27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਕੁਲਦੀਪ ਸ਼ਰਮਾ ਤੇ ਹੁੱਡਾ ਸਮਰਥਕਾਂ 'ਚ ਤੇਜ਼ ਹੋਈ ਜ਼ੁਬਾਨੀ ਜੰਗ

ਕੁਲਦੀਪ ਸ਼ਰਮਾ ਤੇ ਹੁੱਡਾ ਸਮਰਥਕਾਂ 'ਚ ਤੇਜ਼ ਹੋਈ ਜ਼ੁਬਾਨੀ ਜੰਗ

ਅਜੀਤ ਡੈਸਕ 27-08-2026

ਹਰਿਆਣਾ 'ਚ ਕਾਂਗਰਸ ਦੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ ਤੇ ਹੁੱਡਾ ਸਮਰਥਕਾਂ ਵਿਚਕਾਰ ਅੱਜਕਲ੍ਹ ਸ਼ਬਦੀ ਜੰਗ ਤੇਜ਼ ਹੋ ਗਈ ਹੈ | ਕਿਸੇ ਸਮੇਂ  ਕੁਲਦੀਪ ਸ਼ਰਮਾ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਵਿਚਕਾਰ ਗੂੜ੍ਹੀ ਦੋਸਤੀ ਸੀ | ਸ਼ਰਮਾ ਦੇ ਪਿਤਾ ਚਿਰੰਜੀ ਲਾਲ ਸ਼ਰਮਾ ਕਰਨਾਲ ਤੋਂ ਚਾਰ ਵਾਰ ਸੰਸਦ ਮੈਂਬਰ ਰਹੇ ਸਨ | ਜਦੋਂ ਕੁਲਦੀਪ ਸ਼ਰਮਾ ਨੂੰ  2004 'ਚ ਕਾਂਗਰਸ ਨੇ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਵਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ 'ਤੇ ਪਾਰਟੀ ਨੇ ਉਸ ਨੂੰ  6 ਸਾਲਾਂ ਲਈ ਕਾਂਗਰਸ 'ਚੋਂ ਕੱਢ ਦਿੱਤਾ ਸੀ | ਜਦੋਂ ਭੁਪਿੰਦਰ ਹੁੱਡਾ 2005 ਵਿਚ ਸੂਬੇ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਕੁਲਦੀਪ ਸ਼ਰਮਾ ਨੂੰ  ਕਾਂਗਰਸ ਵਿਚ ਵਾਪਸ ਲਿਆਂਦਾ ਤੇ 2007 ਵਿਚ ਕੁਲਦੀਪ ਸ਼ਰਮਾ ਨੂੰ  ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ | ਹੁੱਡਾ ਨੇ 2009 ਵਿਚ ਸ਼ਰਮਾ ਨੂੰ  ਗਨੌਰ ਤੋਂ ਟਿਕਟ ਦਿਵਾਈ ਤੇ ਪਹਿਲੀ ਵਾਰ ਦੇ ਵਿਧਾਇਕ ਹੋਣ ਦੇ ਬਾਵਜੂਦ ਉਸ ਨੂੰ  ਹਰਿਆਣਾ ਵਿਧਾਨ ਸਭਾ ਦੇ ਸਪੀਕਰ ਬਣਾਇਆ ਗਿਆ |

ਇਕ ਸਮੇਂ ਭੁਪਿੰਦਰ ਹੁੱਡਾ, ਕੁਲਦੀਪ ਸ਼ਰਮਾ ਤੇ ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ ਵਿਚਕਾਰ ਦੋਸਤੀ ਦੀ ਰਾਜਨੀਤਕ ਹਲਕਿਆਂ ਵਿਚ ਵਿਆਪਕ ਚਰਚਾ ਹੁੰਦੀ ਸੀ | ਵਿਨੋਦ ਸ਼ਰਮਾ ਤੇ ਕੁਲਦੀਪ ਸ਼ਰਮਾ ਕੁੜਮ ਹਨ | ਵਿਨੋਦ ਸ਼ਰਮਾ ਦਾ ਪੁੱਤਰ ਕਾਰਤੀਕੇਯ ਸ਼ਰਮਾ ਭਾਜਪਾ-ਸਮਰਥਿਤ ਰਾਜ ਸਭਾ ਮੈਂਬਰ ਹੈ ਤੇ ਉਹ ਕੁਲਦੀਪ ਸ਼ਰਮਾ ਦਾ ਜਵਾਈ ਹੈ | ਵਿਨੋਦ ਸ਼ਰਮਾ ਦੀ ਪਤਨੀ ਸ਼ਕਤੀ ਰਾਣੀ ਸ਼ਰਮਾ ਕਾਲਕਾ ਤੋਂ ਭਾਜਪਾ ਵਿਧਾਇਕ ਹੈ | ਦਰਅਸਲ ਹੁੱਡਾ ਤੇ ਕੁਲਦੀਪ ਸ਼ਰਮਾ ਵਿਚਕਾਰ 2024 ਦੀਆਂ ਚੋਣਾਂ ਮੌਕੇ ਇਸ ਲਈ ਨਾਰਾਜ਼ਗੀ ਵਧ ਗਈ, ਜਦੋਂ ਕੁਲਦੀਪ ਸ਼ਰਮਾ ਦੇ ਪੁੱਤਰ ਚਾਣਕਯ ਨੂੰ  ਕਰਨਾਲ ਤੋਂ ਕਾਂਗਰਸ ਦੀ ਟਿਕਟ ਨਾ ਮਿਲੀ ਤੇ ਟਿਕਟ ਦਿਵਯਾਂਸ਼ੂ ਬੁੱਧੀਰਾਜਾ ਨੂੰ  ਮਿਲ ਗਈ ਜੋ ਦੀਪੇਂਦਰ ਹੁੱਡਾ ਦਾ ਕਰੀਬੀ ਸਾਥੀ ਮੰਨਿਆ ਜਾਂਦਾ ਹੈ | ਕੁਲਦੀਪ ਸ਼ਰਮਾ ਦੇ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਦੇ ਪੁੱਤਰ ਬਿ੍ਜੇਂਦਰ ਸਿੰਘ ਦੀ ਪਦਯਾਤਰਾ ਵਿਚ ਸ਼ਾਮਿਲ ਹੋਣ ਬਾਅਦ ਕੁਲਦੀਪ ਸ਼ਰਮਾ ਤੇ ਹੁੱਡਾ ਪਰਿਵਾਰ ਵਿਚਕਾਰ ਨਾਰਾਜ਼ਗੀ ਜਨਤਕ ਹੋ ਗਈ | 
ਖੜਗੇ ਨੂੰ  ਲਿਖਿਆ ਪੱਤਰ
ਹਾਲ ਹੀ ਵਿਚ ਜਦੋਂ ਅਫਵਾਹਾਂ ਫੈਲਣ ਲੱਗੀਆਂ ਕਿ ਕੁਲਦੀਪ ਸ਼ਰਮਾ ਕਾਂਗਰਸ ਛੱਡ ਰਹੇ ਹਨ ਤਾਂ ਉਨ੍ਹਾਂ ਨੇ ਫੇਸਬੁੱਕ 'ਤੇ ਪੋਸਟ ਪਾਈ, ਜਿਸ ਵਿਚ  ਲਿਖਿਆ ਸੀ ਕਿ ਕੁਲਦੀਪ ਸ਼ਰਮਾ ਕਾਂਗਰਸ ਨਹੀਂ ਛੱਡਦਾ, ਛੁਡਵਾਇਆ ਕਰਦਾ ਹੈ | ਕੁਲਦੀਪ ਸ਼ਰਮਾ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਅਜਿਹੀਆਂ ਅਫਵਾਹਾਂ ਪਿੱਛੇ ਹੁੱਡਾ ਸਮਰਥਕਾਂ ਦਾ ਹੱਥ ਹੈ | ਕੁਲਦੀਪ ਸ਼ਰਮਾ ਨੇ ਪਿਛਲੇ ਹਫ਼ਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰੁਜਨ ਖੜਗੇ ਨੂੰ  ਪੱਤਰ ਲਿਖ ਕੇ ਰੋਹਤਕ ਤੋਂ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੂੰ  ਕਾਂਗਰਸ ਵਰਕਿੰਗ ਕਮੇਟੀ ਤੋਂ ਹਟਾਉਣ ਦੀ ਮੰਗ ਕੀਤੀ ਸੀ | ਸ਼ਰਮਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਮਰਹੂਮ ਸੱਜਣ ਕੁਮਾਰ ਦੀ ਮੌਤ ਬਾਅਦ ਦੀਪੇਂਦਰ ਹੁੱਡਾ ਵਲੋਂ ਉਸ ਦੀ ਪ੍ਰਸ਼ੰਸਾ ਕਰਨ ਵਾਲੇ ਬਿਆਨ ਦਾ ਹਵਾਲਾ ਦਿੱਤਾ ਹੈ | ਦੀਪੇਂਦਰ ਹੁੱਡਾ ਨੇ ਸੱਜਣ ਕੁਮਾਰ ਦੀ ਪ੍ਰਸੰਸਾ ਕਰ ਕੇ ਆਪਣੇ ਆਪ ਨੂੰ  ਵੱਡੀ ਮੁਸ਼ਕਿਲ ਵਿਚ ਪਾ ਲਿਆ ਹੈ, ਆਖਰ ਉਸ ਨੂੰ  ਨਾ ਸਿਰਫ਼ ਆਪਣਾ ਬਿਆਨ ਵਾਪਸ ਲੈਣਾ ਪਿਆ, ਸਗੋਂ ਅਫ਼ਸੋਸ ਪ੍ਰਗਟਾਉਂਦਿਆ ਸਪੱਸ਼ਟੀਕਰਨ ਦੇਣ ਲਈ ਵੀ ਮਜਬੂਰ ਹੋਣਾ ਪਿਆ, ਕਿ ਉਸ ਨੇ ਸੱਜਣ ਕੁਮਾਰ ਨੂੰ  ਕਦੇ ਵੀ ਆਪਣਾ 'ਰੋਲ ਮਾਡਲ' ਨਹੀਂ ਕਿਹਾ | ਦੀਪੇਂਦਰ ਹੁੱਡਾ ਆਪਣੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੀ ਨਹੀਂ ਆਏ, ਸਗੋਂ ਕਾਂਗਰਸੀ ਆਗੂ ਵੀ ਉਸ 'ਤੇ ਤਿੱਖੇ ਹਮਲੇ ਕਰ ਰਹੇ ਹਨ |
ਹੁੱਡਾ ਸਮਰਥਕਾਂ ਦੇ ਹਮਲੇ
ਕੁਲਦੀਪ ਸ਼ਰਮਾ ਵਲੋਂ ਦੀਪੇਂਦਰ ਹੁੱਡਾ 'ਤੇ ਸਿਆਸੀ ਹਮਲੇ ਤੋਂ ਬਾਅਦ ਹੁੱਡਾ ਸਮਰਥਕਾਂ ਦਾ ਕਹਿਣਾ ਹੈ ਕਿ ਜਦੋਂ ਦੀਪੇਂਦਰ ਹੁੱਡਾ ਨੇ ਅਫਸੋਸ ਪ੍ਰਗਟ ਕਰਦਿਆਂ ਮੁਆਫੀ ਮੰਗ ਲਈ ਹੈ ਤਾਂ ਇਸ ਲਈ ਮਾਮਲੇ ਨੂੰ  ਅੱਗੇ ਵਧਾਉਣ ਦੀ ਲੋੜ ਨਹੀਂ ਹੈ | ਹੁੱਡਾ ਸਮਰਥਕ ਸੋਨੀਪਤ ਤੋਂ ਸੰਸਦ ਮੈਂਬਰ ਸਤਪਾਲ ਬ੍ਰਹਮਚਾਰੀ ਨੇ ਕੁਲਦੀਪ ਸ਼ਰਮਾ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਕਦੇ ਭੁਪਿੰਦਰ ਸਿੰਘ ਹੁੱਡਾ ਨੂੰ  ਆਪਣਾ ਭਗਵਾਨ ਮੰਨਣ ਵਾਲੇ ਸ਼ਰਮਾ ਆਪਣੇ ਨਿੱਜੀ ਹਿੱਤ ਪੂਰੇ ਨਾ ਹੋਣ 'ਤੇ ਹੁੱਡਾ ਪਰਿਵਾਰ ਦੇ ਖ਼ਿਲਾਫ਼ ਬੋਲਣ ਲੱਗ ਪਏ ਹਨ | ਉਨ੍ਹਾਂ ਕਿਹਾ ਕਿ ਰਾਜਨੀਤੀ ਵਿਚ ਹਾਸ਼ੀਏ 'ਤੇ ਧੱਕ ਦਿੱਤੇ ਗਏ ਸ਼ਰਮਾ ਨੂੰ  ਹੁੱਡਾ ਨੇ ਘਰੋਂ ਲਿਆ ਕੇ ਵਿਧਾਇਕ ਬਣਾਇਆ ਅਤੇ ਪਾਰਟੀ ਤੇ ਸਰਕਾਰ ਵਿਚ ਨੰਬਰ ਦੋ ਦਾ ਅਹੁਦਾ ਵੀ ਦਿੱਤਾ | ਫਰੀਦਾਬਾਦ ਤੋਂ ਸਾਬਕਾ ਵਿਧਾਇਕ ਨੀਰਜ ਸ਼ਰਮਾ ਨੇ ਕੁਲਦੀਪ ਸ਼ਰਮਾ ਦੇ ਰਾਜਨੀਤਕ ਅਤੀਤ ਤੇ ਉਨ੍ਹਾਂ ਦੇ ਪਰਿਵਾਰਕ ਸੰਬੰਧਾਂ 'ਤੇ ਨਿਸ਼ਾਨੇ ਸਾਧਦਿਆਂ ਦੋਸ਼ ਲਗਾਇਆ ਕਿ ਆਪਣੇ ਪਿਤਾ ਨਾਲ ਧੋਖਾ ਕਰਨ ਵਾਲਾ ਕੁਲਦੀਪ ਸ਼ਰਮਾ ਹੁਣ ਆਪਣੇ ਪੁੱਤਰ ਪ੍ਰਤੀ ਮੋਹ 'ਚ ਧਿ੍ਤਰਾਸ਼ਟਰ ਬਣ ਰਿਹਾ ਹੈ | ਬਾਦਲੀ ਦੇ ਵਿਧਾਇਕ ਕੁਲਦੀਪ ਵਤਸ ਨੇ ਕੁਲਦੀਪ ਸ਼ਰਮਾ ਨੂੰ  ਸਵਾਲ ਕੀਤਾ ਹੈ ਕਿ ਉਨ੍ਹਾਂ ਦਾ ਕਾਂਗਰਸ ਪ੍ਰਧਾਨ ਨੂੰ  ਸੰਬੋਧਿਤ ਪੱਤਰ ਭਾਜਪਾ ਦੇ ਸੂਬਾ ਪ੍ਰਧਾਨ ਤੱਕ ਕਿਵੇਂ ਪਹੁੰਚਿਆ | ਵਤਸ ਨੇ ਰਾਹੁਲ ਗਾਂਧੀ ਨੂੰ  ਕਾਂਗਰਸ ਪਾਰਟੀ ਦੇ ਅੰਦਰ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਲਈ ਕਿਹਾ ਹੈ ਜੋ ਭਾਜਪਾ ਨਾਲ ਮਿਲੀਭੁਗਤ ਕਰ ਕੇ ਉਨ੍ਹਾਂ ਦੀ ਭਾਸ਼ਾ ਬੋਲਦੇ ਹਨ | ਇਸ ਦੌਰਾਨ ਕੁਲਦੀਪ ਸ਼ਰਮਾ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਜੇਕਰ ਹੋਰ ਨੇਤਾਵਾਂ ਰਾਹੀਂ ਉਸ ਵਿਰੁੱਧ ਹਮਲੇ ਜਾਰੀ ਰਹੇ ਤਾਂ ਉਹ ਚੁੱਪ ਨਹੀਂ ਰਹੇਗਾ |
ਖਿਡਾਰੀਆਂ ਦਾ ਸਨਮਾਨ
ਹਰਿਆਣਾ ਸਰਕਾਰ ਨੇ ਰਾਸ਼ਟਰਮੰਡਲ ਖੇਡਾਂ- 2026 ਵਿਚ ਹਰਿਆਣਾ ਦੇ ਤਗਮਾ ਜੇਤੂਆਂ ਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ  ਇਕ ਰਾਜ ਪੱਧਰੀ ਸਮਾਰੋਹ ਵਿਚ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਹੈ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 26 ਅਗਸਤ ਨੂੰ  ਪੰਚਕੂਲਾ ਵਿਖੇ ਸੂਬੇ ਦੇ ਖੇਡ ਮੰਤਰੀ ਗੌਰਵ ਗੌਤਮ ਦੀ ਪ੍ਰਧਾਨਗੀ 'ਚ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਖਿਡਾਰੀਆਂ ਨੂੰ  ਪੁਰਸਕਾਰ ਪ੍ਰਦਾਨ ਕੀਤੇ | ਉਨ੍ਹਾਂ ਹਰਿਆਣਾ ਦੇ ਸੋਨ ਤਗਮਾ ਜੇਤੂਆਂ ਨੂੰ  1.5 ਕਰੋੜ ਰੁਪਏ, ਚਾਂਦੀ ਤਗਮਾ ਜੇਤੂਆਂ ਨੂੰ  75 