26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਿੱਖਿਆ ਸੰਘਰਸ਼ ਤੋਂ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਡਾ. ਮਨਮੋਹਨ ਸਿੰਘ

ਸਿੱਖਿਆ ਸੰਘਰਸ਼ ਤੋਂ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਡਾ. ਮਨਮੋਹਨ ਸਿੰਘ

ਅਜੀਤ ਡੈਸਕ 26-09-2026

ਡਾ. ਮਨਮੋਹਨ ਸਿੰਘ ਦਾ ਜਨਮ ਅਣਵੰਡੇ ਪੰਜਾਬ ਦੇ ਪਿੰਡ ਗਾਹ (ਹੁਣ ਪਾਕਿਸਤਾਨ ਵਿਚ) ਵਿਚ ਸ. ਗੁਰਮੁਖ ਸਿੰਘ ਤੇ ਸ੍ਰੀਮਤੀ ਅੰਮਿ੍ਤ ਕੌਰ ਦੇ ਘਰ 26 ਸਤੰਬਰ, 1932 ਨੂੰ  ਹੋਇਆ ਸੀ | 1947 ਵਿਚ ਜਦੋਂ ਜਦੋਂ ਉਨ੍ਹਾਂ ਦੇ ਦਾਦਾ ਜੀ ਦੀ ਹੱਤਿਆ ਕੀਤੀ ਗਈ ਤਾਂ ਉਨ੍ਹਾਂ ਦੇ ਪਿਤਾ ਪਿਸ਼ਾਵਰ ਵਿਚ ਕੰਮ ਕਰ ਰਹੇ ਸਨ | ਮਈ ਤੇ ਜੂਨ ਦੇ ਮਹੀਨਿਆਂ ਦੌਰਾਨ ਜਦੋਂ ਗ਼ੈਰ-ਮੁਸਲਮਾਨਾਂ ਲਈ ਮਾਹੌਲ ਖ਼ਰਾਬ ਹੋ ਰਿਹਾ ਸੀ ਤਾਂ ਮਨਮੋਹਨ ਸਿੰਘ ਦੇ ਪਿਤਾ ਨੇ ਆਪਣੇ ਸਾਰੇ ਬੱਚਿਆਂ ਨੂੰ  ਰੇਲਗੱਡੀ ਰਾਹੀਂ ਭਾਰਤ ਵਿਚ ਉੱਤਰ ਪ੍ਰਦੇਸ਼ ਦੇ ਹਲਦਵਾਨੀ 'ਚ ਆਪਣੇ ਦੋਸਤ ਦੇ ਘਰ ਲਿਆਉਣ ਦਾ ਫ਼ੈਸਲਾ ਕੀਤਾ | ਹਲਦਵਾਨੀ ਆਉਣ ਤੋਂ ਪਹਿਲਾਂ ਮਨਮੋਹਨ ਸਿੰਘ ਦੇ ਪਿਤਾ ਨੇ ਨਿੱਜੀ ਕੰਪਨੀ ਦੀ ਨੌਕਰੀ ਛੱਡ ਕੇ ਪਿਸ਼ਾਵਰ 'ਚ ਆਪਣਾ ਛੋਟਾ ਜਿਹਾ ਕਾਰੋਬਾਰ ਸਥਾਪਿਤ ਕੀਤਾ ਸੀ | ਜਦੋਂ ਫਿਰਕੂ ਸਥਿਤੀ ਹੋਰ ਵੀ ਵਿਗੜ ਗਈ ਤਾਂ ਉਨ੍ਹਾਂ ਦੇ ਪਿਤਾ ਨੂੰ  ਕਾਰੋਬਾਰ ਬੰਦ ਕਰਨਾ ਪਿਆ ਤੇ ਵਾਹਗਾ ਸਰਹੱਦ ਤੋਂ ਆਜ਼ਾਦ ਭਾਰਤ ਵਿਚ ਆਉਣਾ ਪਿਆ | ਇੱਥੇ ਉਨ੍ਹਾਂ ਕੋਲ ਕਰਨ ਲਈ ਕੁਝ ਨਹੀਂ ਸੀ, ਇਸ ਲਈ ਉਨ੍ਹਾਂ ਨੇ ਅੰਮਿ੍ਤਸਰ ਸ਼ਹਿਰ 'ਚ ਵਸਣ ਦਾ ਫ਼ੈਸਲਾ ਕੀਤਾ ਤੇ ਸ਼ਹਿਰ ਵਿਚ ਕਣਕ ਮੰਡੀ ਵਜੋਂ ਜਾਣੇ ਜਾਂਦੇ ਨੇੜਲੇ ਇਲਾਕੇ ਵਿਚ ਰਹਿੰਦਿਆਂ ਮਜੀਠ ਮੰਡੀ ਖੇਤਰ ਵਿਚ ਕਰਿਆਨੇ ਦੀ ਦੁਕਾਨ ਖੋਲ੍ਹ ਲਈ | ਮਨਮੋਹਨ ਸਿੰਘ ਨੇ ਆਪਣੀ ਧੀ ਨੂੰ  ਇਕ ਗੱਲਬਾਤ ਵਿਚ ਕਿਹਾ, ਜਿਸ ਨੂੰ  ਉਨ੍ਹਾਂ ਨੇ ਆਪਣੀ ਕਿਤਾਬ 'ਚ ਸ਼ਾਮਿਲ ਕੀਤਾ ਹੈ, 'ਸਾਡੇ ਵਿਚ ਕੋਈ ਮਤਭੇਦ ਨਹੀਂ ਸਨ, ਪਰ ਮੈਨੂੰ ਦੁਕਾਨ 'ਤੇ ਬੈਠਣਾ ਪਸੰਦ ਨਹੀਂ ਸੀ | ਮੈਂ ਮਹਿਸੂਸ ਕੀਤਾ ਕਿ ਮੈਨੂੰ ਬਣਦਾ ਸਤਿਕਾਰ ਨਹੀਂ ਦਿੱਤਾ ਗਿਆ |' ਡਾ. ਮਨਮੋਹਨ ਸਿੰਘ ਨੇ ਸਤੰਬਰ 1948 ਵਿਚ ਹਿੰਦੂ ਕਾਲਜ 'ਚ ਦਾਖਲਾ ਲੈ ਲਿਆ | ਉਨ੍ਹਾਂ ਨੇ ਅਰਥਸ਼ਾਸਤਰ, ਰਾਜਨੀਤੀ ਵਿਗਿਆਨ, ਗਣਿਤ, ਅੰਗਰੇਜ਼ੀ ਤੇ ਫਰੈਂਚ ਦੇ ਨਾਲ ਹਿਊਮੈਨੀਟੀਜ਼ ਦੀ ਚੋਣ ਕੀਤੀ | ਸਾਲ 1950 ਵਿਚ ਉਨ੍ਹਾਂ ਨੇ ਯੂਨੀਵਰਸਿਟੀ ਦੇ ਇਮਤਿਹਾਨਾਂ 'ਚ ਟਾਪ ਕੀਤਾ, ਜਿਸ ਨਾਲ ਉਨ੍ਹਾਂ ਨੂੰ  ਕਾਲਜ ਵਿਚ ਦੋ ਸਾਲਾਂ ਦੀ ਸਕਾਲਰਸ਼ਿਪ ਮਿਲ ਗਈ |


ਡਾ. ਮਨਮੋਹਨ ਸਿੰਘ ਦੀ ਅਰਥਸ਼ਾਸਤਰ ਵਿਚ ਗਹਿਰੀ ਦਿਲਚਸਪੀ ਸੀ | ਇਕ ਵਿਦਿਆਰਥੀ ਦੇ ਰੂਪ ਵਿਚ ਕੁੱਝ ਦੇਸ਼ਾਂ ਦੇ ਅਮੀਰ ਤੇ ਬਾਕੀਆਂ ਦੇ ਗਰੀਬ ਹੋਣ ਬਾਰੇ ਉਨ੍ਹਾਂ ਦੇ ਮਨ ਵਿਚ ਉਤਸੁਕਤਾ ਸੀ | ਇਸੇ ਉਤਸੁਕਤਾ ਨੇ ਉਨ੍ਹਾਂ ਨੂੰ  ਇਕ ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ ਬਣਨ ਦੇ ਰਾਹ 'ਤੇ ਪਾਇਆ, ਜਿਨ੍ਹਾਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਆਰਥਿਕ ਨੀਤੀ ਨਾਲ ਸੰਬੰਧਿਤ ਕਈ ਮਹੱਤਵਪੂਰਨ ਅਹੁਦੇ ਹਾਸਿਲ ਕੀਤੇ | ਸਾਲ 1952 ਦੀ ਗੱਲ ਹੈ ਕਿ ਆਪਣੀ ਗ੍ਰੈਜੂਏਸ਼ਨ ਦੀ ਪ੍ਰੀਖਿਆ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਆਪਣੇ ਘਰ ਤੋਂ ਬਾਹਰ ਜਾਣ ਦਾ ਮੌਕਾ ਮਿਲਿਆ ਤੇ ਪੰਜਾਬ ਯੂਨੀਵਰਸਿਟੀ ਦੁਆਰਾ ਦਿੱਤੀ ਗਈ ਸਕਾਲਰਸ਼ਿਪ 'ਤੇ ਹੁਸ਼ਿਆਰਪੁਰ ਕਾਲਜ ਵਿਚ ਦਾਖਲਾ ਲਿਆ | ਉਨ੍ਹਾਂ ਦੇ ਅਰਥਸ਼ਾਸਤਰ ਦੇ ਸਿਧਾਂਤ ਦੇ ਅਧਿਆਪਕ ਰੰਗਨੇਕਰ ਨੇ ਮਨਮੋਹਨ ਸਿੰਘ ਨੂੰ  ਆਪਣੀ ਪੜ੍ਹਾਈ ਜਾਰੀ ਰੱਖਣ ਲਈ ਕੈਂਬਰਿਜ ਯੂਨੀਵਰਸਿਟੀ ਵਿਚ ਸਕਾਲਰਸ਼ਿਪ ਲਈ ਅਰਜ਼ੀ ਦੇਣ ਲਈ ਉਤਸ਼ਾਹਿਤ ਕੀਤਾ, ਕਿਉਂਕਿ ਉਹ ਉਨ੍ਹਾਂ ਲਈ ਉਜਵਲ ਅਕਾਦਮਿਕ ਭਵਿੱਖ ਦੀ ਭਵਿੱਖਬਾਣੀ ਕਰਦੇ ਸਨ | ਕੈਂਬਰਿਜ ਯੂਨੀਵਰਸਿਟੀ ਅਰਥਸ਼ਾਸਤਰ ਦਾ ਮੱਕਾ ਸੀ | ਕੈਂਬਰਿਜ ਵਿਖੇ ਆਪਣੀ ਮਨਜ਼ੂਰੀ ਦੀ ਉਡੀਕ ਕਰਦੇ ਹੋਏ ਉਨ੍ਹਾਂ ਨੇ ਪੰਜਾਬ ਕਾਲਜ ਵਿਚ ਆਪਣੀ ਖੋਜ ਸਕਾਲਰਸ਼ਿਪ ਸ਼ੁਰੂ ਕੀਤੀ | ਯੂਨਾਈਟਿਡ ਕਿੰਗਡਮ ਜਾਣ ਲਈ ਲੋੜੀਂਦੇ ਦਸਤਾਵੇਜ਼ਾਂ ਲਈ ਉਨ੍ਹਾਂ ਨੂੰ  ਹਰ ਕਿਸੇ ਤੋਂ ਬਹੁਤ ਸਹਾਇਤਾ ਮਿਲੀ | ਉਨ੍ਹਾਂ ਦੇ ਵਾਈਸ ਚਾਂਸਲਰ ਨੇ ਉਨ੍ਹਾਂ ਨੂੰ  ਆਪਣੀ ਖੋਜ ਸਕਾਲਰਸ਼ਿਪ ਉਨ੍ਹਾਂ ਦੇ ਕੋਲ ਰੱਖਣ ਦਿੱਤੀ, ਜਿਸ ਨਾਲ ਕੈਂਬਬਿ੍ਜ ਦੇ ਸੇਂਟ ਜੋਨਜ਼ ਕਾਲਜ ਵਿਚ ਰਹਿਣ ਵਿਚ ਮਦਦ ਮਿਲੀ, ਜਿੱਥੇ ਉਨ੍ਹਾਂ ਨੂੰ  ਦਾਖਲਾ ਮਿਲ ਗਿਆ | ਮਨਮੋਹਨ ਸਿੰਘ ਸਤੰਬਰ 1955 ਵਿਚ ਜਹਾਜ਼ ਰਾਹੀਂ ਯੂਨਾਈਟਿਡ ਕਿੰਗਡਮ ਲਈ ਰਵਾਨਾ ਹੋਏ |
