21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਮਿੱਟੀ ਦੀ ਪੁਟਾਈ ਨੂੰ ਲੈ ਕੇ ਚੱਲੀ ਗੋਲੀ, ਰਾਹਗੀਰ ਸਮੇਤ 3 ਜ਼ਖ਼ਮੀ

ਅਜੀਤ ਡੈਸਕ 27-03-2026
ਜ਼ੀਰਾ, 26 ਮਾਰਚ(ਰਜਨੀਸ਼ ਕਥੂਰੀਆ)-ਥਾਣਾ ਸਦਰ ਜ਼ੀਰਾ ਦੇ ਅਧੀਨ ਪੈਂਦੇ ਪਿੰਡ ਬੂਲੇ ਵਿਖੇ ਮਿੱਟੀ ਦੀ ਪੁਟਾਈ ਨੂੰ ਲੈ ਕੇ 2 ਧਿਰਾਂ ਦਰਮਿਆਨ ਚੱਲੀ ਗੋਲੀ ਲੱਗਣ ਕਾਰਨ ਦੋਵਾਂ ਧਿਰਾਂ ਦੇ 1-1 ਵਿਅਕਤੀ ਤੋਂ ਇਲਾਵਾ ਇਕ ਰਾਹਗੀਰ ਦੇ ਜ਼ਖਮੀ ਹੋਣ ਦੀ ਸੂਚਨਾ ਹੈ | ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਨੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਸਿਵਲ ਹਸਪਤਾਲ ਜ਼ੀਰਾ ਵਿਖੇ ਇਲਾਜ ਅਧੀਨ ਜਸਵੰਤ ਸਿੰਘ ਉਰਫ਼ ਜੱਸਾ ਪੁੱਤਰ ਜਾਗੀਰ ਸਿੰਘ ਵਾਸੀ ਪਿੰਡ ਬੂਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਮਿੱਟੀ ਦੀ ਪੁਟਾਈ ਦਾ ਕੰਮ ਕਰਦੇ ਹਾਂ | ਉਸ ਨੇ ਦੱਸਿਆ ਕਿ ਮੇਰੇ ਸਾਂਢੂ ਦੇ ਲੜਕੇ ਬਦਮਾਸ਼ ਕਿਸਮ ਦੇ ਵਿਅਕਤੀ ਹਨ ਜਿਨਾਂ ਕੋਲ ਨਜਾਇਜ਼ ਅਸਲਾ ਵੀ ਹੈ ਅਤੇ ਸਾਡੇ ਨਾਲ ਰੰਜਸ਼ ਰੱਖਦੇ ਹਨ | ਉਸ ਨੇ ਦੱਸਿਆ ਕਿ ਅੱਜ ਮੇਰੇ ਸਾਂਢੂ ਦੇ ਲੜਕਿਆਂ ਨੇ ਸਾਡੇ ਉੱਪਰ ਨਾਜਾਇਜ਼ ਅਸਲੇ ਨਾਲ ਹਮਲਾ ਕਰ ਦਿੱਤਾ | ਜਿਸ ਦੌਰਾਨ ਮੇਰੀ ਲੱਤ 'ਤੇ ਗੋਲੀ ਲੱਗਣ ਕਰਕੇ ਮੈਂ ਜ਼ਖਮੀ ਹੋ ਗਿਆ | ਸਿਵਲ ਹਸਪਤਾਲ ਜ਼ੀਰਾ ਵਿਖੇ ਡਿਊਟੀ 'ਤੇ ਤਾਇਨਾਤ ਡਾ. ਨਵਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਹਸਪਤਾਲ ਜ਼ੀਰਾ ਵਿਖੇ ਗੋਲੀ ਲੱਗਣ ਕਾਰਨ ਜ਼ਖਮੀ ਹੋਏ 3 ਵਿਅਕਤੀ ਜਸਵੰਤ ਸਿੰਘ ਪੁੱਤਰ ਜਾਗੀਰ ਸਿੰਘ ਵਾਸੀ ਪਿੰਡ ਬੂਲੇ, ਮਨਪ੍ਰੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੋਟ ਈਸੇ ਖਾਂ ਅਤੇ ਜੁਗਰਾਜ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਬੱਠਲ (ਤਰਨਤਾਰਨ) ਇਲਾਜ ਲਈ ਆਏ ਸਨ | ਜਿਨਾਂ ਦੀ ਹਾਲਤ ਗੰਭੀਰ ਹੋਣ ਕਰਕੇ ਉਹਨਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਫਰੀਦਕੋਟ ਅਤੇ ਲੁਧਿਆਣਾ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ | ਇਸ ਸਬੰਧ ਵਿਚ ਸੰਪਰਕ ਕਰਨ 'ਤੇ ਡੀ.ਐਸ.ਪੀ.ਜ਼ੀਰਾ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਜਸਵੰਤ ਸਿੰਘ ਉਰਫ਼ ਜੱਸਾ ਵਾਸੀ ਪਿੰਡ ਬੂਲੇ ਮਿੱਟੀ ਦੀ ਪੁਟਾਈ ਦਾ ਕੰਮ ਕਰਦੇ ਹਨ | ਜਿਨਾਂ ਉੱਪਰ ਜਸਵੰਤ ਸਿੰਘ ਦੇ ਸਾਂਢੂ ਸੁੱਚਾ ਸਿੰਘ ਦੇ ਲੜਕੇ ਤਰਸੇਮ ਸਿੰਘ ਵਗ਼ੈਰਾ ਨੇ ਹਮਲਾ ਕਰ ਦਿੱਤਾ | ਉਹਨਾਂ ਹੋਰ ਦੱਸਿਆ ਕਿ ਦੂਸਰੀ ਧਿਰ ਵਲੋਂ ਵੀ ਗੋਲੀ ਚਲਾਈ ਗਈ ਹੈ | ਜਿਸ ਵਿਚ ਉਹਨਾਂ ਦਾ ਵੀ ਇਕ ਵਿਅਕਤੀ ਜ਼ਖਮੀ ਹੋ ਗਿਆ | ਉਨ੍ਹਾਂ ਦੱਸਿਆ ਕਿ ਇਸ ਗੋਲੀਬਾਰੀ ਦੌਰਾਨ ਇਕ ਰਾਹਗੀਰ ਮਨਪ੍ਰੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੋਟ ਈਸੇ ਖਾਂ ਵੀ ਜ਼ਖਮੀ ਹੋ ਗਿਆ ਹੈ | ਉਹਨਾਂ ਦੱਸਿਆ ਕਿ ਹਮਲਾਵਰਾਂ ਵਲੋਂ ਵਰਤੀ ਗਈ 12 ਬੋਰ ਰਾਈਫ਼ਲ ਕਬਜ਼ੇ ਵਿਚ ਲੈ ਕੇ ਬਣਦੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਉੱਧਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦੋਵੇਂ ਧਿਰਾਂ ਹੀ ਪਹਿਲਾਂ ਇਕੱਠੇ ਮਿੱਟੀ ਦੀ ਪੁਟਾਈ ਦਾ ਕੰਮ ਕਰਦੀਆਂ ਸਨ ਪਰ ਕੁਝ ਸਮੇਂ ਪਹਿਲਾਂ ਵੱਖ-ਵੱਖ ਹੋ ਗਈਆਂ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਦੋਵਾਂ ਧਿਰਾਂ ਦੀ ਆਪਸ ਵਿਚ ਰੰਜਸ਼ ਚੱਲਦੀ ਆ ਰਹੀ ਸੀ |
ਪਿਛਲੀ ਖ਼ਬਰ ਮਾਨ ਸਰਕਾਰ ਖ਼ਿਲਾਫ਼ ਕਿਸਾਨਾਂ ਦਾ ਗ਼ੁੱਸਾ ਭੜਕਿਆ, ਮੱਲਾਂਵਾਲਾ 'ਚ ਫੂਕੇ ਪੁਤਲੇ ਅਗਲੀ ਖ਼ਬਰ ਸੰਤ ਕਬੀਰ ਕਾਲਜ ਜ਼ੀਰਾ ਵਿਖੇ ਸਾਲਾਨਾ ਖੇਡਾਂ ਕਰਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।