ਕਾਹਿਰਾ, 11 ਅਕਤੂਬਰ (ਪੀ. ਟੀ. ਆਈ.)-ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਉਦੈਵੀਰ ਸਿੱਧੂ ਨੇ ਇਥੇ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ (ਆਈ.ਐਸ.ਐਸ.ਐਫ.) ਵਿਸ਼ਵ ਕੱਪ (ਬੰਦੂਕ/ਪਿਸਤੌਲ) ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ। 24 ਸਾਲਾ ਨਿਸ਼ਾਨੇਬਾਜ਼ ਨੇ ਫਾਈਨਲ ’ਚ 240.6 ਅੰਕਾਂ ਨਾਲ ਸਿਖਰਲਾ ਸਥਾਨ ਹਾਸਿਲ ਕਰਕੇ ਭਾਰਤ ਦੀ ਝੋਲੀ ਸੋਨ ਤਗਮਾ ਪਾਇਆ।ਉਸ ਨੇ ਰੋਮਾਂਚਕ ਮੁਕਾਬਲੇ ਵਿਚ ਜਰਮਨੀ ਦੇ ਉਲੰਪਿਕ ਤਗਮਾ ਜੇਤੂ ਕ੍ਰਿਸਚੀਅਨ ਰੀਟਜ਼ ਨੂੰ 0.5 ਅੰਕਾਂ ਨਾਲ ਪਛਾੜਿਆ। ਰੀਟਜ਼ ਨੇ 240.1 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਇਟਲੀ ਦੇ ਪਾਓਲੋ ਮੋਨਾ ਨੇ 219.8 ਅੰਕਾਂ ਨਾਲ ਕਾਂਸੀ ਦਾ ਤਗਮਾ ਹਾਸਿਲ ਕੀਤਾ। ਉਦੈਵੀਰ ਨੇ ਮੁਕਾਬਲੇ ਦੇ ਅੰਤਿਮ ਪੜਾਵਾਂ ਦੌਰਾਨ ਸੰਜਮ ਬਣਾਈ ਰੱਖਿਆ। ਆਖਰੀ ਦੋ ਸ਼ਾਟਾਂ ਤੋਂ ਪਹਿਲਾਂ ਰੀਟਜ਼ ਤੋਂ 0.3 ਅੰਕ ਪਿੱਛੇ ਚੱਲ ਰਹੇ ਭਾਰਤੀ ਨਿਸ਼ਾਨੇਬਾਜ਼ ਨੇ 10.2 ਅਤੇ 9.8 ਅੰਕ ਹਾਸਿਲ ਕੀਤੇ। ਇਸ ਦੇ ਮੁਕਾਬਲੇ ਰੀਟਜ਼ ਨੇ ਦੋਵੇਂ ਵਾਰ 9.6 ਅੰਕ ਹੀ ਪ੍ਰਾਪਤ ਕੀਤੇ, ਜਿਸ ਨਾਲ ਉਦੈਵੀਰ ਨੂੰ ਆਖਰੀ ਸ਼ਾਟ ‘ਤੇ ਜਿੱਤ ਮਿਲ ਗਈ। ਇਸ ਤੋਂ ਪਹਿਲਾਂ ਦਿਨ ਵੇਲੇ ਉਦੈਵੀਰ ਚੌਥੇ ਸਥਾਨ ‘ਤੇ ਰਹਿ ਕੇ ਅੱਠ ਖਿਡਾਰੀਆਂ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਿਚ ਸਫ਼ਲ ਰਿਹਾ ਸੀ। ਉਸ ਨੇ 6 ਲੜੀਆਂ (99, 98, 98, 97, 97, 96) ਵਿਚ ਕੁੱਲ 585 ਅੰਕ ਬਣਾਏ। ਭਾਰਤ ਦੇ ਜੋਨਾਥਨ ਗੈਵਿਨ ਐਂਟਨੀ, ਜੋ ਸਿਰਫ਼ ਰੈਂਕਿੰਗ ਅੰਕਾਂ (ਆਰ.ਪੀ.ਓ.) ਲਈ ਮੁਕਾਬਲਾ ਕਰ ਰਹੇ ਸਨ, ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 586 ਅੰਕ ਹਾਸਿਲ ਕੀਤੇ ਅਤੇ ਕੁਆਲੀਫਿਕੇਸ਼ਨ ਵਿਚ ਮੋਨਾ ਦੇ ਨਾਲ ਸਭ ਤੋਂ ਵੱਧ ਅੰਕਾਂ ਦੇ ਮਾਮਲੇ ਵਿਚ ਬਰਾਬਰੀ ਕੀਤੀ। ਮੁਕਾਬਲੇ ਵਿਚ ਸ਼ਾਮਿਲ ਹੋਰ ਭਾਰਤੀ ਖਿਡਾਰੀਆਂ ਵਿਚੋਂ ਅਜੇਂਦਰ ਸਿੰਘ ਚੌਹਾਨ 580 ਅੰਕਾਂ ਨਾਲ 14ਵੇਂ ਸਥਾਨ ‘ਤੇ ਰਹੇ। ਉਲੰਪਿਕ ਤਗਮਾ ਜੇਤੂ ਸਰਬਜੋਤ ਸਿੰਘ 574 ਅੰਕਾਂ ਨਾਲ 31ਵੇਂ ਸਥਾਨ ‘ਤੇ ਰਿਹਾ, ਜਦਕਿ ਕੁਮਾਰ ਯੋਗੇਸ਼ ਨੇ ਆਰ.ਪੀ.ਓ. ਵਰਗ ਵਿਚ 573 ਅੰਕ ਬਣਾਏ। ਫਾਈਨਲ ਵਿਚ ਤੁਰਕੀ ਦੇ ਪੈਰਿਸ 2024 ਉਲੰਪਿਕ ਤਗਮਾ ਜੇਤੂ ਯੂਸਫ ਡਿਕੇਕ ਵੀ ਸ਼ਾਮਿਲ ਸੀ, ਜੋ 138.0 ਅੰਕਾਂ ਨਾਲ 7ਵੇਂ ਸਥਾਨ ‘ਤੇ ਰਿਹਾ।