ਭਾਵੇਂ ਕਿ ਪਿੰਡ ਵਿਚ ਜੰਮੇ-ਪਲੇ ਇਸ ਲੜਕੇ ਲਈ ਕੈਂਬਰਿਜ ਇਕ ਵੱਡੀ ਤਬਦੀਲੀ ਸੀ, ਉਨ੍ਹਾਂ ਨੇ ਜਲਦੀ ਹੀ ਆਪਣੇ-ਆਪ ਨੂੰ  ਉਸ ਅਨੁਕੂਲ ਢਾਲ ਲਿਆ | ਇਸ ਨੌਜਵਾਨ ਲੜਕੇ ਨੂੰ  ਪ੍ਰੇਸ਼ਾਨ ਕਰਨ ਵਾਲੀ ਇਕੋ ਇਕ ਸਮੱਸਿਆ ਪੈਸੇ ਦੀ ਕਮੀ ਸੀ | ਉਨ੍ਹਾਂ ਨੇ ਯੂਨਾਈਟਿਡ ਕਿੰਗਡਮ ਵਿਚ ਆਪਣੇ ਪ੍ਰਵਾਸ ਦੇ ਅਗਲੇ ਦੋ ਸਾਲਾਂ ਵਿਚ ਹੋਣ ਵਾਲੇ ਸਾਰੇ ਖ਼ਰਚਿਆਂ ਦੀ ਯੋਜਨਾ ਬਣਾਈ ਤੇ ਗਣਨਾ ਦੇ ਅਨੁਸਾਰ ਕੁੱਲ ਰਾਸ਼ੀ 600 ਪੌਂਡ ਨਿਕਲੀ | ਉਨ੍ਹਾਂ ਨੂੰ  ਪੰਜਾਬ ਯੂਨੀਵਰਸਿਟੀ ਦੀ ਸਕਾਲਰਸ਼ਿਪ ਤੋਂ ਲਗਭਗ 4160 ਰੁਪਏ ਮਿਲੇ ਸਨ ਤੇ ਬਾਕੀ ਦੇ ਲਈ ਉਹ ਆਪਣੇ ਪਿਤਾ 'ਤੇ ਨਿਰਭਰ ਸਨ | ਉਨ੍ਹਾਂ ਨੇ ਘੱਟ ਖ਼ਰਚ ਕਰ ਕੇ ਰਹਿਣ ਦਾ ਫ਼ੈਸਲਾ ਕੀਤਾ, ਕਿਉਂਕਿ ਉਹ ਆਪਣੇ ਪਿਤਾ ਨੂੰ  ਜ਼ਿਆਦਾ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਸਨ | ਫਿਰ ਵੀ ਉਹ ਕਦੇ-ਕਦਾਈਾ ਪੈਸਿਆਂ ਦੀ ਕਮੀ ਹੋਣ 'ਤੇ ਤੰਗ ਸਥਿਤੀ ਵਿਚ ਰਹਿੰਦੇ | ਉਸ ਹਾਲਾਤ ਵਿਚ ਉਹ ਖਾਣਾ ਛੱਡ ਦਿੰਦੇ ਸਨ ਤੇ ਕੈਡਬਰੀ ਦੀਆਂ ਚਾਕਲੇਟ ਬਾਰਾਂ 'ਤੇ ਹੀ ਨਿਰਭਰ ਰਹਿੰਦੇ ਸਨ, ਜਿਨ੍ਹਾਂ ਦੀ ਕੀਮਤ ਛੇ ਪੈਂਸ ਹੁੰਦੀ ਸੀ | ਉਨ੍ਹਾਂ ਨੇ ਕਾਲਜ 'ਚ ਕਿਸੇ ਤੋਂ ਪੈਸੇ ਉਧਾਰ ਨਾ ਲੈਣ ਦਾ ਫ਼ੈਸਲਾ ਕੀਤਾ, ਇਕ ਅਜਿਹੀ ਆਦਤ ਜੋ ਉਨ੍ਹਾਂ ਨੇ ਹਮੇਸ਼ਾ ਬਰਕਰਾਰ ਰੱਖੀ ਅਤੇ ਆਪਣੀ ਜ਼ਿੰਦਗੀ 'ਚ ਕਦੇ ਵੀ ਕਿਸੇ ਤੋਂ ਉਧਾਰ ਨਹੀਂ ਲਿਆ | ਹਾਲਾਤ ਬਹੁਤ ਖ਼ਰਾਬ ਹੋਣ 'ਤੇ ਉਨ੍ਹਾਂ ਨੇ ਸਹਾਇਤਾ ਲਈ ਇਕੱਲੇ ਵਿਅਕਤੀ ਜੋ ਉਨ੍ਹਾਂ ਦਾ ਦੋਸਤ ਮਦਨ ਲਾਲ ਸੂਦਨ ਸੀ, ਤੱਕ ਪਹੁੰਚ ਕੀਤੀ | ਜਿਸ ਨੂੰ  ਉਹ ਹੁਸ਼ਿਆਰਪੁਰ ਕਾਲਜ 'ਚ ਪੋਸਟ ਗ੍ਰੈਜੂਏਸ਼ਨ ਦੇ ਦਿਨਾਂ ਤੋਂ ਜਾਣਦੇ ਸਨ | ਉਨ੍ਹਾਂ ਨੇ ਉਸ ਨੂੰ  ਇਕ ਪੱਤਰ ਲਿਖਿਆ ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ  ਯੂ.