28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਉਲੰਪਿਕ ਖੇਡਾਂ ਵਿਚ ਆਪਣਾ ਯੋਗਦਾਨ ਵਧਾਏਗਾ ਪੰਜਾਬ

ਉਲੰਪਿਕ ਖੇਡਾਂ ਵਿਚ ਆਪਣਾ ਯੋਗਦਾਨ ਵਧਾਏਗਾ ਪੰਜਾਬ

ਅਜੀਤ ਡੈਸਕ 28-09-2026

ਇਕ ਜੁਝਾਰੂ ਸੂਬੇ ਦਾ ਜੰਮਪਲ ਹੋਣ ਦੇ ਨਾਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਖੇਡਾਂ ਮੇਰੇ, ਸਮੂਹ ਪੰਜਾਬ ਤੇ ਪੰਜਾਬੀਆਂ ਲਈ ਕੀ ਅਰਥ ਰੱਖਦੀਆਂ ਹਨ | ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਲ-ਨਾਲ ਮੁੱਢ-ਕਦੀਮਾ ਤੋਂ ਯੋਧਿਆਂ ਤੇ ਸੂਰਬੀਰਾਂ ਦੀ ਧਰਤੀ ਵੀ ਰਿਹਾ ਹੈ | ਸਖ਼ਤ ਮਿਹਨਤ ਤੇ ਖੂਨ-ਪਸੀਨਾ ਵਹਾਉਣਾ ਅਜਿਹੇ ਸ਼ਬਦ ਹਨ, ਜੋ ਖੇਤੀਬਾੜੀ ਤੇ ਖੇਡਾਂ ਦੋਵੇਂ ਖੇਤਰਾਂ ਲਈ ਇਕ ਸਮਾਨ ਢੁਕਦੇ ਹਨ | ਇਹੀ ਸਾਡੀ ਹੋਂਦ ਤੇ ਪਛਾਣ ਦਾ ਸਬੂਤ ਹਨ | ਜਦੋਂ ਮੈਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ ਤਾਂ ਪੰਜਾਬ ਵਿਚ ਖੇਡ ਸੱਭਿਆਚਾਰ ਨੂੰ  ਮੁੜ ਸੁਰਜੀਤ ਕਰਨਾ ਮੇਰੀਆਂ ਮੁਢਲੀਆਂ ਤਰਜੀਹਾਂ 'ਚੋਂ ਇਕ ਸੀ | ਇਹੀ ਮੁੱਖ ਕਾਰਨ ਹੈ ਕਿ ਮੈਂ ਖੇਡ ਵਿਭਾਗ ਨੂੰ  ਮੁੱਖ ਮੰਤਰੀ ਦਫ਼ਤਰ ਅਧੀਨ ਆਪਣੇ ਕੋਲ ਹੀ ਰੱਖਣ ਦਾ ਫ਼ੈਸਲਾ ਕੀਤਾ | ਖੇਡਾਂ ਦੇ ਸਬੰਧ ਵਿਚ ਸਾਡੇ ਕੋਲ ਮਾਣ ਨਾਲ ਕਹਿਣ ਲਈ ਬਹੁਤ ਕੁਝ ਹੈ |


