08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਹੈਰੀ ਕੇਨ ਦੇ ਦੋ ਗੋਲਾਂ ਦੀ ਬਦੌਲਤ ਇੰਗਲੈਂਡ ਪ੍ਰੀ-ਕੁਆਰਟਰ ਫ਼ਾਈਨਲ ’ਚ

ਅਜੀਤ ਡੈਸਕ 02-07-2026
ਡੀਆਰ ਕਾਂਗੋ ’ਤੇ ਜਿੱਤ ਨਾਲ ਅੰਤਿਮ-16 ’ਚ ਬਣਾਈ ਥਾਂ
ਅਟਲਾਂਟਾ, 1 ਜੁਲਾਈ (ਏਜੰਸੀ)-ਕਪਤਾਨ ਹੈਰੀ ਕੇਨ ਦੇ ਦੂਸਰੇ ਅੱਧ ’ਚ ਕੀਤੇ ਗਏ ਦੋ ਗੋਲਾਂ ਦੀ ਬਦੌਲਤ ਇੰਗਲੈਂਡ ਨੇ ਫੀਫਾ ਵਿਸ਼ਵ ਕੱਪ 2026 ਦੇ ਨਾਕਆਊਟ ਮੁਕਾਬਲੇ ’ਚ ਡੀ ਆਰ ਕਾਂਗੋ ਨੂੰ ਹਰਾ ਕੇ ਰਾਉਂਡ ਆਫ 16 ’ਚ ਥਾਂ ਬਣਾ ਲਈ ਹੈ। ਮੈਚ ਦੇ ਸ਼ੁਰੂਆਤੀ 7ਵੇਂ ਮਿੰਟ ’ਚ ਪਿਛੜਨ ਦੇ ਬਾਵਜੂਦ ਇੰਗਲੈਂਡ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਆਖਰ ਜਿੱਤ ਆਪਣੇ ਨਾਂਅ ਦਰਜ ਕੀਤੀ। ਹੁਣ ਉਸ ਦਾ ਮੁਕਾਬਲਾ 6 ਜੁਲਾਈ ਨੂੰ ਮੈਕਸੀਕੋ ਸਿਟੀ ਸਟੇਡੀਅਮ ’ਚ ਸਹਿ-ਮੇਜਬਾਨ ਮੈਕਸੀਕੋ ਨਾਲ ਹੋਵੇਗਾ। ਡੀਆਰ ਕਾਂਗੋ ਨੇ ਮੁਕਾਬਲੇ ਦੀ ਧਮਾਕੇਦਾਰ ਸ਼ੁਰੂਆਤ ਕੀਤੀ। 7ਵੇਂ ਮਿੰਟ ’ਚ ਬ੍ਰਾਇਨ ਸਿਪੇਂਗਾ ਨੇ ਆਪਣੇ ਅੰਤਰਰਾਸ਼ਟਰੀ ਕੈਰੀਅਰ ਦਾ ਪਹਿਲਾ ਗੋਲ ਦਾਗ ਕੇ ਇੰਗਲੈਂਡ ਨੂੰ ਸ਼ੁਰੂਆਤੀ ਝਟਕਾ ਦਿੱਤਾ ਤੇ ਟੀਮ ਨੂੰ 1-0 ਦੀ ਬੜਤ ਦਿਵਾ ਦਿੱਤੀ। ਇਸ ਦੇ ਬਾਅਦ ਇੰਗਲੈਂਡ ਨੇ ਹਮਲਾਵਰ ਰੁਖ ਅਪਨਾਇਆ ਪਰ ਉਸ ਨੂੰ ਸਫਲਤਾ ਨਹੀਂ ਮਿਲੀ। ਜੂਡ ਬੇਲਿੰਘਮ ਦੇ ਦੋ ਸ਼ਾਨਦਾਰ ਹੈਡਰਾਂ ਨੂੰ ਡੀਆਰ ਕਾਂਗੋ ਦੇ ਗੋਲਕੀਪਰ ਲਿਓਨੇਲ ਮਪਾਸੀ ਨੇ ਬਿਹਤਰੀਨ ਬਚਾਅ ਕਰਦੇ ਹੋਏ ਗੋਲ ’ਚ ਨਹੀਂ ਜਾਣ ਦਿੱਤਾ। ਪਹਿਲੇ ਅੱਧ ਦੇ ਆਖਰੀ ਪਲਾਂ ’ਚ ਹੈਰੀ ਕੇਨ ਦਾ ਸ਼ਾਟ ਵੀ ਮਪਾਸੀ ਨੇ ਰੋਕ ਦਿੱਤਾ। ਦੂਜੇ ਪਾਸੇ ਡੀਆਰ ਕਾਂਗੋ ਦੇ ਯੋਆਨੇ ਵਿਸਾ ਦਾ ਯਤਨ ਪੋਸਟ ਨਾਲ ਟਕਰਾਅ ਗਿਆ ਤੇ ਇੰਗਲੈਂਡ ਇਕ ਹੋਰ ਗੋਲ ਤੋਂ ਬਚ ਗਿਆ। ਦੂਸਰੇ ਅੱਧ ’ਚ ਇੰਗਲੈਂਡ ਦੇ ਮੁੱਖ ਕੋਚ ਥਾਮਸ ਟੁਖੇਲ ਦੇ ਬਦਲਾਅ ਅਸਰਦਾਰ ਸਾਬਿਤ ਹੋਏ। ਹੈਰੀ ਕੇਨ ਨੇ 75ਵੇਂ ਮਿੰਟ ’ਚ ਗੋਲ ਦਾਗ ਦਿੱਤਾ ਤੇ ਡੀਆਰ ਕਾਂਗੋ ਨਾਲ ਬਰਾਬਰੀ ਕਰ ਲਈ। 86ਵੇਂ ਮਿੰਟ ’ਚ ਹੈਰੀ ਨੇ ਫਿਰ ਗੋਲ ਕਰ ਦਿੱਤਾ ਤੇ ਇੰਗਲੈਂਡ ਨੇ 2-1 ਨਾਲ ਬੜਤ ਹਾਸਿਲ ਕਰ ਲਈ।ਆਖਰੀ ਮਿੰਟਾਂ ’ਚ ਡੀਆਰ ਕਾਂਗੋ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਇੰਗਲੈਂਡ ਨੇ ਉਸ ਨੂੰ ਕੋਈ ਮੌਕਾ ਨਹੀਂ ਦਿੱਤਾ। ਇਸ ਜਿੱਤ ਦੇ ਨਾਲ ਹੀ ਇੰਗਲੈਂਡ ਨੇ ਵਿਸ਼ਵ ਕੱਪ ’ਚ ਅਫ਼ਰੀਕੀ ਟੀਮਾਂ ਦੇ ਖਿਲਾਫ਼ ਆਪਣਾ ਅਜੇਤੂ ਰਿਕਾਰਡ ਵੀ ਬਰਕਰਾਰ ਰੱਖਿਆ।
ਪਿਛਲੀ ਖ਼ਬਰ ਬੈਲਜੀਅਮ-ਸੇਨੇਗਲ ’ਚ ਮੁਕਾਬਲਾ ਡਰਾਅ ਅਗਲੀ ਖ਼ਬਰ ਅਮਰੀਕਾ ਨੇ ਰੂਸ ਨਾਲ ਜੁੜੀਆਂ ਪਾਬੰਦੀਆਂ ਦੀ ਸੂਚੀ ’ਚੋਂ ਚਾਰ ਭਾਰਤੀ ਕੰਪਨੀਆਂ ਨੂੰ ਹਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।