ਕੇ. ਵਿਚ ਅਗਲੇ ਦੋ ਸਾਲ ਰਹਿਣ ਦੇ ਦੌਰਾਨ 25 ਪਾਊਾਡ ਦੀ ਘਾਟ ਹੋ ਸਕਦੀ ਹੈ ਤੇ ਇਸ ਲਈ ਉਨ੍ਹਾਂ ਨੂੰ  ਉਮੀਦ ਸੀ ਕਿ ਉਸ ਦਾ ਦੋਸਤ ਉਸ ਨੂੰ  ਇਸ ਸਾਲ 12 ਪੌਂਡ ਤੇ ਅਗਲੇ ਸਾਲ 13 ਪੌਂਡ ਭੇਜ ਸਕਦਾ ਹੈ | ਦੋ ਮਹੀਨਿਆਂ ਬਾਅਦ ਉਨ੍ਹਾਂ ਲਈ 3 ਪੌਂਡ ਦਾ ਮਨੀ ਆਰਡਰ ਆਇਆ | ਸ਼ਾਇਦ ਇਹ ਸਭ ਕੁਝ ਸੀ, ਜੋ ਉਨ੍ਹਾਂ ਦਾ ਪਿਆਰਾ ਦੋਸਤ ਮਨਮੋਹਨ ਸਿੰਘ ਨੂੰ  ਭੇਜ ਸਕਦਾ ਸੀ ਅਤੇ ਮਨਮੋਹਨ ਇਸ ਸਹਾਇਤਾ ਲਈ ਆਪਣੇ ਦੋਸਤ ਦੇ ਸਦਾ ਲਈ ਧੰਨਵਾਦੀ ਰਹੇ | ਕਾਲਜ ਦੇ ਪਹਿਲੇ ਸਾਲ ਦੇ ਅੰਤ 'ਚ ਜਦੋਂ ਇਮਤਿਹਾਨਾਂ ਦੇ ਨਤੀਜੇ ਐਲਾਨੇ ਗਏ ਤਾਂ ਪਤਾ ਲੱਗਾ ਕਿ ਮਨਮੋਹਨ ਸਿੰਘ ਨੇ ਉਨ੍ਹਾਂ ਨੂੰ  ਪਾਸ ਕਰ ਲਿਆ ਹੈ | ਉਨ੍ਹਾਂ ਨੇ ਆਪਣੇ ਦੋਸਤ ਮਦਨ ਨੂੰ  ਲਿਖਿਆ ਕਿ ਉਨ੍ਹਾਂ ਨੂੰ  ਹੋਰ ਪੈਸੇ ਨਾ ਭੇਜਣ, ਕਿਉਂਕਿ ਉਨ੍ਹਾਂ ਨੂੰ  20 ਪੌਂਡ ਦਾ ਇਨਾਮ ਮਿਲੇਗਾ, ਜੋ ਬਜਟ ਵਿਚ ਅਨੁਮਾਨਤ ਕਮੀ ਨੂੰ  ਪੂਰਾ ਕਰੇਗਾ | 
ਸਾਲ 1991 ਵਿਚ ਜਦੋਂ ਮਨਮੋਹਨ ਸਿੰਘ ਨੂੰ  ਭਾਰਤ ਦਾ 22ਵਾਂ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੇ ਸੰਸਦ ਵਿਚ ਇਤਿਹਾਸਕ ਬਜਟ ਪੇਸ਼ ਕੀਤਾ ਤਾਂ ਉਨ੍ਹਾਂ ਦੀ ਦੇਸ਼ ਵਿਚ ਇਕ ਵੱਡੇ ਵਿੱਤੀ ਸੰਕਟ ਨੂੰ  ਟਾਲਣ ਵਾਲੇ ਅਰਥਸ਼ਾਸਤਰੀ ਵਜੋਂ ਸ਼ਲਾਘਾ ਕੀਤੀ ਗਈ ਸੀ, ਕਿਉਂਕਿ ਭਾਰਤ ਕੋਲ ਵਿਦੇਸ਼ੀ ਮੁਦਰਾ ਭੰਡਾਰ ਹਫ਼ਤੇ ਦੇ ਆਯਾਤ ਮੁੱਲ ਦਾ ਸਿਰਫ਼ ਦੋ ਦਿਨ ਦਾ ਹੀ ਬਚਿਆ ਸੀ | ਇਹ ਉਦੋਂ ਸੀ ਜਦੋਂ ਉਨ੍ਹਾਂ ਨੇ ਦੇਸ਼ ਵਿਚ ਵਿਦੇਸ਼ੀ ਨਿਵੇਸ਼ ਦੇ ਪ੍ਰਵਾਹ ਲਈ ਭਾਰਤੀ ਅਰਥਚਾਰੇ ਨੂੰ  ਕੰਟਰੋਲ ਮੁਕਤ ਕਰਨ ਦਾ ਸੁਝਾਅ ਦਿੱਤਾ ਸੀ | ਇਹ ਵਿਆਪਕ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿਮ੍ਹਾ ਰਾਓ ਨੇ ਡਾ. ਮਨਮੋਹਨ ਸਿੰਘ ਨੂੰ  ਵਿੱਤ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਦੇ ਰੂਪ ਵਿਚ ਦੇਖਿਆ ਸੀ, ਪਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਇਹ ਸੋਨੀਆ ਗਾਂਧੀ ਹੀ ਸਨ, ਜਿਨ੍ਹਾਂ ਨੇ ਉਨ੍ਹਾਂ ਦਾ ਨਾਂਅ ਸੁਝਾਇਆ ਅਤੇ ਡਾ. ਮਨਮੋਹਨ ਸਿੰਘ ਨੂੰ  ਸਰਕਾਰ ਵਿਚ ਵਿੱਤ ਵਿਭਾਗ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਸੌਂਪੀ, ਕਿਉਂਕਿ ਉਨ੍ਹਾਂ ਨੇ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀਆਂ ਸਰਕਾਰਾਂ ਦੌਰਾਨ ਵੱਖ-ਵੱਖ ਵਿੱਤੀ ਅਤੇ ਆਰਥਿਕ ਮਾਮਲਿਆਂ 'ਤੇ ਉਨ੍ਹਾਂ ਦੇ ਕੰਮ ਨੂੰ  ਨੇੜੇ ਤੋਂ ਦੇਖਿਆ ਸੀ | ਅੱਜ ਦੇਸ਼-ਵਿਦੇਸ਼ ਵਿਚ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ 'ਤੇ ਲੋਕ ਉਨ੍ਹਾਂ ਨੂੰ  ਸਨੇਹ ਤੇ ਸਤਿਕਾਰ ਨਾਲ ਯਾਦ ਕਰ ਰਹੇ ਹਨ |
 

-ਸਾਬਕਾ ਰਾਜ ਸਭਾ ਮੈਂਬਰ |

ਪਿਛਲੀ ਖ਼ਬਰ ਲੋਕਤੰਤਰ ਲਈ ਚਿੰਤਾਜਨਕ ਹੈ ਚੋਣ ਕਮਿਸ਼ਨ ਅੰਦਰਲਾ ਘਟਨਾਕ੍ਰਮ ਅਗਲੀ ਖ਼ਬਰ ਕੁਦਰਤ ਦੀ ਇਹ ਲੀਲ੍ਹਾ ਸਾਰੀ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।