09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਆਰ . ਐੱਸ . ਐੱਸ . ਤੋਂ ਸੁਚੇਤ ਰਹਿਣ ਸਿੱਖ - ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨਜ਼

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ.

ਅਜੀਤ ਡੈਸਕ 09-09-2026
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਵਿਚ ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਨੇ ਸਿੱਖ ਕੌਮ ਨੂੰ ਸਿੱਖ ਵਿਰੋਧੀ ਜਮਾਤਾਂ ਅਤੇ ਆਰ.ਐੱਸ.ਐੱਸ. ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਆਰ.ਐੱਸ.ਐੱਸ. ਮੁਖੀ ਮੋਹਨ ਭਗਵਤ ਵਿਦੇਸ਼ੀ ਦੌਰੇ ’ਤੇ ਹੈ ਅਤੇ ਅੱਜ-ਕੱਲ੍ਹ ਯੂ.ਕੇ. ਵਿਚ ਹੈ, ਜਿਥੇ ਇਹ ਗੁਪਤ ਰੂਪ ਵਿਚ ਗੁਰਦੁਆਰਾ ਸਾਹਿਬ ਜਾ ਕੇ ਸਿੱਖ ਸੰਗਤਾਂ ਦੀ ਹਮਦਰਦੀ ਪ੍ਰਾਪਤ ਕਰਨ ਲਈ ਯਤਨਸ਼ੀਲ ਹੈ, ਜਿਸ ਦੀ ਸਿੱਖ ਆਗੂਆਂ ਨੇ ਸਖ਼ਤ ਨਿਖੇਧੀ ਕੀਤੀ ਹੈ। ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਵਲੋਂ ਸਪੱਸ਼ਟ ਕੀਤਾ ਗਿਆ ਕਿ ਬਤੌਰ ਸ਼ਰਧਾਲੂ ਗੁਰਦਵਾਰਾ ਸਾਹਿਬ ਵਿੱਚ ਆ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਤਮਸਤਕ ਹੋਣਾ ਵੱਖਰੀ ਗੱਲ ਹੈ ਪਰ ਮੋਹਨ ਭਗਵਤ ਵਲੋਂ ਗੁਪਤ ਰੂਪ ਵਿੱਚ ਕਿਸੇ ਗੁਰਦਵਾਰਾ ਸਾਹਿਬ ਜਾਣ ਮਗਰੋਂ ਵੀਡੀਓ ਵਾਇਰਲ ਕਰਨੀਆਂ ਮੀਡੀਏ ਵਿੱਚ ਖਬਰਾਂ ਲਗਾਉਣੀਆਂ ਕਿਸੇ ਸਾਜਿਸ਼ ਦਾ ਹਿੱਸਾ ਹੈ। ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼, ਯੂ.ਕੇ. ਵਲੋਂ ਆਖਿਆ ਗਿਆ ਹੈ ਕਿ ਸਿੱਖ ਧਰਮ ਦੀ ਵਿਲੱਖਣ ਧਾਰਮਿਕ ਅਤੇ ਕੌਮੀ ਪਛਾਣ ਨੂੰ ਕਿਸੇ ਵੀ ਸਿਆਸੀ ਜਾਂ ਵਿਚਾਰਧਾਰਕ ਢਾਂਚੇ ਵਿੱਚ ਸਮੇਟਣ ਦੀ ਕੋਸ਼ਿਸ਼ ਸਿੱਖ ਕੌਮ ਲਈ ਕਦੇ ਵੀ ਪ੍ਰਵਾਨ ਨਹੀਂ ਹੋ ਸਕਦੀ। ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ,ਕੇ ਨੇ ਕਿਹਾ ਕਿ ਸਿੱਖ ਧਰਮ ਦੀ ਨੀਂਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਗੁਰੂ ਸਾਹਿਬਾਨ ਦੀ ਵਿਚਾਰਧਾਰਾ ਅਤੇ ਸਿੱਖ ਰਹਿਤ-ਮਰਯਾਦਾ ’ਤੇ ਆਧਾਰਿਤ ਹੈ। ਸਿੱਖ ਇੱਕ ਵੱਖਰੀ ਧਾਰਮਿਕ ਪਛਾਣ ਰੱਖਦੇ ਹਨ ਅਤੇ ਇਸ ਪਛਾਣ ਨੂੰ ਕਿਸੇ ਹੋਰ ਧਰਮ ਜਾਂ ਵਿਚਾਰਧਾਰਾ ਦਾ ਹਿੱਸਾ ਦੱਸਣਾ ਸਿੱਖ ਸਿਧਾਂਤਾਂ ਅਤੇ ਇਤਿਹਾਸ ਨਾਲ ਇਨਸਾਫ਼ ਨਹੀਂ ਹੈ। ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਨੇ ਆਰ.ਐੱਸ. ਐੱਸ ਦੀ ‘ਹਿੰਦੂ ਰਾਸ਼ਟਰ’ ਨਾਲ ਜੁੜੀ ਵਿਚਾਰਧਾਰਾ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਦਰਸਾਉਣ ਜਾਂ ਸਿੱਖ ਧਰਮ ਨੂੰ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਦੇ ਅਨੁਕੂਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸ ਦਾ ਸਿਧਾਂਤਕ ਅਤੇ ਤੱਥ-ਅਧਾਰਿਤ ਵਿਰੋਧ ਜਾਰੀ ਰਹੇਗਾ। ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂਕੇ ਨੇ ਸਪੱਸ਼ਟ ਕੀਤਾ ਕਿ ਸਿੱਖਾਂ ਦਾ ਵਿਰੋਧ ਕਿਸੇ ਆਮ ਹਿੰਦੂ ਵਿਅਕਤੀ ਜਾਂ ਹਿੰਦੂ ਧਰਮ ਦੇ ਪੈਰੋਕਾਰਾਂ ਨਾਲ ਨਹੀਂ ਹੈ। ਸਿੱਖ ਕੌਮ ਹਮੇਸ਼ਾ ਹਰ ਧਰਮ ਅਤੇ ਹਰ ਮਨੁੱਖ ਦੇ ਸਤਿਕਾਰ, ਧਾਰਮਿਕ ਆਜ਼ਾਦੀ ਅਤੇ ਬਰਾਬਰੀ ਦੀ ਹਾਮੀ ਰਹੀ ਹੈ। ਇਤਰਾਜ਼ ਉਨ੍ਹਾਂ ਵਿਚਾਰਧਾਰਾਵਾਂ ਅਤੇ ਸੰਸਥਾਗਤ ਕੋਸ਼ਿਸ਼ਾਂ ਨਾਲ ਹੈ ਜੋ ਸਿੱਖ ਧਰਮ ਦੀ ਵਿਲੱਖਣ ਪਛਾਣ ਨੂੰ ਨਕਾਰਦੀਆਂ ਜਾਂ ਉਸ ਨੂੰ ਕਿਸੇ ਹੋਰ ਧਾਰਮਿਕ ਪਛਾਣ ਵਿੱਚ ਸਮੇਟਣ ਦੀ ਕੋਸ਼ਿਸ਼ ਕਰਦੀਆਂ ਜੋ ਕਿ ਆਰ.ਐੱਸ. ਐੱਸ ਵਲੋਂ ਕੀਤਾ ਜਾ ਰਿਹਾ ਹੈ । ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼, ਯੂ.ਕੇ. ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਿੱਖ ਇਤਿਹਾਸ, ਸਿੱਖ ਸਿਧਾਂਤਾਂ ਅਤੇ ਆਪਣੀ ਵਿਲੱਖਣ ਪਛਾਣ ਬਾਰੇ ਸੁਚੇਤ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਜਾਂ ਮੁਹਿੰਮ ਦਾ ਜਵਾਬ ਤੱਥਾਂ, ਸੂਝ-ਬੂਝ ਅਤੇ ਸਿੱਖ ਸਿਧਾਂਤਾਂ ਅਨੁਸਾਰ ਸਾਰਥਿਕ ਢੰਗ ਨਾਲ ਦੇਣ। ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ,ਕੇ ਵਲੋਂ ਕਿਹਾ ਗਿਆ ਕਿ ਸਿੱਖ ਕੌਮ ਆਪਣੀ ਧਾਰਮਿਕ ਆਜ਼ਾਦੀ, ਵਿਲੱਖਣ ਪਛਾਣ ਅਤੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦੀ ਰਾਖੀ ਲਈ ਹਰ ਸੰਭਵ ਤਰੀਕੇ ਨਾਲ ਆਵਾਜ਼ ਬੁਲੰਦ ਕਰਦੀ ਹੋਈ ਰਾਜਨੀਤਿਕ ਕੌਮੀ ਨਿਸ਼ਾਨੇ ਖਾਲਿਸਤਾਨ ਪ੍ਰਤੀ ਯਤਨਸ਼ੀਲ ਰਹੇਗੀ।
ਪਿਛਲੀ ਖ਼ਬਰ ਚੋਰਾਂ ਵਲੋਂ ਸਿੰਚਾਈ ਵਾਲੇ ਟਿਊਬਵੈੱਲ ਦੀਆਂ ਤਾਰਾਂ ਕੱਟੀਆਂ ਅਗਲੀ ਖ਼ਬਰ ਲੈਸਟਰ ਵਿਖੇ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਦੀ ਯਾਦ ’ਚ ਸ਼ਹੀਦੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।