ਸਿਰਸਾ, 30 ਜੁਲਾਈ (ਭੁਪਿੰਦਰ ਪੰਨੀਵਾਲੀਆ)- ਦੱਖਣ ਹਰਿਆਣਾ ਬਿਜਲੀ ਨਿਗਮ ਵੱਲੋਂ ਕਿਸਾਨਾਂ ਦੇ ਖੇਤਾਂ ’ਚ ਲਾਏ ਜਾ ਰਹੇ 132 ਕੇਵੀ ਲਾਈਨ ਦੇ ਲਾਏ ਜਾ ਰਹੇ ਟਾਵਰਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਅੱਜ ਮਿੰਨੀ ਸਕੱਤਰੇਤ ਦੇ ਬਾਹਰ ਸਰਕਾਰ ਦਾ ਪੁਤਲਾ ਫੂਕਿਆ ਤੇ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਵੈਦਵਾਲਾ ਨੇ ਕੀਤੀ। ਕਿਸਾਨ ਜ਼ਮੀਨ ਦੇ ਬਾਜ਼ਾਰੀ ਭਾਅ ਮੁਤਾਬਕ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਮਿੰਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਸਿੰਘ ਵੈਦਵਾਲਾ ਨੇ ਕਿਹਾ ਕਿ ਬਿਜਲੀ ਨਿਗਮ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਖੇਤਾਂ ’ਚ 132 ਕੇਵੀ ਦੇ ਟਾਵਰ ਖੜ੍ਹੇ ਕੀਤੇ ਜਾ ਰਹੇ ਹਨ ਪਰ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਕਿਸਾਨਾਂ ’ਚ ਭਾਰੀ ਰੋਹ ਪੈਦਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਨਾਲ ਲਗਦੀ ਜ਼ਮੀਨ ਦਾ ਬਾਜ਼ਾਰੀ ਭਾਅ ਕਰੋੜਾਂ ਰੁਪਏ ਦਾ ਹੈ। ਜਿਸ ਖੇਤ ਵਿੱਚ ਟਾਵਰ ਲੱਗ ਜਾਣਗੇ ਉਸ ਦੀ ਕੀਮਤ ਕਾਫੀ ਘੱਟ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਸਾਨਿਕ ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਕਿਸਾਨਾਂ ਦੀ ਜ਼ਮੀਨ ਦੇ ਮੁਆਵਜ਼ੇ ਲਈ ਮੁੜ ਤੋਂ ਵਿਚਾਰ ਕੀਤਾ ਜਾਵੇਗਾ ਪਰ ਬਿਜਲੀ ਨਿਗਮ ਨੇ ਪੁਲੀਸ ਦੇ ਜੋਰ ਨਾਲ ਬਿਜਲੀ ਦੇ ਟਾਵਰ ਕਿਸਾਨਾਂ ਦੇ ਖੇਤਾਂ ਵਿੱਚ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜ਼ਮੀਨ ਦੇ ਬਾਜ਼ਾਰੀ ਕੀਮਤ ਅਨੁਸਾਰ ਕਿਸਾਨਾਂ ਨੂੰ ਮੁਅਵਜ਼ਾ ਨਾ ਦਿੱਤਾ ਗਿਆ ਤਾਂ ਉਹ ਕਿਸੇ ਵੀ ਕੀਮਤ ’ਤੇੇ ਆਪਣੇ ਖੇਤਾਂ ਵਿੱਚ ਬਿਜਲੀ ਦੇ ਟਾਵਰ ਨਹੀਂ ਲੱਗਣ ਦੇਣਗੇ। ਬਿਜਲੀ ਨਿਗਮ ਤੇ ਸਰਕਾਰ ਖ਼ਿਲਾਫ਼ ਤਿੱਖਾ ਅੰਦੋਲਨ ਕੀਤਾ ਜਾਵੇਗਾ। ਪ੍ਰਦਰਸ਼ਨ ’ਚ ਪਿੰਡ ਵੈਦਵਾਲਾ ਤੋਂ ਇਲਾਵਾ ਹੋਰਨਾਂ ਪਿੰਡਾਂ ਦੇ ਕਿਸਾਨ ਵੀ ਵੱਡੀ ਗਿਣਤੀ ’ਚ ਮੌਜੂਦ ਸਨ।