19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਥੋੜ੍ਹੀ ਬਰਸਾਤ ਨਾਲ ਹੀ ਟੋਹਾਣਾ ਦਾ ਮਿਲਨ ਚੌਕ ਬਣਿਆ ਮੁਸੀਬਤ ਦਾ ਚੌਕ, ਗੋਡੇ-ਗੋਡੇ ਗੰਦੇ ਪਾਣੀ ਨੇ ਲੋਕਾਂ ਦੀ ਵਧਾਈ ਪ੍ਰੇਸ਼ਾਨੀ

ਅਜੀਤ ਡੈਸਕ 03-07-2026
ਟੋਹਾਣਾ, 2 ਜੁਲਾਈ (ਮਨਜੀਤ ਸਿੰਘ) - ਟੋਹਾਣਾ ਦਾ ਮਿਲਨ ਚੌਂਕ ਇੱਕ ਵਾਰ ਫਿਰ ਥੋੜ੍ਹੀ ਜਿਹੀ ਬਰਸਾਤ ਤੋਂ ਬਾਅਦ ਪਾਣੀ ਵਿੱਚ ਡੁੱਬ ਗਿਆ। ਚੌਂਕ ਵਿੱਚ ਗੋਡੇ-ਗੋਡੇ ਗੰਦਾ ਪਾਣੀ ਖੜ੍ਹ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ, ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਗਿਆ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਹਰ ਵਾਰ ਮੀਂਹ ਪੈਣ ‘ਤੇ ਮਿਲਨ ਚੌਂਕ ਝੀਲ ਦਾ ਰੂਪ ਧਾਰ ਲੈਂਦਾ ਹੈ। ਗੰਦਾ ਪਾਣੀ ਲੰਬੇ ਸਮੇਂ ਤੱਕ ਖੜ੍ਹਾ ਰਹਿਣ ਕਾਰਨ ਨਾ ਸਿਰਫ਼ ਗਾਹਕਾਂ ਦੀ ਆਵਾਜਾਈ ਘਟ ਜਾਂਦੀ ਹੈ, ਸਗੋਂ ਦੁਕਾਨਾਂ ਦਾ ਕੰਮ-ਕਾਜ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਬਾਰੇ ਕਈ ਵਾਰ ਸਬੰਧਤ ਮਹਿਕਮੇ ਨੂੰ ਜਾਣੂ ਕਰਵਾਇਆ ਗਿਆ, ਪਰ ਅਜੇ ਤੱਕ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ।ਰਾਮ ਨਗਰ ਦੇ ਵਸਨੀਕਾਂ ਨੇ ਵੀ ਰੋਸ ਜਤਾਉਂਦਿਆਂ ਕਿਹਾ ਕਿ ਹਰ ਬਰਸਾਤ ਦੌਰਾਨ ਉਨ੍ਹਾਂ ਦੇ ਘਰਾਂ ਵਿੱਚ ਪਾਣੀ ਦਾਖ਼ਲ ਹੋ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਪਿਛਲੇ ਕਈ ਸਾਲਾਂ ਤੋਂ ਆਰਥਿਕ ਨੁਕਸਾਨ ਅਤੇ ਭਾਰੀ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਕੁਝ ਸਮਾਂ ਪਹਿਲਾਂ ਮਿਲਨ ਚੌਂਕ ਨੂੰ ਉੱਚਾ ਕਰਕੇ ਬਣਾਇਆ ਗਿਆ ਸੀ ਅਤੇ ਸ਼ਹਿਰ ਦੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਵੱਡੀ ਪਾਈਪ ਵੀ ਵਿਛਾਈ ਗਈ ਸੀ, ਪਰ ਇਸ ਦੇ ਬਾਵਜੂਦ ਪਾਣੀ ਖੜ੍ਹਨ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਪਹਿਲੀ ਹੀ ਬਰਸਾਤ ਵਿੱਚ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ।ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਿਲਨ ਚੌਂਕ ਅਤੇ ਰਾਮ ਨਗਰ ਦੀ ਜਲ ਨਿਕਾਸੀ ਪ੍ਰਣਾਲੀ ਦਾ ਤਕਨੀਕੀ ਮੁਆਇਨਾ ਕਰਵਾ ਕੇ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ, ਤਾਂ ਜੋ ਹਰ ਬਰਸਾਤ ਦੌਰਾਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਕੋਈ ਠੋਸ ਕਦਮ ਨਾ ਚੁੱਕੇ ਗਏ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਪਿਛਲੀ ਖ਼ਬਰ ਐਸਡੀਐਮ ਟੋਹਾਣਾ ਆਕਾਸ਼ ਸ਼ਰਮਾ ਨੇ ਸਮਾਧਾਨ ਕੈਂਪ ’ਚ ਜਨਤਾ ਦੀਆਂ ਸਮੱਸਿਆਵਾਂ ਸੁਣੀਆਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਅਰ... ਅਗਲੀ ਖ਼ਬਰ ਡਾਂਗਰਾ ਰੋਡ ਦੇ ਘਰ ’ਚੋਂ ਬੇਹੱਦ ਜ਼ਹਿਰੀਲਾ ਕਾਮਨ ਕਰੇਟ ਸੱਪ ਰੈਸਕਿਊ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।