14 ਸਾਲ ਬਾਅਦ ਵੀ ਜ਼ਿੰਦਾ ਓਕ ਕ੍ਰੀਕ ਦਾ ਦਰਦ, ਵਿਸਕਾਨਸਿਨ ਸਰਕਾਰ ਵੱਲੋਂ ਸੱਤ ਸਿੱਖਾਂ ਨੂੰ ਸਲਾਮ
ਨਿਊਯਾਰਕ, 6 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਵਿਸਕਾਨਸਿਨ ਸੂਬੇ ਵਿੱਚ ਓਕ ਕ੍ਰੀਕ ਗੁਰਦੁਆਰਾ ਸਾਹਿਬ ’ਤੇ ਹੋਏ ਨਸਲੀ ਹਮਲੇ ਦੇ 14 ਸਾਲ ਪੂਰੇ ਹੋਣ ’ਤੇ ਸੂਬਾ ਸਰਕਾਰ ਨੇ ਸੱਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਗਵਰਨਰ ਟੋਨੀ ਐਵਰਸ ਨੇ 5 ਅਗਸਤ 2026 ਨੂੰ ਪੂਰੇ ਵਿਸਕਾਨਸਿਨ ਵਿੱਚ “ਓਕ ਕ੍ਰੀਕ ਸਿੱਖ ਗੁਰਦੁਆਰਾ ਗੋਲੀਬਾਰੀ ਦੀ 14ਵੀਂ ਬਰਸੀ” ਵਜੋਂ ਮਨਾਉਣ ਦਾ ਅਧਿਕਾਰਤ ਐਲਾਨ ਕਰਦਿਆਂ ਕਿਹਾ ਕਿ ਇਸ ਦੁਖਾਂਤ ਦੇ ਪੀੜਤਾਂ ਦੀ ਯਾਦ ਹਮੇਸ਼ਾ ਜਿਉਂਦੀ ਰਹੇਗੀ।
ਨਿਊਯਾਰਕ, 6 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਵਿਸਕਾਨਸਿਨ ਸੂਬੇ ਵਿੱਚ ਓਕ ਕ੍ਰੀਕ ਗੁਰਦੁਆਰਾ ਸਾਹਿਬ ’ਤੇ ਹੋਏ ਨਸਲੀ ਹਮਲੇ ਦੇ 14 ਸਾਲ ਪੂਰੇ ਹੋਣ ’ਤੇ ਸੂਬਾ ਸਰਕਾਰ ਨੇ ਸੱਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਗਵਰਨਰ ਟੋਨੀ ਐਵਰਸ ਨੇ 5 ਅਗਸਤ 2026 ਨੂੰ ਪੂਰੇ ਵਿਸਕਾਨਸਿਨ ਵਿੱਚ “ਓਕ ਕ੍ਰੀਕ ਸਿੱਖ ਗੁਰਦੁਆਰਾ ਗੋਲੀਬਾਰੀ ਦੀ 14ਵੀਂ ਬਰਸੀ” ਵਜੋਂ ਮਨਾਉਣ ਦਾ ਅਧਿਕਾਰਤ ਐਲਾਨ ਕਰਦਿਆਂ ਕਿਹਾ ਕਿ ਇਸ ਦੁਖਾਂਤ ਦੇ ਪੀੜਤਾਂ ਦੀ ਯਾਦ ਹਮੇਸ਼ਾ ਜਿਉਂਦੀ ਰਹੇਗੀ। 