12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਪੁਲਿਸ ਨੇ ਆਈ.ਪੀ.ਐਲ. ਮੈਚਾਂ ਦੌਰਾਨ ਮੋਬਾਈਲ ਚੋਰੀ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫ਼ਾਸ਼

ਅਜੀਤ ਡੈਸਕ 30-05-2026
ਨਵੀਂ ਦਿੱਲੀ, 29 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਅਪਰਾਧ ਸ਼ਾਖਾ ਨੇ ਇਕ ਅਜਿਹੇ ਅੰਤਰਰਾਜੀ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ ਜੋ ਆਈ.ਪੀ.ਐਲ. ਮੈਚਾਂ ਦੌਰਾਨ ਦਰਸ਼ਕਾਂ ਦੇ ਮੋਬਾਈਲ ਫ਼ੋਨ ਚੋਰੀ ਕਰਦੇ ਸਨ | ਅਪਰਾਧ ਸ਼ਾਖਾ ਨੇ ਇਨ੍ਹਾਂ ਕੋਲੋਂ 9 ਐਪਲ ਆਈ. ਫ਼ੋਨ, 4 ਸੈਮਸੰਗ ਮੋਬਾਈਲ ਫ਼ੋਨ, ਇਕ ਓਪੋ ਮੋਬਾਈਲ ਫ਼ੋਨ, ਇਕ ਵਨ ਪਲੱਸ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ | ਇਨ੍ਹਾਂ ਚੋਰਾਂ ਦਾ ਨਾਂਅ ਅਰਬਾਜ਼ (26) ਨਿਵਾਸੀ ਸੰਗਮ ਵਿਹਾਰ ਦਿੱਲੀ, ਨਵੀਨ ਕੁਮਾਰ ਉਰਫ਼ ਨਿੱਕੂ (34) ਨਿਵਾਸੀ ਫਰੀਦਾਬਾਦ (ਹਰਿਆਣਾ), ਹੇਮਰਾਜ ਉਰਫ਼ ਪੁੱਚੀ (47) ਨਿਵਾਸੀ ਦਰਿਆਗੰਜ਼ ਦਿੱਲੀ ਅਤੇ ਅਬਦੁੱਲ ਮਗਨੀ (23) ਨਿਵਾਸੀ ਸਦਰ ਬਾਜ਼ਾਰ ਦਿੱਲੀ ਹਨ | ਇਹ ਚਾਰੇ ਚੋਰ ਆਈ.ਪੀ.ਐਲ. ਕ੍ਰਿਕਟ ਮੈਚਾਂ ਅਤੇ ਹੋਰ ਵੱਡੇ ਜਨਤਕ ਸਮਾਗਮਾਂ ਦੌਰਾਨ ਲੋਕਾਂ ਦੇ ਮਹਿੰਗੇ ਫ਼ੋਨ ਚੋਰੀ ਕਰਦੇ ਸਨ | ਇਨ੍ਹਾਂ ਵਿਚੋਂ ਅਰਬਾਜ਼ ਦਿੱਲੀ ਦੇ ਸਬਜ਼ੀ ਮੰਡੀ, ਸਾਕੇਤ, ਲੋਧੀ ਕਾਲੋਨੀ, ਹੋਜ ਖ਼ਾਸ ਵਿਖੇ 6 ਅਪਰਾਧਿਕ ਮਾਮਲਿਆਂ ਵਿਚ ਵੀ ਸ਼ਾਮਿਲ ਹੈ |
ਹੇਮ ਰਾਜ 'ਤੇ ਦਿੱਲੀ ਦੇ ਜਾਮਾ ਮਸਜਿਦ ਪੁਲਿਸ ਸਟੇਸ਼ਨ ਵਿਚ 3 ਚੋਰੀ ਦੇ ਮਾਮਲੇ ਦਰਜ ਹਨ | ਇਸ ਅੰਤਰਰਾਜੀ ਗਰੋਹ ਬਾਰੇ ਪੁਲਿਸ ਲਗਾਤਾਰ ਖ਼ੁਫੀਆ ਜਾਣਕਾਰੀ ਲੈ ਰਹੀ ਸੀ | ਪੁਲਿਸ ਨੂੰ ਇਨ੍ਹਾਂ ਬਾਰੇ ਇਕ ਖ਼ਾਸ ਗੁਪਤ ਸੂਚਨਾ ਮਿਲੀ ਕਿ ਅੰਤਰਰਾਜੀ ਚੋਰੀ ਕਰਨ ਵਾਲੇ ਗਰੋਹ ਦੇ ਕੁਝ ਮੈਂਬਰ ਜਿਨ੍ਹਾਂ ਨੇ ਹੁਣੇ ਚੰਡੀਗੜ੍ਹ ਅਤੇ ਧਰਮਸ਼ਾਲਾ ਵਿਚ ਆਈ.ਪੀ.ਐਲ. ਮੈਚਾਂ ਦੌਰਾਨ ਮੋਬਾਈਲ ਚੁਰਾਏ ਸਨ, ਉਹ ਦਿੱਲੀ ਆ ਰਹੇ ਹਨ |
ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਸਿੰਘੂ ਬਾਰਡਰ ਨਰੇਲਾ ਦਿੱਲੀ ਦੇ ਨੇੜੇ ਇਕ ਜਾਲ ਵਿਛਾ ਲਿਆ ਅਤੇ ਪੁਲਿਸ ਦੀ ਟੀਮ ਪੂਰੀ ਤਰ੍ਹਾਂ ਨਾਲ ਸੁਚੇਤ ਹੋ ਗਈ | ਪੁਲਿਸ ਨੇ ਗੱਡੀਆਂ ਦੀ ਚੈਕਿੰਗ ਸ਼ੁਰੂ ਕੀਤੀ ਅਤੇ ਇਨ੍ਹਾਂ ਚੋਰਾਂ ਦੀ ਜਦੋ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ ਨਾਮੀ ਕੰਪਨੀਆਂ ਦੇ ਮਹਿੰਗੇ 15 ਫ਼ੋਨ, ਜੋ ਇਨ੍ਹਾਂ ਨੇ ਚੋਰੀ ਕੀਤੇ ਸਨ, ਉਹ ਬਰਾਮਦ ਕਰ ਲਏ | ਜਦੋਂ ਇਨ੍ਹਾਂ ਤੋਂ ਪੁਲਿਸ ਨੇ ਪੁੱਛ ਪੜਤਾਲ ਕੀਤੀ ਤਾਂ ਉਨ੍ਹਾਂ ਨੇ ਸਾਰਾ ਖੁਲਾਸਾ ਕਰ ਦਿੱਤਾ | ਪੁਲਿਸ ਨੇ ਇਸ ਬਾਰੇ ਸੰਬੰਧਿਤ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਹੈ | ਪੁਲਿਸ ਇਨ੍ਹਾਂ ਤੋਂ ਹੋਰ ਜਾਣਕਾਰੀ ਲੈ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਵੀ ਕਰ ਰਹੀ ਹੈ |
ਪਿਛਲੀ ਖ਼ਬਰ ਸੀ.ਐਚ.ਸੀ ਸੈਂਟਰ ਵਿਚ ਸਥਿਤ ਕ੍ਰਸਨਾ ਲੈਬੋਰੇਟਰੀ ਨੂੰ ਲੱਗੀ ਅੱਗ ਅਗਲੀ ਖ਼ਬਰ ਤੇਜ਼ ਰਫ਼ਤਾਰ ਕਾਰ ਨੇ ਵਿਅਕਤੀ ਨੂੰ ਕੁਚਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।