07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਅਮਰੀਕਾ ਦੀਆਂ ਪ੍ਰਮੁੱਖ ਸਿੱਖ ਸੰਸਥਾਵਾਂ ਦਾ ਐਲਾਨ: ਐਫ਼.ਬੀ.ਆਈ. ਦੀ ਕਾਰਵਾਈ ਦਾ ਸਵਾਗਤ : ਐਫ਼.ਬੀ.ਆਈ. ਵੱਲੋਂ ਐਲਾਨੇ ਅਪਰਾਧੀ ਗੈਂਗਸਟਰਾਂ ਸਬੰਧੀ ਗੁਰਦੁਆਰਿਆਂ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ, ਐਲਾਨੇ ਅਪਰਾਧੀਆਂ ਦੇ ਲਗਾਏ ਜਾਣ ਪੋਸਟਰ

ਅਜੀਤ ਡੈਸਕ 18-07-2026
ਨਿਊਯਾਰਕ, 17 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੀਆਂ ਪ੍ਰਮੁੱਖ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਨੇ ਇੱਕ ਐਮਰਜੈਂਸੀ ਕਾਨਫਰੰਸ ਕਾਲ ਰਾਹੀਂ ਅਮਰੀਕੀ ਫੈਡਰਲ ਅਦਾਲਤ ਦੇ ਸੈਂਟਰਲ ਡਿਸਟ੍ਰਿਕਟ ਆਫ਼ ਕੈਲੀਫ਼ੋਰਨੀਆ ਵਿੱਚ ਪਿਛਲੇ ਹਫ਼ਤੇ ਭਾਰਤ ਸਰਕਾਰ ਨਾਲ ਕਥਿਤ ਸਬੰਧ ਰੱਖਣ ਵਾਲੇ ਅਪਰਾਧਿਕ ਗਿਰੋਹਾਂ ਦੇ ਮੈਂਬਰਾਂ ਵਿਰੁੱਧ ਦਾਇਰ ਕੀਤੇ ਗਏ ਦੋਸ਼-ਪੱਤਰਾਂ, ਜਿਨ੍ਹਾਂ ਨੂੰ ਇੰਡਾਈਟਮੈਂਟਸ ਕਿਹਾ ਗਿਆ ਹੈ, ਬਾਰੇ ਗੰਭੀਰ ਅਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਜਨਤਕ ਕੀਤੇ ਗਏ ਦੋਸ਼-ਪੱਤਰਾਂ ਅਨੁਸਾਰ, ਐਫ਼.ਬੀ.ਆਈ. ਦੇ ਲਾਸ ਏਂਜਲਸ ਫ਼ੀਲਡ ਦਫ਼ਤਰ ਦੇ ਇੰਚਾਰਜ ਸਹਾਇਕ ਡਾਇਰੈਕਟਰ ਪੈਟਰਿਕ ਗ੍ਰੈਂਡੀ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਕੈਲੀਫ਼ੋਰਨੀਆ ਵਿੱਚ 11, ਇੰਡੀਆਨਾ ਵਿੱਚ ਇੱਕ, ਜਾਰਜੀਆ ਵਿੱਚ ਇੱਕ, ਸਪੇਨ ਵਿੱਚ ਇੱਕ ਅਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਨਕੂਵਰ ਸ਼ਹਿਰ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਹੋਰ ਮੁਲਜ਼ਮ ਪਹਿਲਾਂ ਹੀ ਹਿਰਾਸਤ ਵਿੱਚ ਹਨ, ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਜਾਂਚ ਅਤੇ ਕਾਨੂੰਨੀ ਕਾਰਵਾਈ ਲਗਾਤਾਰ ਜਾਰੀ ਹੈ। ਐਫ਼.ਬੀ.ਆਈ. ਅਨੁਸਾਰ, ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਇੱਕ ਕਥਿਤ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਦਾ ਪਰਦਾਫ਼ਾਸ਼ ਹੋਇਆ ਹੈ। ਇਸ ਨੈੱਟਵਰਕ ਉੱਤੇ ਦਹਿਸ਼ਤ ਫੈਲਾਉਣ, ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਅਤੇ ਅਮਰੀਕਾ ਸਮੇਤ ਹੋਰ ਦੇਸ਼ਾਂ ਵਿੱਚ ਹਿੰਸਕ ਵਾਰਦਾਤਾਂ ਰਾਹੀਂ ਅਨੇਕਾਂ ਜਾਨਾਂ ਲੈਣ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਪ੍ਰੈਸ ਨੋਟ ਮੁਤਾਬਕ ਇਹ ਦੋਸ਼-ਪੱਤਰ ਐਫ਼.