ਭਾਰਤ ਦੀ ਉਲੰਪਿਕ ਤਗਮਾ ਸੂਚੀ 'ਚ ਪੰਜਾਬ ਦੇ ਯੋਗਦਾਨ ਨੂੰ  ਹੋਰ ਤੇਜ਼ੀ ਨਾਲ ਵਧਾਉਣ ਸੰਬੰਧੀ ਸਾਡੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਮੈਂ ਮੁਹਾਲੀ, ਪਟਿਆਲਾ ਤੇ ਬਠਿੰਡਾ ਦੇ ਵਸਨੀਕਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਇਕ ਤੋਂ ਬਾਅਦ ਇਕ ਕਰਵਾਈਆਂ ਗਈਆਂ ਮੈਰਾਥਨ ਦੌੜਾਂ 'ਚ ਵਧ-ਚੜ੍ਹ ਕੇ ਹਿੱਸਾ ਲਿਆ | ਬਠਿੰਡਾ ਵਿਖੇ ਹਾਲ ਹੀ 'ਚ ਹੋਈ ਮੈਰਾਥਨ ਦੌੜ ਵਿਚ ਹਰ ਉਮਰ ਵਰਗ ਦੇ ਕਰੀਬ 20,000 ਤੋਂ ਵੱਧ ਦੌੜਾਕਾਂ ਨੇ ਹਿੱਸਾ ਲੈ ਕੇ ਆਪਣੇ ਸ਼ਹਿਰ ਤੇ ਸੂਬੇ ਦਾ ਨਾਂਅ ਰੌਸ਼ਨ ਕੀਤਾ | ਅਸੀਂ ਆਉਣ ਵਾਲੇ ਮਹੀਨਿਆਂ ਦੌਰਾਨ ਸੂਬੇ ਭਰ 'ਚ ਅਜਿਹੀਆਂ ਹੋਰ ਮੈਰਾਥਨ ਦੌੜਾਂ ਕਰਾਉਣ ਦੀ ਯੋਜਨਾ ਬਣਾ ਰਹੇ ਹਾਂ | ਪੰਜਾਬ ਦੇ ਖੇਡ ਸੱਭਿਆਚਾਰ ਦੀ ਸ਼ੁਰੂਆਤ ਜ਼ਮੀਨੀ ਪੱਧਰ ਤੋਂ ਪੇਂਡੂ ਉਲੰਪਿਕ ਤੇ ਮੌਜੂਦਾ ਸਮੇਂ ਚੱਲ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਰਾਹੀਂ ਹੁੰਦੀ ਹੈ | ਪੰਜਾਬ ਦੇ ਸਮੂਹ ਪਿੰਡਾਂ ਅਤੇ ਸ਼ਹਿਰਾਂ 'ਚ 38 ਖੇਡਾਂ ਰਾਹੀਂ ਖੇਡ ਹੁਨਰ ਨੂੰ  ਨਿਖਾਰਨਾ ਤੇ ਇਸ ਦਾ ਜਸ਼ਨ ਮਨਾਉਣਾ ਸਾਡਾ ਇਕ ਅਹਿਮ ਯਤਨ ਹੈ | 'ਖੇਡਾਂ ਵਤਨ ਪੰਜਾਬ ਦੀਆਂ' ਵਰਗੀ ਇੰਨੀ ਵਿਸ਼ਾਲ ਪਹਿਲਕਦਮੀ ਸਾਲ 2022 ਤੋਂ ਪਹਿਲਾਂ ਪੰਜਾਬ 'ਚ ਕਦੇ ਦੇਖਣ ਨੂੰ  ਨਹੀਂ ਮਿਲੀ | ਸਿਰਫ਼ ਮੁਕਾਬਲੇ ਕਰਾਉਣ ਨਾਲ ਹੀ ਚੈਂਪੀਅਨ ਪੈਦਾ ਨਹੀਂ ਕੀਤੇ ਜਾ ਸਕਦੇ | ਇਕ ਬੱਚੇ ਨੂੰ  ਖੇਡਣ ਲਈ ਮੈਦਾਨ, ਅਗਵਾਈ ਲਈ ਕੋਚ, ਅਭਿਆਸ ਲਈ ਲੋੜੀਂਦਾ ਸਾਜ਼ੋ-ਸਾਮਾਨ ਅਤੇ ਮੁਕਾਬਲਾ ਕਰਨ ਦੇ ਢੁਕਵੇਂ ਮੌਕਿਆਂ ਦੀ ਲੋੜ ਹੁੰਦੀ ਹੈ | ਅਸੀਂ ਇਹੀ ਮਾਹੌਲ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ | ਪੰਜਾਬ ਸਰਕਾਰ ਕੌਮਾਂਤਰੀ ਮਿਆਰ ਦੇ ਖਿਡਾਰੀ ਪੈਦਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਪਿਛਲੀਆਂ ਪੰਜ ਉਲੰਪਿਕ ਖੇਡਾਂ 'ਚ ਭਾਰਤ ਦਾ ਸਭ ਤੋਂ ਵੱਧ ਤਗਮਾ ਜੇਤੂ ਅੰਕੜਾ 7 ਤੋਂ ਵਧ ਨਹੀਂ ਸਕਿਆ | ਪੰਜਾਬ ਦੇ ਮੁੱਖ ਮੰਤਰੀ ਵਜੋਂ ਮੈਂ ਆਪਣੇ ਅਧਿਕਾਰ ਖੇਤਰ 'ਚ ਉਹ ਸਭ ਕੁਝ ਕਰਾਂਗਾ, ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਲ 2036 ਦੀਆਂ ਉਲੰਪਿਕ ਖੇਡਾਂ ਵਿਚ ਭਾਰਤ ਦੀ ਤਗਮਾ ਸੂਚੀ 'ਚ ਪੰਜਾਬੀਆਂ ਦਾ ਯੋਗਦਾਨ ਕਿਤੇ ਵੱਧ ਹੋਵੇ | ਮੈਂ 2036 ਉਲੰਪਿਕ ਖੇਡਾਂ 'ਚ ਪੰਜਾਬੀਆਂ ਨੂੰ  ਭਾਰਤ ਲਈ ਘੱਟੋ-ਘੱਟ ਤਿੰਨ ਤੋਂ ਚਾਰ ਸੋਨ ਤਗਮੇ ਜਿੱਤਦੇ ਵੇਖਣਾ ਚਾਹੁੰਦਾ ਹਾਂ |
ਖੇਡਾਂ 'ਚ ਪੰਜਾਬ ਦਾ ਯੋਗਦਾਨ ਪਹਿਲਾਂ ਹੀ ਸ਼ਾਨਦਾਰ ਚੱਲ ਰਿਹਾ ਹੈ | ਹਾਂਗਜ਼ੂ ਵਿਖੇ ਹੋਈਆਂ 2023 ਦੀਆਂ ਏਸ਼ਿਆਈ ਖੇਡਾਂ 'ਚ ਪੰਜਾਬ ਦੇ ਖਿਡਾਰੀਆਂ ਨੇ ਭਾਰਤ ਲਈ 20 ਤਗਮੇ ਜਿੱਤੇ, ਜਿਨ੍ਹਾਂ 'ਚ ਅੱਠ ਸੋਨੇ, ਛੇ ਚਾਂਦੀ ਅਤੇ ਛੇ ਕਾਂਸੀ ਦੇ ਤਗਮੇ ਸ਼ਾਮਿਲ ਸਨ, ਜੋ ਕਿ ਏਸ਼ਿਆਈ ਖੇਡਾਂ ਦੇ 72 ਸਾਲਾਂ ਦੇ ਇਤਿਹਾਸ 'ਚ ਪੰਜਾਬ ਦਾ ਸਰਬੋਤਮ ਪ੍ਰਦਰਸ਼ਨ ਸੀ | ਹੁਣ ਸਾਡਾ ਕੰਮ ਅਜਿਹੀਆਂ ਸਹੂਲਤਾਂ, ਕੋਚਿੰਗ ਤੇ ਮੌਕੇ ਪ੍ਰਦਾਨ ਕਰਨਾ ਹੈ, ਜੋ ਇਸ ਪ੍ਰਤਿਭਾ ਨੂੰ  ਹੋਰ ਉਚਾਈਆਂ ਤੱਕ ਲੈ ਕੇ ਜਾਣ | 