ਲੱਖ ਰੁਪਏ ਤੇ ਕਾਂਸੀ ਤਗਮਾ ਜੇਤੂਆਂ ਨੂੰ  50 ਲੱਖ ਰੁਪਏ ਦਾ ਨਕਦ ਇਨਾਮ ਦੇਣ ਦੇ ਨਾਲ ਹੀ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਵਾਲੇ ਸੂਬੇ ਦੇ ਹੋਰ ਸਾਰੇ ਐਥਲੀਟਾਂ ਨੂੰ  7,50,000 ਰੁਪਏ ਦੇ ਨਕਦ ਇਨਾਮ ਦਿੱਤੇ | ਹਰਿਆਣਾ ਦੇ 7 ਐਥਲੀਟਾਂ- ਸ਼ਰਮੀਲਾ ਧਨਖੜ, ਪ੍ਰੀਤੀ ਪਵਾਰ, ਜੈਸਮੀਨ ਲੰਬੋਰੀਆ, ਸਾਕਸ਼ੀ ਚÏਧਰੀ, ਸਚਿਨ ਸਿਵਾਚ, ਪਿ੍ਆ ਘੰਘਸ ਤੇ ਅੰਕੁਸ਼ ਪੰਘਾਲ ਨੇ ਸੋਨ ਤਗਮੇ ਜਿੱਤੇ, ਜਦਕਿ ਨੀਰਜ ਚੋਪੜਾ ਤੇ ਨਰਿੰਦਰ ਬੇਰਵਾਲ ਨੇ ਚਾਂਦੀ ਅਤੇ ਸੀਮਾ ਕਾਲੀਰਾਮਨ ਤੇ ਯਸ਼ਵੀਰ ਸਿੰਘ ਨੇ ਕਾਂਸੀ ਦੇ ਤਗਮੇ ਜਿੱਤੇ ਹਨ | ਸੂਬਾ ਸਰਕਾਰ ਨੇ ਰਾਸ਼ਟਰਮੰਡਲ ਖੇਡਾਂ ਵਿਚ ਤਗਮਾ ਜੇਤੂਆਂ ਤੇ ਭਾਗ ਲੈਣ ਵਾਲੇ ਐਥਲੀਟਾਂ ਨੂੰ  13.97 ਕਰੋੜ ਦੇ ਨਕਦ ਇਨਾਮ ਦਿੱਤੇ ਹਨ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਖਿਡਾਰੀਆਂ ਨੂੰ  ਅਗਲੀਆਂ ਓਲੰਪਿਕ, ਏਸ਼ਿਆਈ ਖੇਡਾਂ ਤੇ ਅਗਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਹੁਣੇ ਤੋਂ ਤਿਆਰੀ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਹੈ ਕਿ ਸੂਬਾ ਸਰਕਾਰ ਖੇਡਾਂ ਤੇ ਐਥਲੀਟਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦੇਵੇਗੀ |

-(ਵਿਸ਼ੇਸ਼ ਪ੍ਰਤੀਨਿਧ)
ਮੋਬਾਈਲ : 98554-65946
ਈਮੇਲ : ramsinghbrar0gmail.com  

ਪਿਛਲੀ ਖ਼ਬਰ ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਪੱਕੇ ਅਧਿਆਪਕਾਂ ਦੀ ਲੋੜ ਅਗਲੀ ਖ਼ਬਰ Punjab’s Political Direction Concerning : ਪੰਜਾਬ ਦੀ ਦਸ਼ਾ ਦੇ ਅਨੁਕੂਲ ਨਹੀਂ ਹੈ ਪੰਜਾਬ ਦੀ ਸਿਆਸੀ ਦਿਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।