ਅਮਰੀਕਾ ਵਿਚ ਇਕ ਪੰਜਾਬੀ ਤੇ 4 ਪਾਕਿਸਤਾਨੀ ਸਮੇਤ 40 ਲੋਕਾਂ ਦੀ ਨਾਗਰਿਕਤਾ ਰੱਦ ਕਰਵਾਉਣ ਦੀ ਕਾਰਵਾਈ ਸ਼ੁਰੂ
ਨਿਊਯਾਰਕ, 6 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਨਿਆਂ ਵਿਭਾਗ ਨੇ ਭਾਰਤ ਅਤੇ ਪਾਕਿਸਤਾਨ ਮੂਲ ਦੇ 5 ਲੋਕਾਂ ਸਮੇਤ ਕੁੱਲ 40 ਵਿਅਕਤੀਆਂ ਦੀ ‘ਨੈਚੁਰਲਾਈਜ਼ੇਸ਼ਨ’ ਰਾਹੀਂ ਮਿਲੀ ਅਮਰੀਕੀ ਨਾਗਰਿਕਤਾ ਰੱਦ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਸੰਬੰਧੀ ਅਮਰੀਕਾ ਦੇ ਵੱਖ-ਵੱਖ ਰਾਜਾਂ ਦੀਆਂ ਸੰਘੀ ਅਦਾਲਤਾਂ ਵਿਚ ਸਿਵਲ ਸ਼ਿਕਾਇਤਾਂ ਦਾਇਰ ਕੀਤੀਆਂ ਗਈਆਂ ਹਨ।
ਨਿਊਯਾਰਕ, 6 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਨਿਆਂ ਵਿਭਾਗ ਨੇ ਭਾਰਤ ਅਤੇ ਪਾਕਿਸਤਾਨ ਮੂਲ ਦੇ 5 ਲੋਕਾਂ ਸਮੇਤ ਕੁੱਲ 40 ਵਿਅਕਤੀਆਂ ਦੀ ‘ਨੈਚੁਰਲਾਈਜ਼ੇਸ਼ਨ’ ਰਾਹੀਂ ਮਿਲੀ ਅਮਰੀਕੀ ਨਾਗਰਿਕਤਾ ਰੱਦ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਸੰਬੰਧੀ ਅਮਰੀਕਾ ਦੇ ਵੱਖ-ਵੱਖ ਰਾਜਾਂ ਦੀਆਂ ਸੰਘੀ ਅਦਾਲਤਾਂ ਵਿਚ ਸਿਵਲ ਸ਼ਿਕਾਇਤਾਂ ਦਾਇਰ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਭਾਰਤ ਮੂਲ ਦਾ ਇਕ ਅਤੇ ਪਾਕਿਸਤਾਨ ਮੂਲ ਦੇ ਚਾਰ ਵਿਅਕਤੀ ਸ਼ਾਮਿਲ ਹਨ। ਭਾਰਤ ਮੂਲ ਦੇ 55 ਸਾਲਾ ਬਲਵਿੰਦਰ ਸਿੰਘ ਖ਼ਿਲਾਫ਼ ਕੈਲੀਫੋਰਨੀਆ ਵਿਚ ਕਾਰਵਾਈ ਸ਼ੁਰੂ ਕੀਤੀ ਗਈ ਹੈ। ਨਿਆਂ ਵਿਭਾਗ ਦਾ ਦੋਸ਼ ਹੈ ਕਿ ਉਸ ਨੇ ਵੱਖ-ਵੱਖ ਪਛਾਣਾਂ ਦੀ ਵਰਤੋਂ ਕਰਕੇ ਇਮੀਗ੍ਰੇਸ਼ਨ ਲਾਭ ਹਾਸਿਲ ਕੀਤੇ। ਸਰਕਾਰ ਮੁਤਾਬਕ ਉਸ ਨੇ 1992 ਵਿਚ ਇਕ ਪਛਾਣ ਨਾਲ ਇਮੀਗ੍ਰੇਸ਼ਨ ਅਰਜ਼ੀ ਦਿੱਤੀ, ਜਦਕਿ 2003 ਵਿਚ ਦੂਜੀ ਪਛਾਣ ਹੇਠ ਪੱਕੀ ਰਿਹਾਇਸ਼ ਹਾਸਿਲ ਕੀਤੀ ਅਤੇ 2009 ਵਿਚ ਉਸੇ ਦੂਜੀ ਪਛਾਣ ਨਾਲ ਅਮਰੀਕੀ ਨਾਗਰਿਕਤਾ ਪ੍ਰਾਪਤ ਕੀਤੀ। ਪਾਕਿਸਤਾਨ ਮੂਲ ਦੇ ਚਾਰ ਲੋਕਾਂ ਵਿਚ 69 ਸਾਲਾ ਅਹਿਮਦ ਬਹਾਰ ਖੱਟਕ, 73 ਸਾਲਾ ਅਹਿਮਦ ਖ਼ਾਨ, 66 ਸਾਲਾ ਸਈਦ ਮਸ਼ੂਦ ਉਲ ਹੱਕ ਅਤੇ 74 ਸਾਲਾ ਸਈਦ ਫੁਰਕਾਨ ਅਲੀ ਸ਼ਾਮਿਲ ਹਨ। ਵਰਜੀਨੀਆ ਵਿਚ ਅਹਿਮਦ ਬਹਾਰ ਖੱਟਕ ਉਤੇ ਵੱਖਰੀਆਂ ਪਛਾਣਾਂ ਵਰਤਣ ਅਤੇ ਪੁਰਾਣੇ ਦੇਸ਼ ਨਿਕਾਲੇ ਦੇ ਹੁਕਮ ਦੀ ਜਾਣਕਾਰੀ ਛੁਪਾ ਕੇ ਨਾਗਰਿਕਤਾ ਹਾਸਿਲ ਕਰਨ ਦਾ ਦੋਸ਼ ਹੈ। ਓਹਾਇਓ ਵਿਚ ਅਹਿਮਦ ਖ਼ਾਨ ਉਤੇ ਪਾਕਿਸਤਾਨ ਵਿਚ ਆਪਣੀ ਪਹਿਲੀ ਪਤਨੀ ਦੇ ਜਿਊਂਦੇ ਹੋਣ ਦੇ ਬਾਵਜੂਦ ਉਸ ਦਾ ਝੂਠਾ ਮੌਤ ਸਰਟੀਫਿਕੇਟ ਵਰਤਣ ਅਤੇ ਇਕ ਅਮਰੀਕੀ ਨਾਗਰਿਕ ਨਾਲ ਵਿਆਹ ਦੇ ਆਧਾਰ ’ਤੇ ਇਮੀਗ੍ਰੇਸ਼ਨ ਲਾਭ ਲੈਣ ਦਾ ਦੋਸ਼ ਹੈ।ਫਲੋਰੀਡਾ ਵਿਚ ਸਈਦ ਮਸ਼ੂਦ ਉਲ ਹੱਕ ਉਤੇ ਇਕ ਹੋਰ ਪਛਾਣ ਨਾਲ ਸ਼ਰਨ ਲਈ ਅਰਜ਼ੀ ਦੇਣ ਅਤੇ ਦੇਸ਼ ਨਿਕਾਲੇ ਦੇ ਹੁਕਮ ਤੋਂ ਬਾਅਦ ਦੂਜੀ ਪਛਾਣ ਰਾਹੀਂ ਇਮੀਗ੍ਰੇਸ਼ਨ ਲਾਭ ਹਾਸਿਲ ਕਰਨ ਦਾ ਦੋਸ਼ ਹੈ। ਟੈਕਸਸ ਵਿਚ ਸਈਦ ਫੁਰਕਾਨ ਅਲੀ ਉਤੇ ਆਪਣੀ ਪਹਿਲੀ ਪਤਨੀ ਨਾਲ ਵਿਆਹ ਕਾਇਮ ਹੋਣ ਦੇ ਬਾਵਜੂਦ ਤਲਾਕ ਅਤੇ ਉਸ ਦੀ ਮੌਤ ਬਾਰੇ ਗਲਤ ਜਾਣਕਾਰੀ ਦੇ ਕੇ ਦੂਜੇ ਵਿਆਹ ਦੇ ਆਧਾਰ ’ਤੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਲਾਭ ਹਾਸਲ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਨ੍ਹਾਂ ਪੰਜਾਂ ਤੋਂ ਇਲਾਵਾ ਇਸ ਕਾਰਵਾਈ ਵਿਚ ਮੈਕਸੀਕੋ, ਚੀਨ, ਅਫ਼ਗਾਨਿਸਤਾਨ, ਮਿਸਰ, ਨਾਈਜੀਰੀਆ, ਫਿਲੀਪੀਨਜ਼, ਕਿਊਬਾ, ਘਾਨਾ, ਨੇਪਾਲ, ਕੈਨੇਡਾ, ਕੋਲੰਬੀਆ, ਬਰਤਾਨੀਆ, ਸਿਏਰਾ ਲਿਓਨ, ਵੇਨੇਜ਼ੁਏਲਾ, ਕੈਮਰੂਨ, ਪੇਰੂ, ਹੈਤੀ, ਇਰਾਨ ਅਤੇ ਕੰਬੋਡੀਆ ਸਮੇਤ ਹੋਰ ਦੇਸ਼ਾਂ ਨਾਲ ਸੰਬੰਧਿਤ ਲੋਕ ਵੀ ਸ਼ਾਮਿਲ ਹਨ।