03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਲਾਸ਼ ਮਿਲਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ, ਕਲਪਨਾ ਚਾਵਲਾ ਪਾਰਕ ਵਿੱਚ ਸ਼ੁਰੂ ਹੋਈ ਸਫ਼ਾਈ ਮੁਹਿੰਮ

ਅਜੀਤ ਡੈਸਕ 13-07-2026

ਟੋਹਾਣਾ, 12 ਜੁਲਾਈ (ਮਨਜੀਤ ਸਿੰਘ)- ਟੋਹਾਣਾ ਦੇ ਕਲਪਨਾ ਚਾਵਲਾ ਪਾਰਕ ਵਿੱਚ ਇੱਕ ਅਣਪਛਾਤੀ ਲਾਸ਼ ਮਿਲਣ ਦੀ ਘਟਨਾ ਤੋਂ ਬਾਅਦ ਨਗਰ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਘਟਨਾ ਦੇ ਅਗਲੇ ਹੀ ਦਿਨ ਪਾਰਕ ਵਿੱਚ ਸਫ਼ਾਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ, ਜਿਸ ਦੌਰਾਨ ਸਫ਼ਾਈ ਕਰਮਚਾਰੀਆਂ ਨੇ ਝਾੜੀਆਂ ਦੀ ਕਟਾਈ, ਘਾਹ ਅਤੇ ਪੂਰੇ ਪਾਰਕ ਦੀ ਸਾਫ਼-ਸਫ਼ਾਈ ਕੀਤੀ।ਸਮਾਜ ਸੇਵੀ ਨਵਜੋਤ ਸਿੰਘ ਢਿੱਲੋਂ ਨੇ ਕਿਹਾ ਕਿ ਜੇਕਰ ਪਾਰਕ ਦੀ ਨਿਯਮਿਤ ਸਫ਼ਾਈ, ਸੰਭਾਲ ਅਤੇ ਨਿਗਰਾਨੀ ਪਹਿਲਾਂ ਤੋਂ ਹੀ ਕੀਤੀ ਜਾਂਦੀ ਤਾਂ ਸ਼ਾਇਦ ਅਜਿਹੀ ਦੁਖਦਾਈ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੂੰ ਜਾਗਣ ਦੀ ਲੋੜ ਨਾ ਪੈਂਦੀ। ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਕਿਸੇ ਵੱਡੀ ਘਟਨਾ ਤੋਂ ਬਾਅਦ ਹੀ ਸਬੰਧਤ ਵਿਭਾਗ ਸਰਗਰਮ ਹੁੰਦੇ ਹਨ, ਜਦਕਿ ਜਨਤਕ ਥਾਵਾਂ ਦੀ ਨਿਯਮਿਤ ਦੇਖਭਾਲ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਕਲਪਨਾ ਚਾਵਲਾ ਪਾਰਕ ਦੀ ਸ਼ਾਨ ਅਤੇ ਸੁੰਦਰਤਾ ਨੂੰ ਕਾਇਮ ਰੱਖਣ ਲਈ ਨਿਯਮਿਤ ਸਫ਼ਾਈ, ਝਾੜੀਆਂ ਦੀ ਕਟਾਈ, ਲਾਈਟਾਂ ਦੀ ਸਹੀ ਵਿਵਸਥਾ ਅਤੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਣੇ ਚਾਹੀਦੇ ਹਨ। ਜੇ ਪਾਰਕ ਸਾਫ਼-ਸੁਥਰਾ ਅਤੇ ਸੁਰੱਖਿਅਤ ਰਹੇਗਾ ਤਾਂ ਵੱਧ ਤੋਂ ਵੱਧ ਲੋਕ ਸੈਰ ਅਤੇ ਮਨੋਰੰਜਨ ਲਈ ਇੱਥੇ ਆਉਣਗੇ, ਜਿਸ ਨਾਲ ਪਾਰਕ ਵਿੱਚ ਹਰ ਸਮੇਂ ਲੋਕਾਂ ਦੀ ਆਵਾਜਾਈ ਰਹੇਗੀ ਅਤੇ ਗੈਰ-ਸਮਾਜਿਕ ਗਤੀਵਿਧੀਆਂ ‘ਤੇ ਵੀ ਰੋਕ ਲੱਗੇਗੀ। ਸਮਾਜ ਸੇਵੀ ਨਵਜੋਤ ਸਿੰਘ ਢਿੱਲੋਂ ਨੇ ਪ੍ਰਸ਼ਾਸਨ ਅਤੇ ਹਲਕੇ ਦੇ ਵਿਧਾਇਕ ਤੋਂ ਮੰਗ ਕੀਤੀ ਕਿ ਇਹ ਸਫ਼ਾਈ ਮੁਹਿੰਮ ਸਿਰਫ਼ ਕੁਝ ਦਿਨਾਂ ਤੱਕ ਹੀ ਸੀਮਿਤ ਨਾ ਰਹੇ, ਸਗੋਂ ਪਾਰਕ ਦੀ ਨਿਯਮਿਤ ਸਫ਼ਾਈ, ਦੇਖਭਾਲ ਅਤੇ ਸੁਰੱਖਿਆ ਲਈ ਪੱਕੇ ਪ੍ਰਬੰਧ ਕੀਤੇ ਜਾਣ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਅਤੇ ਸ਼ਹਿਰ ਵਾਸੀਆਂ ਨੂੰ ਇੱਕ ਸਾਫ਼-ਸੁਥਰਾ ਅਤੇ ਸੁਰੱਖਿਅਤ ਪਾਰਕ ਮਿਲ ਸਕੇ।

ਪਿਛਲੀ ਖ਼ਬਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪੁਲਿਸ ਲਾਈਨਾਂ ਵਿਚ ਲਗਾਏ ਰੁੱਖ ਅਗਲੀ ਖ਼ਬਰ ਗਟਰਾਂ ਦੇ ਟੁੱਟੇ ਢੱਕਣ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ !

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।