ਕਾਕਾਮਿਗਾਹਾਰਾ, 24 ਸਤੰਬਰ (ਪੀ.ਟੀ.ਆਈ.)-ਦਿਲਪ੍ਰੀਤ ਸਿੰਘ ਦੀ ਹੈਟ੍ਰਿਕ ਦੀ ਬਦੌਲਤ, ਭਾਰਤੀ ਪੁਰਸ਼ ਹਾਕੀ ਟੀਮ ਨੇ ਵੀਰਵਾਰ ਨੂੰ ਦੱਖਣੀ ਕੋਰੀਆ ਨੂੰ 8-2 ਨਾਲ ਹਰਾ ਕੇ ਏਸ਼ੀਆਈ ਖੇਡਾਂ ’ਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਤੇ ਸੈਮੀਫਾਈਨਲ ’ਚ ਆਪਣਾ ਸਥਾਨ ਲਗਭਗ ਪੱਕਾ ਕਰ ਲਿਆ। ਮੌਜੂਦਾ ਸਮੇਂ ‘ਪੂਲ ਏ’ ਵਿਚ ਸਿਖਰ ’ਤੇ ਚੱਲ ਰਹੀ ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਨੂੰ 13-1 ਤੇ ਸ੍ਰੀਲੰਕਾ ਨੂੰ 16-1 ਨਾਲ ਹਰਾਇਆ ਸੀ। ਭਾਰਤ ਹੁਣ 26 ਸਤੰਬਰ ਨੂੰ ਜਪਾਨ ਨਾਲ ਮੁਕਾਬਲਾ ਕਰੇਗਾ। ਭਾਰਤ ਲਈ ਦਿਲਪ੍ਰੀਤ ਸਿੰਘ (10ਵੇਂ, 26ਵੇਂ ਅਤੇ 32ਵੇਂ ਮਿੰਟ) ਨੇ ਤਿੰਨ ਗੋਲ ਕੀਤੇ ਤੇ ਫਾਰਵਰਡ ਅਭਿਸ਼ੇਕ (15ਵੇਂ ਤੇ 38ਵੇਂ ਮਿੰਟ) ਨੇ 2 ਗੋਲ ਕੀਤੇ, ਜਦਕਿ ਸ਼ਿਲਾਨੰਦ ਲਾਕੜਾ (ਚੌਥੇ), ਸੁਖਜੀਤ ਸਿੰਘ (10ਵੇਂ), ਕਪਤਾਨ ਹਰਮਨਪ੍ਰੀਤ ਸਿੰਘ (11ਵੇਂ) ਅਤੇ ਰਾਜਿੰਦਰ ਸਿੰਘ (60ਵੇਂ) ਨੇ ਇਕ-ਇਕ ਗੋਲ ਕੀਤਾ। ਕੋਰੀਆ ਲਈ ਕਿਮ ਜੇ-ਹੋ (42ਵੇਂ) ਅਤੇ ਕਿਮ ਯੋਂਗ-ਬੋਕ (52ਵੇਂ) ਨੇ ਗੋਲ ਕੀਤੇ।