05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਪੁਲਿਸ ’ਤੇ ਹਮਲਿਆਂ ਤੋਂ ਬਾਅਦ ਕੈਨੇਡਾ ਭਰ ’ਚ ਚੌਕਸੀ ਵਧਾਈ

ਅਜੀਤ ਡੈਸਕ 24-06-2026
ਟੋਰਾਂਟੋ, 23 ਜੂਨ (ਸਤਪਾਲ ਸਿੰਘ ਜੌਹਲ)-ਕੈਨੇਡਾ ’ਚ ਬੀਤੇ ਦਿਨਾਂ ਤੋਂ ਪੁਲਿਸ ਅਫਸਰਾਂ ’ਤੇ ਹਮਲੇ ਕਰਕੇ ਕਤਲ ਤੇ ਜ਼ਖਮੀ ਕਰਨ ਦੀਆਂ ਘਟਨਾਵਾਂ ਲਗਾਤਾਰਤਾ ਨਾਲ ਵਾਪਰੀਆਂ ਹਨ, ਜਿਸ ਕਰਕੇ ਦੇਸ਼ ਭਰ ’ਚ ਪੁਲਿਸ ਦੀ ਚੌਕਸੀ ਤੇ ਗਸ਼ਤ ਵਧਾਈ ਗਈ ਹੈ। ਟੋਰਾਂਟੋ, ਵੈਨਕੋਵਰ, ਮਾਂਟਰੀਅਲ, ਕੈਲਗਰੀ ਸਮੇਤ ਸਾਰੇ ਵੱਡੇ ਤੇ ਛੋਟੇ ਸ਼ਹਿਰਾਂ ’ਚ ਸੀਨੀਅਰ ਅਫਸਰਾਂ ਵਲੋਂ ਪੁਲਿਸ ਅਫਸਰਾਂ ਨੂੰ ਸਾਵਧਾਨ ਤੇ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਸ ਜੂਨ ਮਹੀਨੇ ਦੌਰਾਨ ਵੱਖ-ਵੱਖ ਥਾਵਾਂ ’ਤੇ ਅੱਧੀ ਦਰਜਣ ਘਟਨਾਵਾਂ ’ਚ ਪੁਲਿਸ ਅਫਸਰ ਮਾਰੇ ਗਏ ਜਾਂ ਜ਼ਖਮੀ ਹੋਣ ਦੀਆਂ ਖਬਰਾਂ ਹਨ। ਮਾਂਟਰੀਅਲ ’ਚ ਬੀਤੇ ਕੱਲ੍ਹ ਇਕ ਹਥਿਆਰਬੰਦ ਸ਼ੱਕੀ ਨੇ 1 ਪੁਲਿਸ ਅਫਸਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਵਿਚ 1 ਆਮ ਨਾਗਰਿਕ ਮਾਰਿਆ ਗਿਆ ਤੇ 1 ਪੁਲਿਸ ਅਫਸਰ ਜ਼ਖਮੀ ਹੋਇਆ। ਇਸੇ ਤਰ੍ਹਾਂ ਸਸਕਾਚਵਾਨ ’ਚ ਕੱਲ੍ਹ ਇਕ ਹਮਲਾਵਰ ਨੇ ਗੋਲੀਆਂ ਮਾਰ ਕੇ 2 ਪੁਲਿਸ ਅਫਸਰ ਜ਼ਖਮੀ ਕਰ ਦਿੱਤੇ। ਬੀਤੀ 11, ਅਤੇ 12 ਜੂਨ ਨੂੰ ਟੋਰਾਂਟੋ ਵਿੱਚ ਦੋ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿਚ ਡਿਊਟੀ ਦੌਰਾਨ ਹਮਲਾਵਰ ਦੀ ਗੋਲੀ ਲੱਗਣ ਨਾਲ 1 ਪੁਲਿਸ ਅਫਸਰ ਦੀ ਮੌਤ ਹੋ ਗਈ ਤੇ ਭੜਕੇ ਹੋਏ ਕੁੱਝ ਫੁੱਟਬਾਲ ਪ੍ਰੇਮੀਆਂ ਨੂੰ ਖਦੇੜਨ ਸਮੇਂ 2 ਪੁਲਿਸ ਅਫਸਰ ਜ਼ਖਮੀ ਹੋ ਗਏ। 21 ਜੂਨ ਨੂੰ ਮਿਸੀਸਾਗਾ ਵਿਖੇ ਪੁਲਿਸ ਅਫਸਰ ਉੱਪਰ ਗੋਲੀ ਚਲਾਈ ਗਈ ਪਰ ਇਸ ਘਟਨਾ ਵਿਚ ਸ਼ੱਕੀ ਮੌਕੇ `ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। 9 ਜੂਨ ਨੂੰ ਉਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਅਫਸਰ ਨੂੰ ਇਕ ਸਿਰਫਿਰੇ ਨੇ ਗੱਡੀ ਹੇਠ ਦਰੜ ਕੇ ਮਾਰ ਦਿਤਾ ਸੀ। ਫੀਫਾ ਵਰਲਡ ਕੱਪ ਦੇ ਚੱਲ ਰਹੇ ਟੂਰਨਾਮੈਂਟ ਮੌਕੇ ਵੀ ਦੇਸ਼ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।
ਪਿਛਲੀ ਖ਼ਬਰ ਐਂਡਵੈਲ ਦੇ ਨਾਈਟਸ ਇਨ ਹੋਟਲ ’ਚ ਲੱਗੀ ਭਿਆਨਕ ਅੱਗ, 6 ਮੌਤਾਂ ਅਗਲੀ ਖ਼ਬਰ ਐਸ.ਆਈ.ਆਰ. ਸੰਬੰਧੀ ਮੀਟਿੰਗਾਂ ਲਈ ਭਾਜਪਾ ਬੀ.ਐਲ.ਏ. ਦੀ ਲਿਸਟ ਨਾ ਭੇਜਣਾ ਮੰਦਭਾਗਾ-ਕੈਪਟਨ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।