11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸਿੱਖਿਆ ਤੇ ਅਧਿਕਾਰਾਂ ਸੰਬੰਧੀ ਰਾਸ਼ਟਰੀ ਸੰਵਾਦ ਜ਼ਰੂਰੀ

ਸਿੱਖਿਆ ਤੇ ਅਧਿਕਾਰਾਂ ਸੰਬੰਧੀ ਰਾਸ਼ਟਰੀ ਸੰਵਾਦ ਜ਼ਰੂਰੀ

ਅਜੀਤ ਡੈਸਕ 11-08-2026
ਮੈਂ 46 ਸਾਲ ਪਹਿਲਾਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ.ਆਈ.ਐਸ.ਐਫ.) ਦੇ 'ਜੋਬ ਜਾਂ ਜੇਲ੍ਹ' ਅੰਦੋਲਨ 'ਚ ਹਿੱਸਾ ਲਿਆ ਸੀ। ਮੇਰੀਆਂ ਯਾਦਾਂ 19 ਜੁਲਾਈ 2026 ਨੂੰ ਮੁੜ ਤਾਜ਼ਾ ਹੋ ਗਈਆਂ, ਜਦੋਂ ਮੈਂ ਜੰਤਰ-ਮੰਤਰ ਵਿਖੇ ਏ.ਆਈ.ਐਸ.ਐਫ. ਸਟਾਲ 'ਤੇ ਵਿਦਿਆਰਥੀਆਂ ਨਾਲ ਲਗਭਗ 4 ਘੰਟੇ ਬਿਤਾਏ, ਜਿੱਥੇ 4 ਵਿਦਿਆਰਥੀ ਭੁੱਖ ਹੜਤਾਲ 'ਤੇ ਬੈਠੇ ਸਨ। ਬਹੁਤ ਗਰਮੀ ਤੇ ਵੱਡੀ ਭੀੜ ਹੋਣ ਕਰਕੇ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਸੀ, ਜਿਸ ਦੌਰਾਨ ਇਕ ਲੜਕੀ 'ਡੀਹਾਈਡਰੇਸ਼ਨ' ਕਾਰਨ ਬੇਹੋਸ਼ ਹੋ ਕੇ ਡਿੱਗ ਪਈ ਤਾਂ  ਵਿਦਿਆਰਥੀ ਉਸ ਨੂੰ ਤੁਰੰਤ ਜਾਂਚ ਲਈ ਸਟਾਲ 'ਤੇ ਲੈ ਗਏ। ਮੈਂ ਉਨ੍ਹਾਂ ਨੂੰ ਲੜਕੀ ਦੇ ਜਲਦੀ ਠੀਕ ਹੋਣ ਦਾ ਭਰੋਸਾ ਦਿਵਾਉਂਦਿਆ ਦੱਸਿਆ ਕਿ  ਜਦੋਂ ਉਹ ਹੋਸ਼ 'ਚ ਆ ਗਈ, ਤਾਂ ਅਸੀਂ ਉਸ ਲਈ ਓਰਲ ਓ.ਆਰ.ਐਸ. ਦਾ ਪ੍ਰਬੰਧ ਕਰਾਂਗੇ। ਥੋੜ੍ਹੀ ਦੇਰ ਬਾਅਦ ਮੈਡੀਕਲ ਟੀਮ ਨੇ ਉਸ ਦੀ ਦੇਖਭਾਲ ਕੀਤੀ ਤੇ ਜਲਦੀ ਹੀ ਉਸ ਨੂੰ ਹੋਸ਼ ਆ ਗਈ, ਉਹ ਥੋੜ੍ਹਾ ਪਾਣੀ ਪੀ ਕੇ ਦ੍ਰਿੜ੍ਹ ਇਰਾਦੇ ਨਾਲ ਉੱਠ ਕੇ ਬੈਠ ਗਈ, ਪਰ ਮੈਂ ਉਸ ਨੂੰ  ਸਹੀ ਜਾਂਚ ਲਈ ਹਸਪਤਾਲ ਜਾਣ ਦੀ ਜ਼ਰੂਰਤ ਬਾਰੇ ਸਮਝਾਇਆ। ਉਹ ਹਸਪਤਾਲ ਤੋਂ ਲਗਭਗ ਇਕ ਘੰਟੇ ਬਾਅਦ ਖ਼ੁਦ ਚੱਲ ਕੇ ਵਾਪਸ ਆ ਗਈ।