5 ਅਗਸਤ 2012 ਨੂੰ ਸਿੱਖ ਟੈਂਪਲ ਆਫ ਵਿਸਕਾਨਸਿਨ ਵਿੱਚ ਐਤਵਾਰ ਦੀ ਧਾਰਮਿਕ ਸੇਵਾ ਅਤੇ ਲੰਗਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਸੰਗਤ ਹਰ ਆਉਣ ਵਾਲੇ ਲਈ ਮੁਫ਼ਤ ਭੋਜਨ ਤਿਆਰ ਕਰ ਰਹੀ ਸੀ ਕਿ ਇੱਕ ਗੋਰੇ ਨਸਲਵਾਦੀ ਬੰਦੂਕਧਾਰੀ ਨੇ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋ ਕੇ ਗੋਲੀਆਂ ਚਲਾ ਦਿੱਤੀਆਂ। ਹਮਲੇ ਨੇ ਨਾ ਸਿਰਫ਼ ਸਿੱਖ ਭਾਈਚਾਰੇ ਸਗੋਂ ਪੂਰੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹਮਲੇ ਵਿੱਚ ਪ੍ਰਕਾਸ਼ ਸਿੰਘ (39), ਪਰਮਜੀਤ ਕੌਰ ਸੈਣੀ (41), ਸੀਤਾ ਸਿੰਘ (41), ਰਣਜੀਤ ਸਿੰਘ (49), ਸਤਵੰਤ ਸਿੰਘ ਕਾਲੇਕਾ (65) ਅਤੇ ਸੁਵੇਗ ਸਿੰਘ ਖੱਤਰਾ (84) ਦੀ ਜਾਨ ਚਲੀ ਗਈ। ਗੋਲੀ ਲੱਗਣ ਕਾਰਨ ਲਗਭਗ ਪੂਰੀ ਤਰ੍ਹਾਂ ਅਧਰੰਗ ਦਾ ਸ਼ਿਕਾਰ ਹੋਏ ਬਾਬਾ ਪੰਜਾਬ ਸਿੰਘ (72) ਨੇ ਕਰੀਬ ਅੱਠ ਸਾਲ ਤੱਕ ਜ਼ਿੰਦਗੀ ਨਾਲ ਸੰਘਰਸ਼ ਕੀਤਾ ਅਤੇ 2 ਮਾਰਚ 2020 ਨੂੰ ਜ਼ਖ਼ਮਾਂ ਨਾਲ ਜੁੜੀਆਂ ਪੇਚੀਦਗੀਆਂ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਇਸ ਤਰ੍ਹਾਂ ਇਸ ਹਮਲੇ ਨਾਲ ਜੁੜੀਆਂ ਮੌਤਾਂ ਦੀ ਗਿਣਤੀ ਸੱਤ ਹੋ ਗਈ। ਗੁਰਦੁਆਰਾ ਸਾਹਿਬ ਦੇ ਸੰਸਥਾਪਕ ਪ੍ਰਧਾਨ ਸਤਵੰਤ ਸਿੰਘ ਕਾਲੇਕਾ ਦੀ ਬਹਾਦਰੀ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦੀ ਹੈ। ਹਮਲਾਵਰ ਨੂੰ ਰੋਕਣ ਲਈ ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸ ਵੱਲ ਵਧੇ ਅਤੇ ਇਸ ਕੋਸ਼ਿਸ਼ ਵਿੱਚ ਆਪਣੀ ਜਾਨ ਕੁਰਬਾਨ ਕਰ ਗਏ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਵੀ ਬੇਮਿਸਾਲ ਹਿੰਮਤ ਦਿਖਾਈ। ਲੈਫਟੀਨੈਂਟ ਬ੍ਰਾਇਨ ਮਰਫੀ ਹਮਲਾਵਰ ਦੀਆਂ ਗੋਲੀਆਂ ਨਾਲ ਗੰਭੀਰ ਜ਼ਖ਼ਮੀ ਹੋਏ। ਗਵਰਨਰ ਟੋਨੀ ਐਵਰਸ ਨੇ ਆਪਣੇ ਐਲਾਨ ਵਿੱਚ ਮਰਫੀ ਅਤੇ ਅਫ਼ਸਰ ਸਾਵਨ “ਸੈਮ” ਲੈਂਡਾ ਦੀ ਬਹਾਦਰੀ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਹੈ। ਉਨ੍ਹਾਂ ਦੀ ਤੁਰੰਤ ਕਾਰਵਾਈ ਨੇ ਹੋਰ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਦਿਨ ਜਾਨਾਂ ਬਚਾਉਣ ਲਈ ਅੱਗੇ ਆਏ ਪੁਲਿਸ ਅਧਿਕਾਰੀਆਂ, ਡਾਕਟਰਾਂ ਅਤੇ ਐਮਰਜੈਂਸੀ ਕਰਮਚਾਰੀਆਂ ਦਾ ਸਿੱਖ ਭਾਈਚਾਰਾ ਅੱਜ ਵੀ ਧੰਨਵਾਦ ਕਰਦਾ ਹੈ। ਇਸ ਕਤਲੇਆਮ ਨਾਲ ਜੁੜੀ ਇੱਕ ਬੇਹੱਦ ਦਰਦਨਾਕ ਕਹਾਣੀ ਗ੍ਰੰਥੀ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਗੁਰਵਿੰਦਰ ਸਿੰਘ ਦੀ ਹੈ। ਰਣਜੀਤ ਸਿੰਘ 1997 ਵਿੱਚ ਆਪਣੇ ਪਰਿਵਾਰ ਨੂੰ ਭਾਰਤ ਛੱਡ ਕੇ ਅਮਰੀਕਾ ਆਏ ਸਨ। ਉਸ ਸਮੇਂ ਗੁਰਵਿੰਦਰ ਸਿਰਫ਼ ਸੱਤ ਮਹੀਨਿਆਂ ਦਾ ਸੀ। ਕਰੀਬ 14 ਸਾਲ ਪਿਤਾ-ਪੁੱਤਰ ਫੋਨ ’ਤੇ ਗੱਲਾਂ ਕਰਦੇ ਰਹੇ, ਪਰ ਸਾਹਮਣੇ ਮਿਲਣ ਦਾ ਸੁਪਨਾ ਪੂਰਾ ਨਾ ਹੋ ਸਕਿਆ। ਰਣਜੀਤ ਸਿੰਘ ਨੇ ਦੀਵਾਲੀ ਮੌਕੇ ਭਾਰਤ ਜਾਣ ਦਾ ਵਾਅਦਾ ਕੀਤਾ ਸੀ, ਪਰ ਉਸ ਤੋਂ ਕੁਝ ਮਹੀਨੇ ਪਹਿਲਾਂ ਹੀ ਇਸ ਹਮਲੇ ਵਿੱਚ ਉਨ੍ਹਾਂ ਦੀ ਜਾਨ ਚਲੀ ਗਈ। ਗੁਰਵਿੰਦਰ ਜਦੋਂ ਅਮਰੀਕਾ ਪਹੁੰਚਿਆ ਤਾਂ ਜਿਸ ਪਿਤਾ ਨੂੰ ਮਿਲਣ ਦੀ ਉਹ ਸਾਰੀ ਉਮਰ ਉਡੀਕ ਕਰਦਾ ਰਿਹਾ ਸੀ, ਉਸਨੂੰ ਪਹਿਲੀ ਵਾਰ ਤਾਬੂਤ ਵਿੱਚ ਦੇਖਿਆ। ਹਮਲੇ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਆਪਣੇ ਦੁੱਖ ਨੂੰ ਆਵਾਜ਼ ਬਣਾਇਆ। ਪਰਮਜੀਤ ਕੌਰ ਸੈਣੀ ਦੇ ਪੁੱਤਰ ਹਰਪ੍ਰੀਤ ਸਿੰਘ ਸੈਣੀ ਨੇ ਅਮਰੀਕੀ ਸੈਨੇਟ ਸਾਹਮਣੇ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਵੱਖਰੇ ਤੌਰ ’ਤੇ ਦਰਜ ਕਰਨ ਦੀ ਮੰਗ ਕੀਤੀ। ਬਾਅਦ ਵਿੱਚ 2015 ਤੋਂ ਐਫ਼.