ਸਾਲ 2022 ਤੋਂ ਅਸੀਂ ਵੱਡੇ ਸ਼ਹਿਰਾਂ ਤੇ ਕਸਬਿਆਂ ਦੇ ਨਾਲ-ਨਾਲ ਜ਼ਿਲ੍ਹਾ ਤੇ ਪਿੰਡ ਪੱਧਰ 'ਤੇ ਵੀ ਬਿਹਤਰੀਨ ਸਟੇਡੀਅਮ, ਖੇਡ ਸਹੂਲਤਾਂ ਤੇ ਮੈਦਾਨ ਉਪਲਬਧ ਕਰਵਾਉਣ ਲਈ ਖੇਡ ਬੁਨਿਆਦੀ ਢਾਂਚੇ ਵਿਚ ਵੱਡੇ ਪੱਧਰ 'ਤੇ ਨਿਵੇਸ਼ ਕੀਤਾ ਹੈ | ਅਸੀਂ 3,000 ਆਧੁਨਿਕ ਪੇਂਡੂ ਖੇਡ ਮੈਦਾਨ ਤਿਆਰ ਕਰ ਰਹੇ ਹਾਂ, ਜਿਨ੍ਹਾਂ 'ਚ ਲੇਜ਼ਰ-ਲੈਵਲ ਕੀਤੇ ਮੈਦਾਨ, ਚੇਨ-ਲਿੰਕ ਫੈਂਸਿੰਗ ਵਾਲੀਆਂ ਚਾਰਦੀਵਾਰੀਆਂ, ਫਲੱਡ ਲਾਈਟਾਂ, ਜੌਗਿੰਗ ਟ੍ਰੈਕ ਅਤੇ ਵੱਖ-ਵੱਖ ਖੇਡਾਂ ਲਈ ਸਹੂਲਤਾਂ ਸ਼ਾਮਿਲ ਹਨ | ਅਸੀਂ ਫੁੱਟਬਾਲ, ਵਾਲੀਬਾਲ, ਕ੍ਰਿਕਟ ਤੇ ਹੋਰ ਖੇਡਾਂ ਲਈ ਮਿਆਰੀ ਖੇਡ ਕਿੱਟਾਂ ਵੀ ਮੁਹੱਈਆ ਕਰਾ ਰਹੇ ਹਾਂ ਤਾਂ ਜੋ ਨੌਜਵਾਨਾਂ ਕੋਲ ਪ੍ਰੈਕਟਿਸ ਕਰਨ ਲਈ ਲੋੜੀਂਦਾ ਸਾਜ਼ੋ-ਸਾਮਾਨ ਹੋਵੇ | ਅਸੀਂ ਸਰੀਰਕ ਤੰਦਰੁਸਤੀ ਤੇ ਖੇਡ ਸਿਖਲਾਈ ਨੂੰ  ਅੱਗੇ ਵਧਾਉਣ ਲਈ ਸੂਬੇ ਭਰ ਦੇ ਪਿੰਡਾਂ 'ਚ ਇਨਡੋਰ ਜਿੰਮ ਸਥਾਪਤ ਕਰ ਰਹੇ ਹਾਂ | ਇਹ ਖੇਡ ਮੈਦਾਨ ਅਤੇ ਜਿੰਮ ਮੁਕੰਮਲ ਕਰਨ ਤੋਂ ਬਾਅਦ ਅਸੀਂ ਫਿਰ ਅੱਗੇ ਹੋਰ 3,000 ਪਿੰਡਾਂ ਵੱਲ ਵਧਾਂਗੇ ਅਤੇ ਇਹ ਯਤਨ ਉਦੋਂ ਤੱਕ ਜਾਰੀ ਰਹਿਣਗੇ, ਜਦੋਂ ਤੱਕ ਅਸੀਂ ਇਸ ਅਧੀਨ ਪੰਜਾਬ ਦੇ ਹਰ ਪਿੰਡ ਨੂੰ  ਕਵਰ ਨਹੀਂ ਕਰ ਲੈਂਦੇ | ਅਸੀਂ ਖੇਡਾਂ ਨੂੰ  ਨਸ਼ਿਆਂ ਦੇ ਕੋਹੜ ਵਿਰੁੱਧ ਪੰਜਾਬ ਦੀ ਲੜਾਈ ਦਾ ਇਕ ਅਹਿਮ ਹਿੱਸਾ ਵੀ ਮੰਨਦੇ ਹਾਂ | ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਨਾਲ ਸਾਡੇ ਨੌਜਵਾਨਾਂ ਦੀ ਊਰਜਾ ਨੂੰ  ਉਸਾਰੂ ਦਿਸ਼ਾ ਮਿਲਦੀ ਹੈ | ਖੇਡ ਮੈਦਾਨ ਸਿਰਫ਼ ਅਭਿਆਸ ਤੇ ਮੁਕਾਬਲੇ ਦੀਆਂ ਥਾਵਾਂ ਹੀ ਨਹੀਂ, ਸਗੋਂ ਇਹ ਅਜਿਹੇ ਸਥਾਨ ਹਨ, ਜਿੱਥੇ ਨੌਜਵਾਨ ਇਕੱਠੇ ਤੇ ਸਰਗਰਮ ਹੋ ਸਕਦੇ ਹਨ ਅਤੇ ਖ਼ੁਦ ਵਿਚ ਅਨੁਸ਼ਾਸਨ ਦੀ ਭਾਵਨਾ ਪੈਦਾ ਕਰ ਸਕਦੇ ਹਨ | ਖੇਡ ਮੁਕਾਬਲੇ ਉਨ੍ਹਾਂ ਨੂੰ  ਸਥਾਨਕ ਅਤੇ ਰਾਜ ਪੱਧਰ 'ਤੇ ਮੱਲਾਂ ਮਾਰਨ ਲਈ ਉਤਸ਼ਾਹਿਤ ਕਰਦੇ ਹਨ | ਪੰਜਾਬ ਲੰਬੇ ਸਮੇਂ ਤੋਂ ਦੇਸ਼ ਦੀ ਖੇਡ ਨਰਸਰੀ ਵਜੋਂ ਜਾਣਿਆ ਜਾਂਦਾ ਰਿਹਾ ਹੈ | ਸਾਡੇ ਨੌਜਵਾਨਾਂ ਕੋਲ ਇਸ ਵਿਰਾਸਤ ਨੂੰ  ਹੋਰ ਅੱਗੇ ਲਿਜਾਣ ਲਈ ਪੂਰੀ ਊਰਜਾ ਤੇ ਹੁਨਰ ਹੈ | ਇਸ ਉਦੇਸ਼ ਦੀ ਪ੍ਰਾਪਤੀ ਲਈ ਸਾਨੂੰ ਸਿਰਫ਼ ਉਨ੍ਹਾਂ ਨੂੰ  ਸਹੀ ਬੁਨਿਆਦੀ ਢਾਂਚਾ, ਕੋਚਿੰਗ ਤੇ ਢੁਕਵੇਂ ਮੌਕੇ ਪ੍ਰਦਾਨ ਕਰਨ ਦੀ ਲੋੜ ਹੈ | ਇਹ ਸਿਰਫ਼ ਨੌਜਵਾਨਾਂ ਤੱਕ ਹੀ ਸੀਮਤ ਨਹੀਂ ਹੈ | ਇਹ ਪੰਜਾਬ ਦੇ ਸਮੂਹ ਨਾਗਰਿਕਾਂ ਲਈ ਇਕ ਖੁੱਲ੍ਹਾ ਸੱਦਾ ਹੈ, ਜੋ ਮਾਪਿਆਂ ਤੇ ਦਾਦਾ-ਦਾਦੀਆਂ ਤੋਂ ਲੈ ਕੇ ਅਧਿਆਪਕਾਂ ਤੇ ਕੋਚਾਂ ਤੱਕ ਹਰ ਕਿਸੇ ਲਈ ਹੈ ਕਿ ਉਹ ਸੂਬੇ ਵਿਚ ਖੇਡਾਂ ਨੂੰ  ਪ੍ਰਫੁੱਲਤ ਕਰਨ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ |
ਇਸ ਸਾਲ 'ਖੇਡਾਂ ਵਤਨ ਪੰਜਾਬ ਦੀਆਂ' 5 ਸਤੰਬਰ ਨੂੰ  ਅਧਿਆਪਕ ਦਿਵਸ 'ਤੇ ਸ਼ੁਰੂ ਕੀਤੀਆਂ ਗਈਆਂ | ਇਹ ਸਾਡੇ ਅਧਿਆਪਕਾਂ ਤੋਂ ਲੈ ਕੇ ਖੇਡ ਮੈਦਾਨਾਂ ਦੇ ਕੋਚਾਂ ਤੇ ਟ੍ਰੇਨਰਾਂ ਪ੍ਰਤੀ ਸਾਡੇ ਮਾਣ-ਸਤਿਕਾਰ ਨੂੰ  ਦਰਸਾਉਂਦਾ ਹੈ | ਖੇਡ ਸੱਭਿਆਚਾਰ ਸਰਕਾਰ ਸਿਰਫ਼ ਇਕੱਲੀ ਨਹੀਂ ਸਿਰਜ ਸਕਦੀ, ਇਸ ਲਈ ਮਾਪਿਆਂ ਨੂੰ  ਵੀ ਬਰਾਬਰ ਯੋਗਦਾਨ ਦੇ ਕੇ ਆਪਣੇ ਬੱਚਿਆਂ ਨੂੰ  ਖੇਡਣ ਲਈ ਪ੍ਰੇਰਿਤ ਕਰਨਾ ਹੋਵੇਗਾ | ਕੋਚਾਂ ਤੇ ਟ੍ਰੇਨਰਾਂ ਨੂੰ  ਹੁਨਰ ਦੀ ਪਛਾਣ ਕਰਕੇ ਉਸ ਨੂੰ  ਨਿਖਾਰਨਾ ਹੋਵੇਗਾ | ਪਿੰਡਾਂ ਤੇ ਭਾਈਚਾਰਿਆਂ ਨੂੰ  ਆਪਣੇ ਖਿਡਾਰੀਆਂ 'ਤੇ ਮਾਣ ਕਰਨਾ ਹੋਵੇਗਾ | ਅਸੀਂ ਸਾਰੇ ਮਿਲ ਕੇ ਹੀ ਇਸ ਨੂੰ  ਸੰਭਵ ਬਣਾ ਸਕਦੇ ਹਾਂ | ਅਸੀਂ ਜਦੋਂ ਇਕੱਠੇ ਹੋ ਕੇ ਚੱਲਦੇ ਹਾਂ ਤਾਂ ਪੰਜਾਬ ਅਤੇ ਪੰਜਾਬੀਅਤ ਸਾਡੇ 'ਚੋਂ ਖ਼ੁਦ-ਬ-ਖ਼ੁਦ ਝਲਕਦੀ ਹੈ | 'ਖੇਡਾਂ ਵਤਨ ਪੰਜਾਬ ਦੀਆਂ' ਭਾਵੇਂ ਪੰਜਾਬ ਦੀ ਮਿੱਟੀ ਨਾਲ ਜੁੜਿਆ ਇਕ ਸਥਾਨਕ ਉਪਰਾਲਾ ਹੈ, ਪਰ ਇਸ ਦਾ ਪ੍ਰਭਾਵ ਕੌਮੀ ਤੇ ਕੌਮਾਂਤਰੀ ਪੱਧਰ ਤੱਕ ਹੈ |
ਮੈਂ ਉਮੀਦ ਕਰਦਾ ਹਾਂ ਕਿ 'ਖੇਡਾਂ ਵਤਨ ਪੰਜਾਬ ਦੀਆਂ' ਦੇ ਇਹ 75 ਦਿਨ ਸਾਨੂੰ ਸਾਰਿਆਂ ਨੂੰ  ਇਕ-ਦੂਜੇ ਦੇ ਹੋਰ ਨੇੜੇ ਲਿਆਉਣ ਅਤੇ ਭਾਰਤ ਦੀ ਉਲੰਪਿਕ ਤਗਮਾ ਸੂਚੀ ਵਿਚ ਨਵੀਆਂ ਪ੍ਰਾਪਤੀਆਂ ਜੋੜਨ ਲਈ ਪੰਜਾਬ ਦਾ ਸਹੀ ਮਾਰਗਦਰਸ਼ਨ ਕਰਨਗੇ | ਇਹ ਮੇਰੀ ਦਿਲੀ ਇੱਛਾ, ਮੇਰੀ ਉਮੀਦ ਤੇ ਮੇਰਾ ਵਾਅਦਾ ਹੈ ਕਿ ਪੰਜਾਬ ਦੇਸ਼ ਦਾ ਮਾਰਗਦਰਸ਼ਨ ਕਰੇਗਾ |

ਸਾਡਾ ਖ਼ੁਆਬ, ਰੰਗਲਾ ਪੰਜਾਬ |

ਪਿਛਲੀ ਖ਼ਬਰ ਰਾਸ਼ਟਰ ਨਿਰਮਾਣ ਨੂੰ ਸਮਰਪਿਤ ਇਕ ਸ਼ਖਸੀਅਤ-ਅਸ਼ੋਕ ਸਿੰਘਲ ਅਗਲੀ ਖ਼ਬਰ ਕੰਧਾਂ ਬੋਲਦੀਆਂ ਨੇ, ਪਰ ਘਰ ਸੁੰਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।