ਮੈਂ ਇਸ ਘਟਨਾ ਦਾ ਜ਼ਿਕਰ ਇਸ ਲਈ ਕਰ ਰਿਹਾ ਹਾਂ, ਕਿਉਂਕਿ ਉਹ ਲੜਕੀ 18-19 ਸਾਲ ਦੀ ਸਰੀਰਕ ਤੌਰ 'ਤੇ ਕਮਜ਼ੋਰ ਤੇ ਬਹੁਤ ਪਤਲੀ ਸੀ, ਪਰ ਬਹੁਤ ਹੀ ਹਿੰਮਤ ਤੇ ਦ੍ਰਿੜ੍ਹ ਇਰਾਦੇ ਵਾਲੀ ਹੋਣ ਕਰਕੇ ਉਸ ਨੇ ਮੇਰੇ 'ਤੇ ਡੂੰਘੀ ਛਾਪ ਛੱਡੀ। ਉਸ ਨੂੰ ਤੇ ਉੱਥੇ ਇਕੱਠੇ ਹੋਏ ਹਜ਼ਾਰਾਂ ਵਿਦਿਆਰਥੀਆਂ ਨੂੰ ਦੇਖ ਕੇ ਮੈਂ ਉਮੀਦ ਨਾਲ ਭਰ ਗਿਆ, ਕਿਉਂਕਿ ਸਾਲਾਂ ਤੋਂ ਸਾਡੇ 'ਚੋਂ ਬਹੁਤੇ ਸੋਚਦੇ ਸਨ ਕਿ ਅੱਜ ਦੀ ਪੀੜ੍ਹੀ ਇੰਨੀ ਚੁੱਪ ਕਿਉਂ ਹੈ? ਉਸ ਦਿਨ ਇਸ ਸਵਾਲ ਦਾ ਜਵਾਬ ਮਿਲ ਗਿਆ ਕਿ ਨੌਜਵਾਨ ਪੀੜ੍ਹੀ ਚੁੱਪ ਨਹੀਂ ਸੀ, ਉਸ ਦੀ ਆਵਾਜ਼ ਦਬਾ ਦਿੱਤੀ ਗਈ ਸੀ। ਇਹ ਆਵਾਜ਼ ਹਾਲਾਤ ਤੇ ਜ਼ਰੂਰਤ ਪੈਣ 'ਤੇ ਜ਼ਬਰਦਸਤ ਤਾਕਤ ਨਾਲ ਸਾਹਮਣੇ ਆ ਗਈ ਹੈ। ਦਰਅਸਲ ਨੀਟ ਪ੍ਰੀਖਿਆ ਦੇ ਪੇਪਰ ਲੀਕ ਨੇ ਲੱਖਾਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਕ ਵੱਡਾ ਝਟਕਾ ਦਿੱਤਾ, ਜਿਨ੍ਹਾਂ ਨੇ ਬਿਹਤਰ ਭਵਿੱਖ ਲਈ ਸਾਲਾਂ ਤੋਂ ਸਖ਼ਤ ਮਿਹਨਤ ਕੀਤੀ ਸੀ। ਇਸ ਸਕੈਂਡਲ ਨੇ ਅਣਗਿਣਤ ਨੌਜਵਾਨਾਂ ਦਾ ਵਿਸ਼ਵਾਸ ਤੋੜ ਕੇ ਉਨ੍ਹਾਂ ਨੂੰ ਨਿਰਾਸ਼ ਕਰ ਦਿੱਤਾ, ਡਾਕਟਰ ਬਣਨ ਦੇ ਚਾਹਵਾਨ ਲਗਭਗ 20 ਪ੍ਰੀਖਿਆਰਥੀ ਖੁਦਕੁਸ਼ੀਆਂ ਕਰ ਗਏ। ਮਾਪਿਆਂ ਲਈ ਆਪਣੇ ਬੱਚਿਆਂ ਦੀ ਚਿਤਾ ਨੂੰ ਅੱਗ ਲਗਾਉਣ ਤੋਂ ਵੱਡਾ ਕੋਈ ਦੁੱਖ ਨਹੀਂ ਹੋ ਸਕਦਾ। ਇਹ ਦੁਖਦਾਈ ਘਟਨਾ  ਇਕ ਪੂਰੀ ਪੀੜ੍ਹੀ ਨੂੰ ਡੂੰਘਾ ਭਾਵਨਾਤਮਿਕ ਜ਼ਖ਼ਮ ਦੇ ਗਈ, ਜੋ ਲੰਬੇ ਸਮੇਂ ਤੋਂ ਆਪਣੇ ਦਰਦ, ਗੁੱਸੇ ਤੇ ਦੱਬੀਆਂ ਹੋਈਆਂ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਮੌਕਾ ਲੱਭ ਰਹੀ ਸੀ।
ਇਹ ਗੁੱਸਾ ਉਦੋਂ ਭੜਕਿਆ ਜਦੋਂ ਸਰਬਉੱਚ ਅਦਾਲਤ ਦੇ ਮੁਖੀ ਨੇ ਕਥਿਤ ਤੌਰ 'ਤੇ ਵਿਦਿਆਰਥੀਆਂ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ 'ਕਾਕਰੋਚ' ਕਿਹਾ ਤਾਂ ਇਸ ਦੇ ਜਵਾਬ 'ਚ ਪ੍ਰਤੀਕਾਤਮਿਕ ਤੌਰ 'ਤੇ 'ਕਾਕਰੋਚ ਜਨਤਾ ਪਾਰਟੀ' ਸੀ.ਜੇ.ਪੀ. ਦਾ ਜਨਮ ਹੋਇਆ। ਸਿੱਖਿਆ ਤੇ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਦੀ ਤੁਲਨਾ ਅਜਿਹੇ ਜੀਵਾਂ ਨਾਲ ਕਰਨ ਤੋਂ ਵੱਧ ਅਪਮਾਨਜਨਕ ਹੋਰ ਕੁਝ ਨਹੀਂ ਹੋ ਸਕਦਾ, ਕਾਕਰੋਚਾਂ ਨੂੰ ਦੁਨੀਆ ਭਰ 'ਚ ਗੰਦਗੀ ਤੇ ਤਬਾਹੀ ਨਾਲ ਜੋੜਿਆ ਜਾਂਦਾ ਹੈ। ਇਹ ਗੱਲ ਉਸ ਅਪਮਾਨ ਦਾ ਪ੍ਰਤੀਕ ਬਣ ਗਈ, ਜਿਸ ਦਾ ਬਹੁਤ ਸਾਰੇ ਵਿਦਿਆਰਥੀ ਸਾਹਮਣਾ ਕਰ ਰਹੇ ਹਨ। ਜਦੋਂ ਜੰਤਰ-ਮੰਤਰ 'ਤੇ ਇਕੱਠੇ ਹੋਣ ਦੀ ਅਪੀਲ ਕੀਤੀ ਤਾਂ ਬਹੁਤੇ ਲੋਕਾਂ ਨੇ ਸੋਚਿਆ ਕਿ ਬਹੁਤ ਥੋੜ੍ਹੇ ਲੋਕ ਹੀ ਆਉਣਗੇ, ਜ਼ਿਆਦਾਤਰ ਮੁੱਖ ਧਾਰਾ ਦੀ ਮੀਡੀਆ ਤੇ ਸੋਸ਼ਲ ਮੀਡੀਆ ਨੇ ਇਸ ਵਿਰੋਧ ਪ੍ਰਦਰਸ਼ਨ ਨੂੰ ਮਾਮੂਲੀ ਸਮਝ ਕੇ ਖਾਰਜ ਕਰ ਦਿੱਤਾ। ਅੰਦੋਲਨ ਨੂੰ ਉਸ ਸਮੇਂ ਨਵੀਂ ਤਾਕਤ ਮਿਲੀ ਜਦੋਂ ਨਾਮਵਰ ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਨੇ ਵਿਦਿਆਰਥੀਆਂ ਨਾਲ ਇਕਜੁੱਟਤਾ ਦਿਖਾਉਂਦਿਆ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਜਦੋਂ  ਵਾਂਗਚੁਕ ਨੂੰ ਸਖ਼ਤੀ ਤੇ ਦਮਨਕਾਰੀ ਢੰਗ ਨਾਲ ਹਿਰਾਸਤ ਵਿਚ ਲਿਆ ਗਿਆ ਤਾਂ ਹਾਲਾਤ ਇਕਦਮ ਬਦਲ ਗਏ, ਜੰਤਰ-ਮੰਤਰ ਤੇ ਦਿੱਲੀ ਦੀਆਂ ਸੜਕਾਂ 'ਤੇ ਨੌਜਵਾਨਾਂ ਦੇ ਵਿਰੋਧ ਦੀ ਲਹਿਰ ਫੈਲ ਗਈ।
ਨਾ ਸਰਕਾਰ, ਨਾ ਜਨਤਾ ਤੇ ਨਾ ਹੀ ਪ੍ਰਬੰਧਕਾਂ ਨੇ ਸੋਚਿਆ ਸੀ ਕਿ 20 ਜੁਲਾਈ ਨੂੰ ਰਾਜਧਾਨੀ 'ਚ ਲੱਖਾਂ ਨੌਜਵਾਨ ਇਕੱਠੇ ਹੋ ਕੇ ਭਿਆਨਕ ਗਰਮੀ ਦੌਰਾਨ ਸ਼ਾਂਤੀਪੂਰਵਕ ਸਰਕਾਰੀ ਦਮਨ ਦਾ ਸਾਹਮਣਾ ਕਰਨਗੇ। ਇਨ੍ਹਾਂ ਵਿਦਿਆਰਥੀਆਂ ਨੂੰ ਅਕਸਰ ਸਿਰਫ਼ ਮੋਬਾਈਲ ਫੋਨ ਤੇ ਸੋਸ਼ਲ ਮੀਡੀਆ 'ਚ ਦਿਲਚਸਪੀ ਰੱਖਣ ਵਾਲੀ ਪੀੜ੍ਹੀ ਮੰਨਿਆ ਜਾਂਦਾ ਸੀ, ਪਰ ਇਨ੍ਹਾਂ ਬਹੁਤ ਹਿੰਮਤ ਨਾਲ ਆਪਣੀ ਜਗ੍ਹਾ 'ਤੇ ਖੜ੍ਹੇ ਰਹਿ ਕੇ ਪੁਲਿਸ ਲਾਠੀਚਾਰਜ ਦਾ ਸਾਹਮਣਾ ਕੀਤਾ। ਇਹ ਵਿਸ਼ਾਲ ਇਕੱਠ ਸਿਰਫ਼ ਕਿਸੇ ਇਕ ਸੰਗਠਨ ਦੀ ਸਫਲਤਾ ਨਹੀਂ ਸੀ, ਸਗੋਂ ਕਈ ਵਿਦਿਆਰਥੀ ਸਮੂਹਾਂ ਤੇ ਯੁਵਾ ਸੰਗਠਨਾਂ ਦੇ ਸਾਂਝੇ ਯਤਨਾਂ ਦਾ ਨਤੀਜਾ ਸੀ। ਉਨ੍ਹਾਂ ਨਾਅਰੇ ਲਗਾਏ, ਪੋਸਟਰ ਬਣਾਏ, ਵੀਡੀਓ ਰਿਕਾਰਡ ਕਰਕੇ ਸੋਸ਼ਲ ਮੀਡੀਆ 'ਤੇ ਸਾਂਝੇ ਕਰਦਿਆਂ ਵਿਰੋਧ ਪ੍ਰਦਰਸ਼ਨ ਨੂੰ ਲੋਕਤੰਤਰੀ ਭਾਗੀਦਾਰੀ ਦੇ ਇਕ ਸ਼ਕਤੀਸ਼ਾਲੀ ਪ੍ਰਦਰਸ਼ਨ 'ਚ ਬਦਲ ਦਿੱਤਾ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚ ਸਿੱਖਿਆ ਮੰਤਰੀ ਦਾ ਅਸਤੀਫ਼ਾ, ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਾ ਮੁਆਵਜ਼ਾ, ਸੋਨਮ ਵਾਂਗਚੁਕ ਦੀ ਰਿਹਾਈ ਤੇ ਦੇਸ਼ ਦੀ ਸਿੱਖਿਆ ਪ੍ਰਣਾਲੀ 'ਚ ਵੱਡੇ ਸੁਧਾਰ ਸ਼ਾਮਿਲ ਸਨ। ਇਨ੍ਹਾਂ ਵਿਦਿਆਰਥੀਆਂ ਨੇ ਵੱਡੀ ਹਿੰਮਤ ਦਿਖਾਉਂਦਿਆ ਇਕ ਅਜਿਹੇ ਨੇਤਾ ਨੂੰ ਚੁਣੌਤੀ ਦਿੱਤੀ, ਜੋ ਆਪਣੇ ਆਪ ਨੂੰ 'ਗੈਰ-ਜੈਵਿਕ' ਭਾਵ ਮਾਂ ਦੀ ਕੁੱਖ ਤੋਂ ਪੈਦਾ ਨਾ ਹੋਣ ਵਾਲਾ ਦੱਸਦਾ ਸੀ ਅਤੇ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਦੀ ਮਰਜ਼ੀ ਤੋਂ ਬਿਨਾਂ ਕੇਂਦਰ ਸਰਕਾਰ 'ਚ ਪੱਤਾ ਵੀ ਨਹੀਂ ਹਿੱਲਦਾ।  ਨੌਜਵਾਨ ਪ੍ਰਦਰਸ਼ਨਕਾਰੀ ਲੜਕੇ- ਲੜਕੀਆਂ ਦਿਨ-ਰਾਤ ਇਕੱਠੇ ਰਹੇ ਤੇ ਫਿਰ ਵੀ ਕੋਈ ਗ਼ਲਤ ਘਟਨਾ ਸਾਹਮਣੇ ਨਹੀਂ ਆਈ। ਕਿਸਾਨ ਅੰਦੋਲਨ ਵਾਂਗ ਇਸ ਵਿਰੋਧ ਪ੍ਰਦਰਸ਼ਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ, ਹਾਲਾਂਕਿ ਉਹ ਸਭ ਅਸਫਲ ਰਹੀਆਂ ਹਨ।
ਇਸ ਅੰਦੋਲਨ ਨੂੰ ਨਾਕਾਮ ਕਰਨ ਲਈ ਮੈਟਰੋ ਸਟੇਸ਼ਨ ਬੰਦ ਕਰਕੇ ਰੇਲਵੇ ਰੂਟ ਤੱਕ ਬਦਲੇ ਗਏ, ਫਿਰ ਵੀ  ਦੇਸ਼ ਭਰ ਤੋਂ ਲੱਖਾਂ ਨੌਜਵਾਨਾਂ ਨੇ ਦਿੱਲੀ ਪਹੁੰਚ ਕੇ ਸੰਸਦ ਵੱਲ ਮਾਰਚ ਕੀਤਾ। ਇਕ ਵਾਰ ਲੱਗਿਆ ਕਿ ਪੁਲਿਸ ਵਲੋਂ ਬੇਰਹਿਮੀ ਨਾਲ ਲਾਠੀਚਾਰਜ, ਅੱਥਰੂ ਗੈਸ, ਪੈਲੇਟ ਗੰਨ ਤੇ ਸ਼ਾਕ ਬੈਟਨ ਦੀ ਵਰਤੋਂ ਕਰ ਕੇ  ਜੰਤਰ-ਮੰਤਰ 'ਤੇ ਇਕੱਠੇ ਹੋਏ ਨੌਜਵਾਨਾਂ ਨੂੰ ਖਿੰਡਾਅ ਦਿੱਤਾ ਹੈ, ਪਰ ਵਿਦਿਆਰਥੀਆਂ ਨੇ ਅਡੋਲ ਰਹਿ ਕੇ ਰਾਤ ਹੋਣ ਤੱਕ ਮੁੜ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਹਾਲਾਂਕਿ ਸੋਨਮ ਵਾਂਗਚੁਕ ਨੇ 23 ਜੁਲਾਈ ਨੂੰ 26ਵੇਂ ਦਿਨ ਵਿਸ਼ੇਸ਼ ਹਾਲਤਾਂ 'ਚ ਆਪਣਾ ਵਰਤ ਤੋੜ ਦਿੱਤਾ ਸੀ। ਇਤਿਹਾਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਈਮਨ ਕਮਿਸ਼ਨ ਦੇ ਭਾਰਤ ਆਉਣ ਸਮੇਂ ਲਾਲਾ ਲਾਜਪਤ ਰਾਏ 'ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਜਾਣਾ ਬਸਤੀਵਾਦੀ ਬ੍ਰਿਟਿਸ਼ ਸ਼ਾਸਨ ਦੇ ਤਾਬੂਤ 'ਚ ਆਖਰੀ ਕਿੱਲ ਸਾਬਤ ਹੋਇਆ ਸੀ। ਇਸੇ ਤਰ੍ਹਾਂ ਜੁਲਾਈ ਦੀਆਂ ਘਟਨਾਵਾਂ ਇਤਿਹਾਸ 'ਚ ਸਮਾਨ ਘਟਨਾਵਾਂ ਦੀਆਂ ਯਾਦਾਂ ਨੂੰ ਉਜਾਗਰ ਕਰਦੀਆਂ ਹਨ। ਕੀ ਇਹ ਘਟਨਾਵਾਂ ਵੀ ਮਹੱਤਵਪੂਰਨ ਸਾਬਤ ਹੋਣਗੀਆਂ, ਇਹ ਦੇਖਣਾ ਅਜੇ ਬਾਕੀ ਹੈ। ਇਹ ਸਮਝਣਾ ਮਹੱਤਵਪੂਰਨ ਹੈ ਕਿ ਸੱਤਾ ਵਿਚ ਬੈਠੇ ਲੋਕ ਸਿਆਸੀ ਤੌਰ 'ਤੇ ਚਲਾਕ ਤੇ ਬਿਰਤਾਂਤ ਬਣਾਉਣ 'ਚ ਮਾਹਿਰ, ਗਲਤ ਜਾਣਕਾਰੀ ਫੈਲਾ ਕੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਸਮਰੱਥ ਹਨ, ਇਸ ਲਈ ਚੌਕਸ ਰਹਿਣਾ ਬਹੁਤ ਜ਼ਰੂਰੀ ਹੈ। ਜਦੋਂ ਵੀ ਧਰਮ ਨਿਰਪੱਖਤਾ, ਲੋਕਤੰਤਰ, ਜਾਤੀ ਵਿਤਕਰੇ ਦੇ ਖਾਤਮੇ ਤੇ ਸਮਾਜਿਕ ਦਰਜਾਬੰਦੀ ਜਾਂ ਲਿੰਗ ਸਮਾਨਤਾ ਦੇ ਮੁੱਦੇ ਉਠਾਏ ਜਾਂਦੇ ਹਨ ਤਾਂ ਸਰਕਾਰ ਬੇਚੈਨ ਹੋ ਜਾਂਦੀ ਹੈ।
ਮੌਜੂਦਾ ਵਿਦਿਆਰਥੀ ਅੰਦੋਲਨ ਨੇ ਸੰਵਿਧਾਨਿਕ ਕਦਰਾਂ-ਕੀਮਤਾਂ ਦੀ ਮਹੱਤਤਾ ਨੂੰ ਦਰਸਾਇਆ ਹੈ, ਵੱਖ-ਵੱਖ ਖੇਤਰਾਂ, ਧਰਮਾਂ, ਜਾਤਾਂ ਤੇ ਸਮਾਜਿਕ ਪਿਛੋਕੜਾਂ ਦੇ ਵਿਦਿਆਰਥੀਆਂ ਵਲੋਂ ਦਿਖਾਈ  ਏਕਤਾ ਉਸ ਭਾਰਤ ਦੀ ਝਲਕ ਪੇਸ਼ ਕਰਦੀ ਹੈ, ਜੋ ਝੂਠ, ਨਫ਼ਰਤ ਤੇ ਵੰਡ ਦੇ ਵਿਰੁੱਧ ਇਕਜੁੱਟ ਹੋਣ ਦਾ ਚਾਹਵਾਨ ਹੈ। ਅੰਦੋਲਨ ਨੂੰ ਹੁਣ ਸਿੱਖਿਆ ਨੀਤੀ, ਅਕਾਦਮਿਕ ਦਿਆਨਤਦਾਰੀ ਤੇ ਵਿਦਿਆਰਥੀ ਅਧਿਕਾਰਾਂ ਸੰਬੰਧੀ ਸੰਵਾਦ ਨਾਲ ਜੋੜਨਾ ਚਾਹੀਦਾ ਹੈ। ਇਹ ਚਰਚਾ ਦੇਸ਼ ਭਰ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਤੱਕ ਪਹੁੰਚਣੀ ਚਾਹੀਦੀ ਹੈ, ਇਕ ਗੱਲ ਤਾਂ ਸਪੱਸ਼ਟ ਹੋ ਗਈ ਹੈ ਕਿ ਅੱਜ ਦੇ ਵਿਦਿਆਰਥੀ ਸਿਰਫ਼ ਸੁਣਨ ਲਈ ਹੀ ਨਹੀਂ, ਸਗੋਂ ਸੋਚਣ, ਸੰਗਠਿਤ ਹੋ ਕੇ ਕੰਮ ਕਰਨ ਲਈ ਵੀ ਤਿਆਰ ਹਨ। (ਸੰਵਾਦ)
 
-ਮੋਬਾਈਲ : 94170-00360
ਪਿਛਲੀ ਖ਼ਬਰ ਮੋਟਰਸਾਈਕਲ ਤੇ ਇੰਡੀਕਾ ਕਾਰ ਦੀ ਟੱਕਰ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਅਗਲੀ ਖ਼ਬਰ ਸ਼ਾਂਤੀ ਮਨੁੱਖ ਦੀ ਸੁੱਖਦਾਈ ਤੇ ਸੁਭਾਵਿਕ ਸਥਿਤੀ ਹੈ, ਯੁੱਧ ਉਸ ਦਾ ਪਤਨ ਹੈ ਅਤੇ ਉਸ ਦਾ ਕਲੰਕ ਵੀ ਹੈ। -ਮਾਰਟਿਨ ਲੂਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।