ਬੀ.ਆਈ. ਨੇ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਦਾ ਵੱਖਰਾ ਰਿਕਾਰਡ ਰੱਖਣਾ ਸ਼ੁਰੂ ਕੀਤਾ। ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਉਸ ਸਮੇਂ ਡੂੰਘਾ ਦੁੱਖ ਪ੍ਰਗਟ ਕਰਦਿਆਂ ਸਿੱਖਾਂ ਨੂੰ ਅਮਰੀਕੀ ਪਰਿਵਾਰ ਦਾ ਅਹਿਮ ਹਿੱਸਾ ਦੱਸਿਆ ਸੀ। ਹੁਣ 14ਵੀਂ ਬਰਸੀ ’ਤੇ ਅਮਰੀਕੀ ਸੰਸਦ ਮੈਂਬਰ ਮਾਈਕ ਥਾਮਪਸਨ ਨੇ ਵੀ ਪੀੜਤਾਂ ਨੂੰ ਯਾਦ ਕਰਦਿਆਂ ਨਫ਼ਰਤ ਅਤੇ ਬੰਦੂਕ ਹਿੰਸਾ ਵਿਰੁੱਧ ਮਿਲ ਕੇ ਖੜ੍ਹਨ ਦਾ ਸੱਦਾ ਦਿੱਤਾ ਹੈ। ਗੁਰਦੁਆਰਾ ਸਾਹਿਬ ਵਿੱਚ ਅੱਜ ਵੀ ਉਸ ਦਿਨ ਦੀ ਗੋਲੀ ਦਾ ਇੱਕ ਨਿਸ਼ਾਨ ਯਾਦ ਵਜੋਂ ਸੰਭਾਲਿਆ ਹੋਇਆ ਹੈ। ਉਸਦੇ ਨਾਲ ਲਿਖੇ ਸ਼ਬਦ “ਵੀ.ਆਰ.ਵਨ”—“ਅਸੀਂ ਸਭ ਇੱਕ ਹਾਂ”—ਓਕ ਕ੍ਰੀਕ ਦੀ ਤ੍ਰਾਸਦੀ ਤੋਂ ਨਿਕਲੇ ਏਕਤਾ ਦੇ ਸੁਨੇਹੇ ਨੂੰ ਅੱਜ ਵੀ ਜਿਉਂਦਾ ਰੱਖਦੇ ਹਨ। 14 ਸਾਲਾਂ ਦੌਰਾਨ ਸਿੱਖ ਭਾਈਚਾਰੇ ਨੇ ਬਦਲੇ ਦੀ ਥਾਂ “ਚੜ੍ਹਦੀ ਕਲਾ” ਅਤੇ “ਸਰਬੱਤ ਦੇ ਭਲੇ” ਦਾ ਰਾਹ ਚੁਣਿਆ। ਇਸ ਦੁਖਾਂਤ ਨੂੰ ਸਮੇਂ ਦੇ ਨਾਲ ਗੁੰਮ ਨਾ ਹੋਣ ਦੇਣ ਅਤੇ ਪੀੜਤ ਪਰਿਵਾਰਾਂ ਦੀ ਆਵਾਜ਼ ਦੁਨੀਆ ਤੱਕ ਪਹੁੰਚਾਉਣ ਲਈ ਅਮਰੀਕੀ ਮੀਡੀਆ ਦਾ ਵੀ ਧੰਨਵਾਦ ਬਣਦਾ ਹੈ। ਓਕ ਕ੍ਰੀਕ ਦੀ ਯਾਦ ਅੱਜ ਸਿਰਫ਼ ਸੱਤ ਵਿਛੜੀਆਂ ਜਾਨਾਂ ਦੀ ਯਾਦ ਨਹੀਂ, ਸਗੋਂ ਨਫ਼ਰਤ ਵਿਰੁੱਧ ਏਕਤਾ, ਸੇਵਾ ਅਤੇ ਮਨੁੱਖਤਾ ਦਾ ਮਜ਼ਬੂਤ ਸੁਨੇਹਾ ਬਣ ਚੁੱਕੀ ਹੈ।