ਪਿਛਲੇ ਦਿਨੀਂ ਤਰਨ ਤਾਰਨ ਜ਼ਿਲ੍ਹੇ ਵਿਚ ਇਕ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਇਸ ਦਾ ਪੂਰਾ ਵੇਰਵਾ ਤਾਂ ਹਾਲੇ ਸਾਹਮਣੇ ਆਉਣਾ ਹੈ ਪਰ ਇਕ ਖ਼ਬਰ ਇਹ ਵੀ ਹੈ ਕਿ ਕੁਝ ਸਮਾਂ ਪਹਿਲਾਂ ਇਸ ਸਰਪੰਚ ਨੂੰ ਫਿਰੌਤੀ ਦੇਣ ਲਈ ਧਮਕਾਇਆ ਗਿਆ ਸੀ | ਇਸ ਸੰਬੰਧੀ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ | ਇਹ ਗੱਲ ਮਿ੍ਤਕ ਸਰਪੰਚ ਦੀ ਪਤਨੀ ਨੇ ਦੱਸੀ ਹੈ ਅਤੇ ਉਸ ਨੇ ਇਹ ਵੀ ਕਿਹਾ ਹੈ ਕਿ ਪੁਲਿਸ ਨੇ ਸ਼ਿਕਾਇਤ ਤਾਂ ਦਰਜ ਕਰ ਲਈ ਸੀ ਪਰ ਉਸ ਤੋਂ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਗਈ | ਪੰਜਾਬ ਨੂੰ ਕੁਝ ਅਲਾਮਤਾਂ ਅਜਿਹੀਆਂ ਲੱਗ ਚੁੱਕੀਆਂ ਹਨ, ਜਿਨ੍ਹਾਂ ਤੋਂ ਛੇਤੀ ਕੀਤਿਆਂ ਇਸ ਦਾ ਪਿੱਛਾ ਛੁੱਟਣ ਵਾਲਾ ਨਹੀਂ ਹੈ | ਇਨ੍ਹਾਂ ਵਿਚੋਂ ਇਕ ਮਹੱਤਵਪੂਰਨ ਅਮਨ ਕਾਨੂੰਨ ਦੀ ਸਥਿਤੀ ਦਾ ਵਿਗੜਦੇ ਜਾਣਾ ਹੈ | ਇਸ ਦੇ ਨਾਲ ਹੀ ਸੂਬੇ ਵਿਚ ਫੈਲਦੇ ਨਸ਼ਿਆਂ ਨੇ ਇਕ ਵੱਡੀ ਚੁਣੌਤੀ ਖੜ੍ਹੀ ਕੀਤੀ ਹੋਈ ਹੈ |
ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਨੇ ਇਸ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਪੰਜਾਬ ਭਰ ਵਿਚ ਯਾਤਰਾਵਾਂ ਅਤੇ ਰੈਲੀਆਂ ਕੀਤੀਆਂ ਸਨ, ਜਿਸ ਦਾ ਮੰਤਵ ਲੋਕਾਂ ਨੂੰ ਇਸ ਅਲਾਮਤ ਪ੍ਰਤੀ ਸੁਚੇਤ ਕਰਨਾ ਸੀ | ਇਨ੍ਹਾਂ ਦੇ ਸਮਾਪਤੀ ਸਮਾਰੋਹ ਵਿਚ ਖ਼ੁਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆ ਕੇ ਕੁਝ ਸਾਲਾਂ ਦੇ ਅੰਦਰ-ਅੰਦਰ ਨਸ਼ਿਆਂ ਦੀ ਬੁਰਾਈ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ | ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੀ ਨਸ਼ਿਆਂ ਦੇ ਖ਼ਾਤਮੇ ਲਈ ਵੱਡੇ ਕਦਮ ਉਠਾਏ ਸਨ ਅਤੇ ਇਨ੍ਹਾਂ ਦੇ ਭਾਗੀ ਦੋਸ਼ੀਆਂ ਦੇ ਨਾਂਅ ਵੀ ਉਜਾਗਰ ਕੀਤੇ ਸਨ | ਹਜ਼ਾਰਾਂ ਦੀ ਗਿਣਤੀ ਵਿਚ ਸੰਬੰਧਿਤ ਵਿਅਕਤੀਆਂ 'ਤੇ ਕੇਸ ਵੀ ਦਰਜ ਕੀਤੇ ਗਏ ਅਤੇ ਉਨ੍ਹਾਂ 'ਚੋਂ ਬਹੁਤਿਆਂ ਨੂੰ ਜੇਲ੍ਹਾਂ ਅੰਦਰ ਵੀ ਸੁੱਟਿਆ ਗਿਆ ਸੀ | ਤਤਕਾਲੀ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਇਸ ਅਲਾਮਤ ਨੂੰ ਜੜ੍ਹੋਂ ਪੁੱਟਣ ਦਾ ਐਲਾਨ ਕੀਤਾ ਸੀ | ਇਸ ਤੋਂ ਪਹਿਲੀਆਂ ਸਰਕਾਰਾਂ ਨੇ ਵੀ ਲਗਾਤਾਰ ਅਜਿਹੇ ਐਲਾਨ ਅਤੇ ਵੱਡੇ-ਛੋਟੇ ਕਦਮ ਉਠਾਏ ਸਨ ਪਰ ਇਹ ਪ੍ਰਚਲਨ ਹਾਲੇ ਤੱਕ ਵੀ ਜਾਰੀ ਹੈ ਅਤੇ ਸੂਬੇ ਲਈ ਹੁਣ ਵੀ ਇਕ ਚੁਣੌਤੀ ਬਣਿਆ ਖੜ੍ਹਾ ਹੈ | ਇਸ ਦੇ ਨਾਲ ਹੀ ਅਮਨ ਕਾਨੂੰਨ ਦੀ ਵਿਗੜਦੀ ਸਥਿਤੀ ਨੇ ਵੀ ਪ੍ਰਸ਼ਾਸਨ ਸਾਹਮਣੇ ਹਮੇਸ਼ਾ ਵੱਡੀਆਂ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ | ਕੁਝ ਸਾਲਾਂ 'ਚ ਦਰਜਨਾਂ ਪਿੰਡਾਂ ਦੇ ਸਰਪੰਚਾਂ ਨੂੰ ਗੋਲੀਆਂ ਮਾਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ | ਇਨ੍ਹਾਂ 'ਚੋਂ ਬਹੁਤ ਸਾਰੇ ਕੇਸ ਨਸ਼ਿਆਂ ਨਾਲ ਵੀ ਜੁੜੇ ਹੁੰਦੇ ਹਨ | ਨਸ਼ਿਆਂ ਦੇ ਆਦੀ ਵਿਅਕਤੀ ਹਰ ਹੀਲਾ ਵਸੀਲਾ ਕਰਕੇ ਨਸ਼ੇ ਕਰਨ ਦਾ ਯਤਨ ਕਰਦੇ ਹਨ ਅਤੇ ਇਸ ਤਰ੍ਹਾਂ ਨਾਲ ਅਪਰਾਧਾਂ ਦੀ ਦੁਨੀਆ ਵਿਚ ਵੀ ਦਾਖ਼ਲ ਹੋ ਜਾਂਦੇ ਹਨ | ਬਹੁਤ ਸਾਰੇ ਨਸ਼ੇੜੀ ਤਾਂ ਇਸ ਲਈ ਆਪਣੇ ਪਰਿਵਾਰਾਂ ਤੱਕ ਨੂੰ ਵੀ ਨਿਸ਼ਾਨਾ ਬਣਾਉਂਦੇ ਹਨ ਅਤੇ ਸਮਾਜ ਲਈ ਵੱਡਾ ਦੁਖਾਂਤ ਪੈਦਾ ਕਰਨ ਦੇ ਭਾਗੀ ਬਣਦੇ ਹਨ | ਪਿਛਲੇ ਦਿਨੀਂ ਤਰਨ ਤਾਰਨ ਜ਼ਿਲ੍ਹੇ ਵਿਚ ਵੀ ਇਕ ਔਰਤ ਸਰਪੰਚ ਦੇ ਪਤੀ ਨੂੰ ਇਸ ਲਈ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ, ਕਿਉਂਕਿ ਉਸ ਨੇ ਇਲਾਕੇ ਵਿਚ ਨਸ਼ਾ ਵੇਚਣ ਵਾਲਿਆਂ ਵਿਰੁੱਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਸੀ | ਇਸ ਦੀ ਨਸ਼ਿਆਂ ਦੇ ਵਪਾਰੀਆਂ ਨੇ ਉਸ ਨੂੰ ਆਪਣੇ ਤਰੀਕੇ ਨਾਲ ਸਜ਼ਾ ਦਿੱਤੀ ਸੀ | ਇਸੇ ਹੀ ਤਰ੍ਹਾਂ ਤਹਿਸੀਲ ਬਟਾਲਾ ਵਿਚ ਨਸ਼ੇ ਦੇ ਆਦੀ ਪਤੀ ਨੇ ਆਪਣੀ ਪਤਨੀ ਅਤੇ ਬੇਟੀ ਨੂੰ ਮਾਰ ਦਿੱਤਾ ਸੀ | ਉਸ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਉਹ ਜਿੰਨਾ ਕਮਾਉਂਦਾ ਸੀ, ਨਸ਼ਿਆਂ ਵਿਚ ਖ਼ਰਚ ਕਰ ਦਿੰਦਾ ਸੀ ਤੇ ਰੋਕਣ 'ਤੇ ਮਾਰ- ਕੁਟਾਈ ਵੀ ਕਰਦਾ ਸੀ |
ਇਸ ਤਰ੍ਹਾਂ ਨਸ਼ਿਆਂ ਕਾਰਨ ਵੀ ਹੋਏ ਵੱਡੇ ਕਤਲ ਸਾਹਮਣੇ ਆਏ ਹਨ | ਸਤੰਬਰ ਦੇ ਮਹੀਨੇ ਵਿਚ ਅੰਮਿ੍ਤਸਰ ਜ਼ਿਲ੍ਹੇ ਵਿਚ ਪੰਜਾਬ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ, ਜਿਸ ਦੀ ਜ਼ਿੰਮੇਵਾਰੀ ਇਕ ਅੱਤਵਾਦੀ ਜਥੇਬੰਦੀ ਨੇ ਲਈ ਸੀ | ਪਿਛਲੇ ਸਮੇਂ ਵਿਚ ਇਸੇ ਤਰ੍ਹਾਂ ਪੁਲਿਸ ਕਰਮੀਆਂ ਦੀਆਂ ਹੋਈਆਂ ਹੱਤਿਆਵਾਂ ਨੇ ਵੀ ਇਕ ਖ਼ੌਫ਼ ਦਾ ਮਾਹੌਲ ਪੈਦਾ ਕੀਤਾ ਹੈ | ਚਾਹੇ ਪੁਲਿਸ ਵਲੋਂ ਵੱਡੇ ਦਾਅਵੇ ਵੀ ਕੀਤੇ ਜਾਂਦੇ ਰਹੇ ਹਨ ਅਤੇ ਲਗਾਤਾਰ ਸਖ਼ਤ ਕਦਮ ਵੀ ਉਠਾਏ ਗਏ ਹਨ, ਪਰ ਇਸ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਲਈ ਇਹ ਮਸਲਾ ਅੱਜ ਵੀ ਇਕ ਗੰਭੀਰ ਚੁਣੌਤੀ ਬਣ ਕੇ ਖੜ੍ਹਾ ਹੈ | ਇਨ੍ਹਾਂ ਅਲਾਮਤਾਂ ਦਾ ਸਾਂਝੇ ਰੂਪ ਵਿਚ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਟਾਕਰਾ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ, ਨਹੀਂ ਤਾਂ ਪਹਿਲਾਂ ਹੀ ਜ਼ੱਦ ਵਿਚ ਆਏ ਸੂਬੇ ਲਈ ਇਹ ਅਲਾਮਤਾਂ ਇਕ ਅਜਿਹਾ ਵੱਡਾ ਖੋਰਾ ਸਾਬਿਤ ਹੋਣਗੀਆਂ, ਜਿਸ ਦੀ ਆਉਂਦੇ ਲੰਮੇ ਸਮੇਂ ਵਿਚ ਭਰਪਾਈ ਕਰ ਸਕਣਾ ਬੇਹੱਦ ਮੁਸ਼ਕਿਲ ਹੋਵੇਗਾ |
-ਬਰਜਿੰਦਰ ਸਿੰਘ ਹਮਦਰਦ