ਬੀ.ਆਈ. ਵੱਲੋਂ ਤਿੰਨ ਸਾਲ ਤੱਕ ਚਲਾਈ ਗਈ ਗੁਪਤ ਜਾਂਚ “ਆਪਰੇਸ਼ਨ ਹਾਰਡ ਬਾਲ” ਦਾ ਨਤੀਜਾ ਹਨ। ਜਾਂਚ ਦੌਰਾਨ ਕਥਿਤ ਤੌਰ ਉੱਤੇ ਇਹ ਗੱਲ ਸਾਹਮਣੇ ਆਈ ਕਿ ਭਾਰਤ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਉੱਤਰੀ ਅਮਰੀਕਾ ਵਿੱਚ ਸਰਗਰਮ ਆਪਣੇ ਗਿਰੋਹ ਰਾਹੀਂ 2023 ਵਿੱਚ ਕੈਨੇਡਾ ਦੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਰਚੀ।
ਪ੍ਰੈਸ ਬਿਆਨ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਕਥਿਤ ਤੌਰ ਉੱਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪ੍ਰੌਕਸੀ ਜਾਂ ਨੁਮਾਇੰਦੇ ਵਜੋਂ ਕੰਮ ਕਰ ਰਿਹਾ ਸੀ। ਦੋਸ਼-ਪੱਤਰ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀ ਸਤਿੰਦਰਜੀਤ ਸਿੰਘ ਉਰਫ਼ “ਗੋਲਡੀ ਬਰਾੜ” ਨੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਯੋਜਨਾ ਤਿਆਰ ਕੀਤੀ ਸੀ।
ਬਿਆਨ ਅਨੁਸਾਰ ਗੋਲਡੀ ਬਰਾੜ ਅਜੇ ਵੀ ਫ਼ਰਾਰ ਹੈ ਅਤੇ ਐਫ਼.ਬੀ.ਆਈ. ਨੇ ਉਸ ਦੀ ਗ੍ਰਿਫ਼ਤਾਰੀ ਵਿੱਚ ਸਹਾਇਕ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ 50 ਹਜ਼ਾਰ ਅਮਰੀਕੀ ਡਾਲਰ ਤੱਕ ਦੇ ਇਨਾਮ ਦਾ ਐਲਾਨ ਕੀਤਾ ਹੋਇਆ ਹੈ।
ਮੀਟਿੰਗ ਵਿੱਚ ਸ਼ਾਮਲ ਸਮੂਹ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਉੱਤਰੀ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਐਫ਼.ਬੀ.ਆਈ. ਅਤੇ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਕੀਤੀ ਗਈ ਕਾਰਵਾਈ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਿੱਖ ਭਾਈਚਾਰੇ ਦੀ ਸੁਰੱਖਿਆ, ਜਾਗਰੂਕਤਾ ਅਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਈ ਮਹੱਤਵਪੂਰਨ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।
