ਜਲੰਧਰ, 19 ਜੁਲਾਈ (ਜਤਿੰਦਰ ਪੰਮੀ)–ਫੈਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ (ਫਿੱਟ) ਦੇ ਕਰੀਬ 35 ਤੋਂ 40 ਮੈਂਬਰਾਂ ਨੇ ਕੁਰਾਲੀ ਸਥਿਤ ਚੀਮਾ ਬਾਇਲਰਜ਼ ਲਿਮਟਿਡ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਇੱਕ ਵੱਡੇ ਉਦਯੋਗਿਕ ਅਦਾਰੇ ਦੀ ਕਾਰਜ ਪ੍ਰਣਾਲੀ, ਨਿਰਮਾਣ ਪ੍ਰਕਿਰਿਆਵਾਂ, ਪ੍ਰਬੰਧਕੀ ਢਾਂਚੇ, ਗੁਣਵੱਤਾ ਮਾਪਦੰਡਾਂ ਅਤੇ ਪੇਸ਼ੇਵਰ ਕਾਰਜ ਸੱਭਿਆਚਾਰ ਬਾਰੇ ਨੇੜਿਓਂ ਜਾਣਨ ਦਾ ਮੌਕਾ ਮਿਲਿਆ। ਇਹ ਦੌਰਾ ਰਾਜ ਸਰਕਾਰ ਦੇ ‘ਰੈਂਪ ਪ੍ਰੋਗਰਾਮ’ ਤਹਿਤ ਕਰਵਾਇਆ ਗਿਆ। ਇਸ ਦੌਰੇ ਦੌਰਾਨ ਮੈਂਬਰਾਂ ਨੇ ਉਦਯੋਗ ਦੇ ਵੱਖ-ਵੱਖ ਪੱਖਾਂ ਬਾਰੇ ਕੀਮਤੀ ਜਾਣਕਾਰੀ ਹਾਸਲ ਕੀਤੀ। ਇਸ ਸੰਬੰਧੀ ਗੱਲਬਾਤ ਕਰਦਿਆਂ ਫਿੱਟ ਦੇ ਪ੍ਰਧਾਨ ਸੁਨੀਲ ਸ਼ਰਮਾ ਨੇ ਐੱਮ.ਜੀ.ਐੱਸ.ਆਈ.ਪੀ.ਏ. ਦੀ ਡਾ. ਮੰਜੂਲਾ ਵਰਮਾ, ਸੰਕੇਤ ਜੈਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕਰਵਾਇਆ ਗਿਆ ਉਦਯੋਗਿਕ ਸਿੱਖਣ ਅਤੇ ਐਕਸਪੋਜ਼ਰ ਦੌਰਾ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਲਾਭਦਾਇਕ ਰਿਹਾ ਹੈ। ਸੁਨੀਲ ਸ਼ਰਮਾ ਨੇ ਚੀਮਾ ਬਾਇਲਰਜ਼ ਲਿਮਟਿਡ ਦੇ ਪ੍ਰਬੰਧਨ ਅਤੇ ਸਮੁੱਚੀ ਟੀਮ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਫਿੱਟ ਦੇ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਆਪਣੇ ਕੀਮਤੀ ਤਜਰਬੇ ਅਤੇ ਉਦਯੋਗਿਕ ਗਿਆਨ ਨੂੰ ਸਾਂਝਾ ਕਰਕੇ ਮੈਂਬਰਾਂ ਨੂੰ ਨਵੀਆਂ ਸਿੱਖਣਯੋਗ ਗੱਲਾਂ ਨਾਲ ਜਾਣੂ ਕਰਵਾਇਆ ਗਿਆ। ਸੁਨੀਲ ਸ਼ਰਮਾ ਨੇ ਦੱਸਿਆ ਕਿ ਐੱਮ.ਜੀ.ਐੱਸ.ਆਈ.ਪੀ.ਏ. ਅਤੇ ਫਿੱਟ ਵਿਚਕਾਰ ਇੱਕ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ ਗਏ ਹਨ, ਜਿਸ ਤਹਿਤ ਹਰ ਮਹੀਨੇ ਫਿੱਟ ਦੇ ਮੈਂਬਰਾਂ ਲਈ ਇੱਕ ਉਦਯੋਗਿਕ ਐਕਸਪੋਜ਼ਰ ਦੌਰੇ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਉਦਯੋਗਪਤੀਆਂ ਦੀ ਜਾਣਕਾਰੀ, ਹੁਨਰ ਅਤੇ ਵਿਕਾਸ ਵਿੱਚ ਵਾਧਾ ਹੋ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਇੱਕ ਹੋਰ ਮਹੱਤਵਪੂਰਨ ਸਮਝੌਤਾ ਐੱਮ.ਜੀ.ਐੱਸ.ਆਈ.ਪੀ.ਏ. ਅਤੇ ਫਿੱਟ ਵਿਚਕਾਰ ਵੱਡੀਆਂ ਉਦਯੋਗਿਕ ਪ੍ਰਦਰਸ਼ਨੀਆਂ ਦੇ ਸਾਂਝੇ ਦੌਰੇ ਕਰਵਾਉਣ ਲਈ ਵੀ ਕੀਤਾ ਗਿਆ ਹੈ।