09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਖੋਜਾਰਥੀਆਂ ਨੇ ਮਨੋਵਿਸ਼ਲੇਸ਼ਣ ਬਾਰੇ ਖੋਜ-ਪੱਤਰ ਕੀਤੇ ਪੇਸ਼

ਅਜੀਤ ਡੈਸਕ 31-01-2026
ਨਵੀਂ ਦਿੱਲੀ, 30 ਜਨਵਰੀ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਮਹੀਨਾਵਾਰ 'ਸਾਹਿਤ ਸੰਵਾਦ : ਚਿੰਤਕ ਲੜੀ' ਤਹਿਤ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿਭਾਗ ਦੇ ਖੋਜਾਰਥੀਆਂ ਨੇ ਮਨੋਵਿਸ਼ਲੇਸ਼ਣ ਨਾਲ ਸੰਬੰਧਿਤ ਤਿੰਨ ਚਿੰਤਕਾਂ ਬਾਰੇ ਖੋਜ-ਪੱਤਰ ਪ੍ਰਸਤੁਤ ਕੀਤੇ | ਸ਼ੁਰੂ ਵਿਚ ਸਮਾਗਮ ਦੇ ਕੋ-ਆਰਡੀਨੇਟਰ ਪ੍ਰੋ. ਰਵਿੰਦਰ ਸਿੰਘ ਨੇ ਸਿਗਮੰਡ ਫਰਾਇਡ, ਕਾਰਲ ਜੁੰਗ ਤੇ ਯੱਕ ਲਾਕਾਂ ਬਾਰੇ ਮੁਢਲੀ ਜਾਣ-ਪਛਾਣ ਕਰਵਾਈ | ਉਪਰੰਤ ਖੋਜ ਪੱਤਰ ਪੜ੍ਹਨ ਵਾਲੇ ਖੋਜਾਰਥੀਆਂ ਨੂੰ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ ਗਏ | ਪਹਿਲਾ ਖੋਜ-ਪੱਤਰ ਵਿਭਾਗ ਦੀ ਖੋਜਾਰਥਣ ਗਗਨਦੀਪ ਕੌਰ ਨੇ ਸਿਗਮੰਡ ਫਰਾਇਡ ਦੇ ਸੁਪਨਿਆਂ ਦੇ ਮਨੋਵਿਸ਼ਲੇਸ਼ਣ ਬਾਰੇ ਪ੍ਰਸਤੁਤ ਕੀਤਾ | ਉਸਨੇ ਦੱਸਿਆ ਕਿ ਫਰਾਇਡ ਪਹਿਲਾ ਮਨੋਵਿਸ਼ਲੇਸ਼ਕ ਸੀ ਜਿਸ ਨੇ ਅਚੇਤਨ ਨੂੰ ਆਧਾਰ ਬਣਾ ਕੇ ਸੁਪਨਿਆਂ ਦਾ ਵਿਸ਼ਲੇਸ਼ਣ ਕੀਤਾ | ਫਰਾਇਡ ਦਾ ਮੱਤ ਸੀ ਕਿ ਸੁਪਨੇ ਸਾਡੇ ਅਚੇਤਨ ਵਿਚ ਦਮਿਤ ਕਾਮਨਾਵਾਂ ਦਾ ਪ੍ਰਗਟਾਵਾ ਹੁੰਦੇ ਹਨ | ਪਰ ਇਹ ਪ੍ਰਗਟਾ ਸਿੱਧਾ ਨਹੀਂ ਹੁੰਦਾ ਪ੍ਰਤੀਕਾਂ ਦੇ ਰੂਪ ਵਿਚ ਹੁੰਦਾ ਹੈ | ਇਨ੍ਹਾਂ ਪ੍ਰਤੀਕਾਂ ਨੂੰ ਡੀਕੋਡ ਕਰ ਕੇ ਅਸੀਂ ਸੁਪਨੇ ਨੂੰ ਸਮਝ ਸਕਦੇ ਹਾਂ ਤੇ ਮਨੁੱਖ ਦੇ ਅਚੇਤਨ ਦੀ ਥਾਂਅ ਪਾ ਸਕਦੇ ਹਾਂ | ਗਗਨਦੀਪ ਕੌਰ ਨੇ ਫਰਾਇਡ ਦੇ ਅਧਿਐਨ ਦੀਆਂ ਸੀਮਾਵਾਂ ਤੋਂ ਵੀ ਜਾਣੂ ਕਰਵਾਇਆ |
ਦੂਸਰਾ ਖੋਜ ਪੱਤਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਤੋਂ ਆਈ ਖੋਜਾਰਥਣ ਮਨਦੀਪ ਕੌਰ ਨੇ ਕਾਰਲ ਜੁੰਗ ਦੇ ਮੁੱਖ ਸਿਧਾਂਤਾਂ ਬਾਰੇ ਪੜਿ੍ਹਆ | ਉਸਨੇ ਦੱਸਿਆ ਕਿ ਆਮ ਕਰ ਕੇ ਫਰਾਇਡ ਨੂੰ ਮੁੱਖ ਚਿੰਤਕ ਮੰਨਿਆ ਜਾਂਦਾ ਹੈ ਤੇ ਕਾਰਲ ਜੁੰਗ ਨੂੰ ਉਸ ਦੇ ਸਹਾਇਕ ਚਿੰਤਕ ਵਜੋਂ ਪੇਸ਼ ਕੀਤਾ ਜਾਂਦਾ ਹੈ | ਮਨਦੀਪ ਕੌਰ ਨੇ ਦੱਸਿਆ ਕਿ ਕਾਰਲ ਜੁੰਗ ਨੇ ਵਿਸ਼ਲੇਸ਼ਕੀ ਮਨੋਵਿਗਿਆਨ ਦੀ ਨੀਂਹ ਰੱਖੀ | ਕਾਰਲ ਜੁੰਗ ਨੇ ਵਿਅਕਤੀਗਤ ਅਵਚੇਤਨ ਦੇ ਨਾਲ ਸਮੂਹਿਕ ਅਵਚੇਤਨ ਦੇ ਸੰਕਲਪ ਨੂੰ ਪ੍ਰਮੁੱਖ ਤੌਰ 'ਤੇ ਪੇਸ਼ ਕੀਤਾ | ਸਮੂਹਿਕ ਅਵਚੇਤਨ ਸਦੀਆਂ ਪੁਰਾਣੇ ਆਰਕੀਟਾਇਪਜ਼ ਦਾ ਬਣਿਆ ਹੁੰਦਾ ਹੈ | ਇਸ ਤੋਂ ਇਲਾਵਾ ਮਨਦੀਪ ਕੌਰ ਨੇ ਕਾਰਲ ਜੁੰਗ ਦੇ ਦੂਸਰੇ ਮੂਲ ਸਿਧਾਂਤਾਂ ਨੂੰ ਵੀ ਸਪੱਸ਼ਟਤਾ ਨਾਲ ਪੇਸ਼ ਕੀਤਾ | ਤੀਸਰਾ ਤੇ ਆਖਰੀ ਖੋਜ-ਪੱਤਰ ਨੀਸ਼ਾ ਰਾਣੀ ਨੇ ਪੜਿ੍ਹਆ ਜੋ ਯੱਕ ਲਾਕਾਂ ਬਾਰੇ ਸੀ | ਉਸ ਨੇ ਦੱਸਿਆ ਕਿ ਲਾਕਾਂ ਨੇ ਫਰਾਇਡ ਦੇ ਸਿਧਾਂਤਾਂ ਨੂੰ ਨਵਾਂ ਵਿਸਥਾਰ ਦਿੱਤਾ | ਲਾਕਾਂ ਨੇ ਸਮਝਾਇਆ ਮਨੁੱਖੀ ਅਵਚੇਤਨ ਦੀ ਭਾਸ਼ਾ ਵਾਂਗ ਸੰਰਚਨਿਤ ਹੁੰਦਾ ਹੈ | ਮਨੁੱਖ ਦੀ ਭਾਸ਼ਾ ਵਿਚ ਪ੍ਰਵੇਸ਼ ਉਸ ਦੀ ਈਗੋ ਨਿਰਮਾਣਕਾਰੀ ਵਿਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ | ਭਾਸ਼ਾ ਵਿਚ ਪ੍ਰਵੇਸ਼ ਕਰਨ ਤੋਂ ਬਾਅਦ ਮਨੁੱਖ ਭਾਸ਼ਾ ਤੋਂ ਪਹਿਲਾਂ ਵਾਲਾ ਆਪਣਾ ਸੰਯੁਕਤ ਸਵੈ ਦੁਬਾਰਾ ਹਾਸਿਲ ਨਹੀਂ ਕਰ ਸਕਦਾ, ਜਿਸਨੂੰ ਲਾਕਾਂ 'ਰੀਅਲ' ਕਹਿੰਦਾ ਹੈ | ਨੀਸ਼ਾ ਰਾਣੀ ਨੇ ਲਾਕਾਂ ਦੇ ਵੱਖ-ਵੱਖ ਸਿਧਾਂਤਾਂ ਨੂੰ ਨਿਖੇੜ ਕੇ ਸਮਝਾਇਆ | ਅੰਤ ਵਿਚ ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਸਭਨਾਂ ਦਾ ਰਸਮੀ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਦੀ ਕੋਸ਼ਿਸ਼ ਰਹਿੰਦੀ ਹੈ ਕਿ ਸਾਹਿਤ ਸੰਵਾਦ ਵਿਚ ਦੂਜੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਜੋੜ ਕੇ ਪੰਜਾਬੀ ਖੋਜਾਰਥੀਆਂ ਦਾ ਇਕ ਸਾਂਝਾ ਮੰਚ ਤਿਆਰ ਕੀਤਾ ਜਾਵੇ | ਸਮਾਗਮ ਵਿਚ ਪ੍ਰੋ. ਜਸਪਾਲ ਕੌਰ, ਪ੍ਰੋ. ਰਵਿੰਦਰ ਸਿੰਘ, ਪ੍ਰੋ. ਬਲਜਿੰਦਰ ਨਸਰਾਲੀ, ਡਾ. ਰਜਨੀ ਬਾਲਾ, ਡਾ. ਨਛੱਤਰ, ਡਾ. ਸੋਹਨ ਸਿੰਘ, ਡਾ. ਯਾਦਵਿੰਦਰ ਸਿੰਘ ਤੇ ਡਾ. ਰੰਜੂ ਬਾਲਾ ਤੋਂ ਇਲਾਵਾ ਵਿਦਿਆਰਥੀ ਤੇ ਖੋਜਾਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ |
ਪਿਛਲੀ ਖ਼ਬਰ ਦਿੱਲੀ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਵਲੋਂ ਐਸ.ਓ.ਐਲ. ਦੁਆਰਾ ਆਯੋਜਿਤ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਉਦਘਾਟਨ ਕੀਤਾ ਅਗਲੀ ਖ਼ਬਰ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ ਵੋਟਰ ਦਿਵਸ ਮਨਾਉਣ ਲਈ ਪੋਸਟਰ ਮੇਕਿੰਗ ਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।