ਪਹਿਲੇ ਮਤੇ ਰਾਹੀਂ ਐਫ਼.ਬੀ.ਆਈ. ਅਤੇ ਅਮਰੀਕੀ ਸਰਕਾਰ ਦੇ ਅਧਿਕਾਰੀਆਂ ਦਾ ਭਾਰਤ ਸਰਕਾਰ ਨਾਲ ਕਥਿਤ ਸਬੰਧ ਰੱਖਣ ਵਾਲੇ ਅਪਰਾਧਿਕ ਗਿਰੋਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਰਸਮੀ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਭਾਰਤ ਦੀ ਹਿਰਾਸਤ ਵਿੱਚ ਮੌਜੂਦ ਲਾਰੈਂਸ ਬਿਸ਼ਨੋਈ ਸਮੇਤ ਹੋਰ ਮੁਲਜ਼ਮਾਂ ਨੂੰ ਅਮਰੀਕਾ ਹਵਾਲੇ ਕਰਨ ਦੀ ਮੰਗ ਉਠਾਈ ਗਈ।
ਦੂਜੇ ਮਤੇ ਵਿੱਚ ਇਨ੍ਹਾਂ ਅਪਰਾਧਾਂ ਦੇ ਕਥਿਤ ਸਰਪ੍ਰਸਤ ਦੱਸੇ ਗਏ ਅਮਿਤ ਸ਼ਾਹ ਅਤੇ ਅਜੀਤ ਡੋਵਾਲ ਨੂੰ ਵੀ ਅਮਰੀਕਾ ਹਵਾਲੇ ਕਰਨ ਦੀ ਮੰਗ ਕੀਤੀ ਗਈ।
ਤੀਜੇ ਮਤੇ ਤਹਿਤ ਅਮਰੀਕਾ ਅਤੇ ਕੈਨੇਡਾ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸੰਗਤਾਂ ਨੂੰ ਇਨ੍ਹਾਂ ਦੋਸ਼-ਪੱਤਰਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਉਣ ਅਤੇ ਇਸ ਮਾਮਲੇ ਸਬੰਧੀ ਵਿਆਪਕ ਜਾਗਰੂਕਤਾ ਪੈਦਾ ਕਰਨ।
ਚੌਥੇ ਮਤੇ ਵਿੱਚ ਕਿਹਾ ਗਿਆ ਕਿ ਜੇ ਕਿਸੇ ਵੀ ਵਿਅਕਤੀ ਕੋਲ ਐਫ਼.ਬੀ.ਆਈ. ਵੱਲੋਂ ਲੋੜੀਂਦੇ ਮੁਲਜ਼ਮਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਜਾਂਚ ਏਜੰਸੀਆਂ ਨਾਲ ਸਾਂਝੀ ਕਰੇ ਅਤੇ ਕਾਨੂੰਨੀ ਕਾਰਵਾਈ ਵਿੱਚ ਪੂਰਾ ਸਹਿਯੋਗ ਦੇਵੇ। ਇਸ ਦੇ ਨਾਲ ਹੀ ਐਫ਼.ਬੀ.ਆਈ. ਵੱਲੋਂ ਐਲਾਨੇ ਅਪਰਾਧੀਆਂ ਦੇ ਪੋਸਟਰ ਗੁਰਦੁਆਰਿਆਂ ਅਤੇ ਹੋਰ ਜਨਤਕ ਸਥਾਨਾਂ ਉੱਤੇ ਲਗਾਉਣ ਅਤੇ ਸੰਗਤਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ ਵੀ ਦਿੱਤਾ ਗਿਆ।
ਪੰਜਵੇਂ ਮਤੇ ਰਾਹੀਂ ਮਨੁੱਖੀ ਅਧਿਕਾਰਾਂ ਦੇ ਮਹਾਨ ਯੋਧੇ ਅਤੇ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ, ਸੰਘਰਸ਼ ਅਤੇ ਸ਼ਹਾਦਤ ਉੱਤੇ ਆਧਾਰਿਤ ਫ਼ਿਲਮ “ਸਤਲੁਜ” ਦੇ ਜਨਤਕ ਪ੍ਰਦਰਸ਼ਨ ਵੱਖ-ਵੱਖ ਜਨਤਕ ਸਥਾਨਾਂ ਉੱਤੇ ਕਰਵਾਉਣ ਦੀ ਅਪੀਲ ਕੀਤੀ ਗਈ।
ਛੇਵੇਂ ਮਤੇ ਵਿੱਚ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਅਰਦਾਸਾਂ ਅਤੇ ਸ਼ਰਧਾਂਜਲੀ ਸਮਾਗਮਾਂ ਦਾ ਆਯੋਜਨ ਕਰਨ ਦਾ ਸੱਦਾ ਦਿੱਤਾ ਗਿਆ, ਤਾਂ ਜੋ ਉਨ੍ਹਾਂ ਵੱਲੋਂ ਮਨੁੱਖੀ ਅਧਿਕਾਰਾਂ ਲਈ ਕੀਤੇ ਸੰਘਰਸ਼ ਅਤੇ ਦਿੱਤੀ ਕੁਰਬਾਨੀ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾ ਸਕੇ।
