ਇੱਕ ਤੇਜ਼ ਰਫ਼ਤਾਰ ਟਰੱਕ ਮਾਈ ਹੀਰਾ ਗੇਟ ਵੱਲੋਂ ਲੰਘ ਰਿਹਾ ਸੀ। ਮਾਈ ਹੀਰਾ ਗੇੜ ਦੇ ਨੇੜੇ ਬੈਂਕ ਦੇ ਅੱਗੇ ਟਰੱਕ ਦੀ ਬਿਜਲੀ ਦੇ ਖੰਭੇ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਖੰਭਾ ਟੁੱਟ ਗਿਆ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਵੀ ਨੁਕਸਾਨ ਪੁੱਜਿਆ। ਹਾਦਸੇ ਤੋਂ ਬਾਅਦ ਇਲਾਕੇ ਦੀ ਬਿਜਲੀ ਸਪਲਾਈ ਬੰਦ ਹੋ ਗਈ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਪਾਵਰਕਾਮ ਦੇ ਕਰਮਚਾਰੀ ਅੱਜ ਸਵੇਰੇ ਮੌਕੇ ’ਤੇ ਪਹੁੰਚੇ ਅਤੇ ਬਿਜਲੀ ਸਪਲਾਈ ਬਹਾਲ ਕਰਨ ਲਈ ਮੁਰੰਮਤ ਦਾ ਕੰਮ ਸ਼ੁਰੂ ਕੀਤਾ। ਕਰਮਚਾਰੀ ਖ਼ਰਾਬ ਹੋਈਆਂ ਲਾਈਨਾਂ ਅਤੇ ਬਿਜਲੀ ਦੇ ਖੰਭੇ ਨੂੰ ਠੀਕ ਕਰਨ ਵਿਚ ਲੱਗੇ ਰਹੇ। ਵਿਭਾਗ ਵੱਲੋਂ ਬਿਜਲੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਲਾਕਾ ਵਾਸੀਆਂ ਨੇ ਦੱਸਿਆ ਕਿ ਸਵੇਰ ਦੇ ਸਮੇਂ ਨਕੋਦਰ ਚੌਂਕ ਵੱਲੋਂ ਰੇਤ ਅਤੇ ਬਜਰੀ ਨਾਲ ਭਰੇ ਵੱਡੇ ਟਰੱਕ ਅਕਸਰ ਇਸ ਰੂਟ ਰਾਹੀਂ ਲੰਘਦੇ ਹਨ। ਕਈ ਵਾਹਨ ਤੇਜ਼ ਰਫ਼ਤਾਰ ਨਾਲ ਚਲਾਏ ਜਾਂਦੇ ਹਨ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਪਹਿਲਾਂ ਵੀ ਬਿਜਲੀ ਦੇ ਖੰਭਿਆਂ, ਟਰਾਂਸਫ਼ਾਰਮਰਾਂ ਅਤੇ ਲਾਈਨਾਂ ਨੂੰ ਭਾਰੀ ਵਾਹਨਾਂ ਵੱਲੋਂ ਨੁਕਸਾਨ ਪਹੁੰਚਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਲੋਕਾਂ ਮੁਤਾਬਿਕ ਪੁਲਿਸ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੁਝ ਵਾਹਨਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਗਈ ਹੈ ਅਤੇ ਕਈ ਵਾਰ ਅਜਿਹੇ ਵਾਹਨ ਕਾਬੂ ਕੀਤੇ ਗਏ ਹਨ। ਇਸ ਦੇ ਬਾਵਜੂਦ ਸਵੇਰ ਵੇਲੇ ਭਾਰੀ ਵਾਹਨਾਂ ਦੀ ਆਵਾਜਾਈ ਜਾਰੀ ਰਹਿਣ ਕਾਰਨ ਲੋਕਾਂ ਵਿਚ ਚਿੰਤਾ ਬਣੀ ਹੋਈ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਟਾਂਡਾ ਰੋਡ ’ਤੇ ਹਨੂਮਾਨ ਮੰਦਰ ਨੇੜੇ ਲੋਹੇ ਦੇ ਸਮਾਨ ਨਾਲ ਭਰੇ ਇੱਕ ਟਰੱਕ ਨੇ ਬਿਜਲੀ ਦੇ ਟਰਾਂਸਫ਼ਾਰਮਰ ਵਾਲੇ ਖੰਭੇ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਕਾਰਨ ਟਰਾਂਸਫ਼ਾਰਮਰ ਨੂੰ ਨੁਕਸਾਨ ਪੁੱਜਿਆ ਅਤੇ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਸੀ। ਵਾਰ-ਵਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਇਲਾਕਾ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਅਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸਵੇਰ ਦੇ ਸਮੇਂ ਭਾਰੀ ਅਤੇ ਤੇਜ਼ ਰਫ਼ਤਾਰ ਵਾਹਨਾਂ ਦੀ ਆਵਾਜਾਈ ’ਤੇ ਸਖ਼ਤ ਨਿਗਰਾਨੀ ਰੱਖੀ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਟਾਂਡਾ ਰੋਡ ਨਿਵਾਸੀ ਰਛਪਾਲ ਸਿੰਘ ਫਲੋਰਾ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਰਾਤ ਕਰੀਬ 9 ਵਜੇ ਤੋਂ ਬਿਜਲੀ ਬੰਦ ਸੀ, ਜੋ ਅਗਲੇ ਦਿਨ ਸ਼ਾਮ 4 ਵਜੇ ਤੱਕ ਵੀ ਬਹਾਲ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਹੁਮਸ ਭਰੀ ਗਰਮੀ ਵਿਚ ਲੰਬੇ ਸਮੇਂ ਤੱਕ ਬਿਜਲੀ ਬੰਦ ਰਹਿਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਗਰਮੀ ਕਾਰਨ ਪ੍ਰੇਸ਼ਾਨੀ ਹੋਈ। ਮਾਈ ਹੀਰਾ ਗੇਟ ਪਾਵਰਕਾਮ ਸਬ-ਡਿਵੀਜ਼ਨ ਦੇ ਐਸ.ਡੀ.ਓ. ਕਰਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਜਿਸ ਵਾਹਨ ਵੱਲੋਂ ਬਿਜਲੀ ਦੇ ਖੰਭੇ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਉਸ ਦੀ ਪਛਾਣ ਕਰ ਲਈ ਗਈ ਹੈ ਅਤੇ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ। ਕਾਰਵਾਈ ਲਈ ਸੋਮਵਾਰ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਿਜਲੀ ਦੀ ਲਾਈਨ ਅਤੇ ਖੰਭੇ ਨੂੰ ਠੀਕ ਕਰਨ ਲਈ ਪਾਵਰਕਾਮ ਦੇ ਕਰਮਚਾਰੀ ਲਗਾਤਾਰ ਕੰਮ ਕਰ ਰਹੇ ਹਨ। ਮੁਰੰਮਤ ਦਾ ਕੰਮ ਮੁਕੰਮਲ ਹੋਣ ਉਪਰੰਤ ਬਿਜਲੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਕਾਜ਼ੀ ਮੰਡੀ ਦੇ 120 ਫੁੱਟੀ ਰੋਡ ਦੇ ਕਬਜ਼ੇ ਚੁਕਾਉਣ ਲਈ ਇੰਪਰੂਵਮੈਂਟ ਟਰੱਸਟ ਵਲੋਂ ਕਾਬਜ਼ਕਾਰਾਂ ਨੂੰ ਪਲਾਟ ਦੇਣ ਦੀ ਤਿਆਰੀ... ਅਗਲੀ ਖ਼ਬਰ 20-21 ਸਤੰਬਰ ਨੂੰ ਹੋਣ ਵਾਲੀ ਕਿਸਾਨਾਂ ਦੀ ਕੌਮੀ ਕਾਨਫਰੰਸ ਤੇ ਰੈਲੀ ਸੰਬੰਧੀ ਹੋਈ ਤਿਆਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।