24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਨਿਊਯਾਰਕ ’ਚ ਇਮੀਗ੍ਰੇਸ਼ਨ ਅਦਾਲਤ ‘ਤੇ ਸਰਕਾਰ ਵਿਰੋਧੀ ਹਮਲਾ, ਫੌਜ ਦੇ ਸਾਬਕਾ ਜਵਾਨ ਨੇ ਪਟਾਕਿਆਂ ਤੇ ਪੈਟਰੋਲ ਨਾਲ ਲਗਾਈ ਅੱਗ

ਅਜੀਤ ਡੈਸਕ 22-07-2026
ਨਿਊਯਾਰਕ, 21 ਜੁਲਾਈ (ਰਾਜੂ ਸਹਿਬਾਜ਼ਪੁਰਾ ) ਲੋਅਰ ਮੈਨਹੈਟਨ ਸਥਿਤ ਪ੍ਰਮੁੱਖ ਸਰਕਾਰੀ ਇਮਾਰਤ 26 ਫੈਡਰਲ ਪਲਾਜ਼ਾ ਦੇ ਬਾਹਰ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇੱਕ ਹਥਿਆਰਬੰਦ ਵਿਅਕਤੀ ਨੇ ਇਮੀਗ੍ਰੇਸ਼ਨ ਅਦਾਲਤ ਅਤੇ ਸੰਘੀ ਦਫ਼ਤਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੱਗਜ਼ਨੀ ਕੀਤੀ। ਮੌਕੇ ‘ਤੇ ਤਾਇਨਾਤ ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕਰਦਿਆਂ ਹਮਲਾਵਰ ਨੂੰ ਕਾਬੂ ਕਰ ਲਿਆ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਸੋਮਵਾਰ ਸਵੇਰੇ ਲਗਭਗ 8:30 ਵਜੇ ਵਾਪਰੀ। ਸ਼ੱਕੀ ਨੇ ਇਮਾਰਤ ਦੀਆਂ ਮੁੱਖ ਪੌੜੀਆਂ ‘ਤੇ ਪੈਟਰੋਲ ਸੁੱਟ ਕੇ ਪਟਾਕਿਆਂ ਨਾਲ ਅੱਗ ਲਗਾ ਦਿੱਤੀ, ਜਿਸ ਨਾਲ ਇਮਾਰਤ ਦੇ ਬਾਹਰੀ ਹਿੱਸੇ ‘ਚ ਧੂੰਏਂ ਦਾ ਗੁਬਾਰ ਫੈਲ ਗਿਆ। ਇਸ ਤੋਂ ਬਾਅਦ ਹਮਲਾਵਰ ਨੇ ਏਅਰਸਾਫਟ ਗਨ ਨਾਲ ਛੱਰੇ ਵੀ ਚਲਾਏ। ਅੱਗ ਕਾਰਨ ਬਾਹਰ ਪਏ ਕੂੜੇਦਾਨ ਨੂੰ ਅੱਗ ਲੱਗ ਗਈ, ਪਰ ਫਾਇਰ ਬ੍ਰਿਗੇਡ ਨੇ ਸਮਾਂ ਰਹਿੰਦੇ ਅੱਗ ‘ਤੇ ਕਾਬੂ ਪਾ ਲਿਆ ਅਤੇ ਇਸ ਨੂੰ ਇਮਾਰਤ ਦੇ ਅੰਦਰ ਫੈਲਣ ਤੋਂ ਰੋਕ ਲਿਆ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ 43 ਸਾਲਾ ਐਂਡਰਿਊ ਅਰਾਬਾਕਾ ਵਜੋਂ ਹੋਈ ਹੈ, ਜੋ ਪੋਕਿਪਸੀ ਦਾ ਰਹਿਣ ਵਾਲਾ ਹੈ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਅਰਾਬਾਕਾ 2001 ਤੋਂ 2005 ਤੱਕ ਅਮਰੀਕੀ ਫੌਜ ਵਿੱਚ ਮਿਜ਼ਾਈਲ ਸਿਸਟਮ ਦੇ ਮਕੈਨਿਕ ਵਜੋਂ ਸੇਵਾ ਨਿਭਾ ਚੁੱਕਾ ਹੈ। ਸੁਰੱਖਿਆ ਅਧਿਕਾਰੀਆਂ ਅਨੁਸਾਰ ਹਮਲਾਵਰ ਪੂਰੀ ਤਿਆਰੀ ਨਾਲ ਆਇਆ ਸੀ। ਉਸ ਦੇ ਕਬਜ਼ੇ ‘ਚੋਂ ਦੋ ਏਅਰਸਾਫਟ ਗਨ, ਦੋ ਕੁਹਾੜੀਆਂ, ਹਥੌੜਾ, ਮਛੇਤਾ, ਛੁਰੀਆਂ, ਇੱਕ ਲਿਖਤੀ ਮੈਨੀਫੈਸਟੋ ਅਤੇ ਆਈ.ਸੀ.ਈ. ਹਟਾਓ ਦੇ ਪੋਸਟਰ ਵਾਲੀ ਰੇਹੜੀ ਬਰਾਮਦ ਹੋਈ ਹੈ।
ਫੈਡਰਲ ਪ੍ਰੋਟੈਕਟਿਵ ਸਰਵਿਸ ਦੇ ਇੱਕ ਅਧਿਕਾਰੀ ਨੇ ਮੁਸਤੈਦੀ ਦਿਖਾਉਂਦੇ ਹੋਏ ਹਮਲਾਵਰ ਨੂੰ ਜ਼ਮੀਨ ‘ਤੇ ਪਛਾੜ ਕੇ ਹਿਰਾਸਤ ਵਿੱਚ ਲਿਆ। ਇਸ ਝੜਪ ਅਤੇ ਘਟਨਾ ਦੌਰਾਨ ਇੱਕ ਸੁਰੱਖਿਆ ਅਧਿਕਾਰੀ, ਇੱਕ ਸਰਕਾਰੀ ਕਰਮਚਾਰੀ ਅਤੇ ਇੱਕ ਆਮ ਨਾਗਰਿਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ।
ਸ਼ੁਰੂਆਤੀ ਪੁੱਛਗਿੱਛ ਦੌਰਾਨ ਸ਼ੱਕੀ ਨੇ ਮੰਨਿਆ ਕਿ ਉਸ ਦਾ ਮਨੋਰਥ ਇਮਾਰਤ ਨੂੰ ਨਿਸ਼ਾਨਾ ਬਣਾਉਣਾ ਸੀ। ਸੁਰੱਖਿਆ ਅਧਿਕਾਰੀਆਂ ਨੇ ਇਸ ਨੂੰ ਸਰਕਾਰ ਵਿਰੋਧੀ ਅਤੇ ਕੱਟੜਪੰਥੀ ਹਮਲਾ ਕਰਾਰ ਦਿੱਤਾ ਹੈ। ਫਿਲਹਾਲ ਜੁਆਇੰਟ ਟੈਰੋਰਿਜ਼ਮ ਟਾਸਕ ਫੋਰਸ, ਐਫ.ਬੀ.ਆਈ. ਅਤੇ ਸਥਾਨਕ ਪੁਲਿਸ ਮਿਲ ਕੇ ਇਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ। ਪ੍ਰਸ਼ਾਸਨ ਨੇ ਸ਼ਹਿਰ ਵਿੱਚ ਸੁਰੱਖਿਆ ਵਿਵਸਥਾ ਹੋਰ ਮਜ਼ਬੂਤ ਕਰ ਦਿੱਤੀ ਹੈ।
ਪਿਛਲੀ ਖ਼ਬਰ ਵਾਈਟ ਰੌਕ ’ਚ ਵਿਸ਼ੇਸ਼ ਵ੍ਹੀਲਚੇਅਰ ਸੇਵਾ ਸ਼ੁਰੂ ਅਗਲੀ ਖ਼ਬਰ ਵਿਸ਼ਵ ਕੱਪ ਫਾਈਨਲ ਦੌਰਾਨ ਨਿਊਜਰਸੀ ਦੇ ਪਾਬੰਦੀਸ਼ੁਦਾ ਹਵਾਈ ਖੇਤਰ ’ਚ ਦਾਖ਼ਲ ਹੋਏ 10 ਤੋਂ ਵੱਧ ਜਹਾਜ਼ -ਐੱਫ-16 ਨੇ ਕੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।