ਇਸ ਸਾਂਝੇ ਪ੍ਰੈਸ ਬਿਆਨ ਉੱਤੇ ਹਿੰਮਤ ਸਿੰਘ, ਕੋਆਰਡੀਨੇਟਰ–ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (SCCEC); ਡਾ. ਪ੍ਰਿਤਪਾਲ ਸਿੰਘ, ਕੋਆਰਡੀਨੇਟਰ–ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (AGPC); ਦੇਵਿੰਦਰ ਬੋਪਾਰਾਏ, ਪ੍ਰਧਾਨ–ਸਿੱਖ ਕਲਚਰਲ ਸੋਸਾਇਟੀ, ਨਿਊਯਾਰਕ; ਹਰਜਿੰਦਰ ਸਿੰਘ, ਕਾਰਜਕਾਰੀ ਡਾਇਰੈਕਟਰ–ਅਮਰੀਕਨ ਸਿੱਖ ਕਾਕਸ ਕਮੇਟੀ (ASCC); ਜੋਗਾ ਸਿੰਘ, ਪ੍ਰਧਾਨ–ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਨਿਊ ਜਰਸੀ ਚੈਪਟਰ; ਜਸਵੰਤ ਸਿੰਘ ਹੋਠੀ, ਪ੍ਰਧਾਨ–ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (AGPC); ਸੁਰਜੀਤ ਸਿੰਘ ਕੁਲਾਰ, ਪ੍ਰਧਾਨ–ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਮਰੀਕਾ; ਬਲਵਿੰਦਰ ਸਿੰਘ ਚੱਠਾ, ਵਰਲਡ ਸਿੱਖ ਪਾਰਲੀਮੈਂਟ (WSP); ਭਗਤ ਸਿੰਘ, ਵਰਲਡ ਸਿੱਖ ਪਾਰਲੀਮੈਂਟ (WSP), ਔਟਾਵਾ, ਕੈਨੇਡਾ; ਜਸਵਿੰਦਰ ਸਿੰਘ ਜੰਡੀ, ਗੁਰਦੁਆਰਾ ਫ੍ਰੀਮਾਂਟ, ਕੈਲੀਫ਼ੋਰਨੀਆ; ਕੁਲਜੀਤ ਸਿੰਘ ਨਿੱਝਰ, ਸਟਾਕਟਨ ਗੁਰਦੁਆਰਾ, ਕੈਲੀਫ਼ੋਰਨੀਆ; ਦੇਵਿੰਦਰ ਸਿੰਘ ਦਿਓ, ਸਿੰਘ ਸਭਾ ਗੁਰਦੁਆਰਾ, ਵਰਜੀਨੀਆ; ਸੰਤੋਖ ਸਿੰਘ, ਵਰਲਡ ਸਿੱਖ ਪਾਰਲੀਮੈਂਟ (WSP), ਇੰਡੀਆਨਾ; ਸੁਰਿੰਦਰ ਗਿੱਲ, ਸਿੰਘ ਸਭਾ ਗੁਰਦੁਆਰਾ, ਡੈਲਸ, ਟੈਕਸਾਸ; ਡਾ. ਹਰਦਮ ਸਿੰਘ ਆਜ਼ਾਦ, ਨੈਸ਼ਨਲ ਸਿੱਖ ਸੈਂਟਰ, ਹਿਊਸਟਨ, ਟੈਕਸਾਸ; ਬਲਾਕਾ ਸਿੰਘ, ਸਿੱਖ ਯੂਥ ਆਫ਼ ਅਮਰੀਕਾ ਅਤੇ ਹਰਪਾਲ ਸਿੰਘ, ਗੁਰਦੁਆਰਾ ਸੀਐਟਲ, ਵਾਸ਼ਿੰਗਟਨ ਨੇ ਦਸਤਖ਼ਤ ਕੀਤੇ ਹਨ।
ਪਿਛਲੀ ਖ਼ਬਰ ਕੈਨੇਡਾ ਦੀ ਜੰਗਲੀ ਅੱਗ ਨੇ ਅਮਰੀਕਾ ਨੂੰ ਧੂੰਏਂ ਦੀ ਚਾਦਰ ਹੇਠ ਲਿਆਂਦਾ, ਰਿਪਬਲਿਕਨ ਸੈਨੇਟਰ ਨੇ ਪਾਬੰਦੀਆਂ ਵਾਲੇ ਬਿੱਲ ਦਾ... ਅਗਲੀ ਖ਼ਬਰ ਸੋਮਾਲੀਆ ਭੱਜਿਆ ‘ਫੀਡਿੰਗ ਆਵਰ ਫਿਊਚਰ’ ਘੁਟਾਲੇ ਦਾ ਵੱਡਾ ਮੁਲਜ਼ਮ ਅਮਰੀਕਾ ਵਾਪਸ ਲਿਆਂਦਾ, ਮਿਨੇਸੋਟਾ ਵਿੱਚ ਮੁਕੱਦਮੇ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।