21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਤਾਮਿਲਨਾਡੂ-ਚੋਣ ਚਰਚਾ

ਅਜੀਤ ਡੈਸਕ 01-04-2026

ਅਪ੍ਰੈਲ ਦੇ ਮਹੀਨੇ ਵਿਚ ਤਿੰਨ ਦੱਖਣੀ ਰਾਜਾਂ ਤਾਮਿਲਨਾਡੂ, ਕੇਰਲਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿਚ ਚੋਣਾਂ ਹੋ ਰਹੀਆਂ ਹਨ। ਪਿਛਲੇ ਦਿਨੀਂ ਦ੍ਰਾਵਿੜ ਮੁਨੇਤਰਾ ਕੜਗਮ (ਡੀ.ਐਮ.ਕੇ.) ਨੇ ਆਪਣਾ ਚੋਣ ਮੈਨੀਫੈਸਟੋ (ਚੋਣ ਮਨੋਰਥ ਪੱਤਰ) ਵੀ ਜਾਰੀ ਕੀਤਾ ਹੈ ਅਤੇ ਇਸ ਦੇ ਨਾਲ ਹੀ ਆਪਣੀਆਂ ਅਤੇ ਆਪਣੇ ਭਾਈਵਾਲਾਂ ਦੀਆਂ ਸੀਟਾਂ ਦਾ ਵੇਰਵਾ ਵੀ ਦਿੱਤਾ ਹੈ। ਇਸ ਵਾਰ ਵੀ ਕੌਮੀ ਪਾਰਟੀ ਕਾਂਗਰਸ ਡੀ.ਐਮ.ਕੇ. ਨਾਲ ਰਲ ਕੇ ਚੋਣਾਂ ਲੜ ਰਹੀ ਹੈ। ਜਿੱਥੋਂ ਤੱਕ ਇਸ ਕੌਮੀ ਪਾਰਟੀ ਦਾ ਸੰਬੰਧ ਹੈ, ਇਸ ਮਹੱਤਵਪੂਰਨ ਦੱਖਣੀ ਰਾਜ ਵਿਚ ਇਹ ਲਗਾਤਾਰ ਯਤਨਾਂ ਦੇ ਬਾਵਜੂਦ ਵੀ ਪਿਛਲੇ ਲੰਮੇ ਸਮੇਂ ਤੋਂ ਆਪਣਾ ਵੱਡਾ ਪ੍ਰਭਾਵ ਬਣਾਉਣ ਵਿਚ ਅਸਮਰੱਥ ਰਹੀ ਹੈ। ਦਹਾਕਿਆਂ ਪਹਿਲਾਂ ਇਨ੍ਹਾਂ ਦੱਖਣੀ ਰਾਜਾਂ ਵਿਚ ਕਾਂਗਰਸ ਦੀ ਤੂਤੀ ਬੋਲਦੀ ਸੀ, ਪਰ ਡੀ.ਐਮ.ਕੇ. ਅਤੇ ਏ.ਆਈ.ਏ.ਡੀ.ਐਮ.ਕੇ (ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰਾ ਕੜਗਮ) ਆਦਿ ਪ੍ਰਾਂਤਕ ਪਾਰਟੀਆਂ ਦੇ ਉਭਾਰ ਤੋਂ ਬਾਅਦ ਇਨ੍ਹਾਂ ਦੋਹਾਂ ਪਾਰਟੀਆਂ ਵਿਚਕਾਰ ਹੀ ਚੋਣਾਂ ਰਾਹੀਂ ਸੱਤਾ ਦਾ ਵਟਾਂਦਰਾ ਹੁੰਦਾ ਰਿਹਾ ਹੈ।
ਕਰੁਣਾਨਿਧੀ ਅਤੇ ਜੈ ਲਲਿਤਾ ਵਰਗੇ ਚੋਟੀ ਦੇ ਆਗੂਆਂ ਦਾ ਆਪਸੀ ਸਿਆਸੀ ਵਿਰੋਧ ਇਕ ਤਰ੍ਹਾਂ ਨਾਲ ਨਿੱਜੀ ਦੁਸ਼ਮਣੀਆਂ ਵਿਚ ਬਦਲਦਾ ਰਿਹਾ ਹੈ। ਕਾਂਗਰਸ ਲਗਾਤਾਰ ਇੱਥੇ ਛੋਟੇ ਸਿਆਸੀ ਖਿਡਾਰੀ ਦੇ ਤੌਰ 'ਤੇ ਹੀ ਮੈਦਾਨ ਵਿਚ ਉਤਰਦੀ ਰਹੀ ਹੈ। ਪਿਛਲੀ ਵਾਰ ਇਥੇ ਦੀਆਂ ਚੋਣਾਂ 2021 ਵਿਚ ਹੋਈਆਂ ਸਨ। ਉਸ ਸਮੇਂ ਵੀ ਕਾਂਗਰਸ ਡੀ.ਐਮ.ਕੇ. ਦੀ ਭਾਈਵਾਲ ਸੀ। ਡੀ.ਐਮ.ਕੇ. ਨੇ ਪ੍ਰਾਂਤ ਦੀਆਂ ਕੁੱਲ 234 ਸੀਟਾਂ ਵਿਚੋਂ 188 ਸੀਟਾਂ 'ਤੇ ਚੋਣ ਲੜੀ ਸੀ ਅਤੇ ਉਸ ਨੂੰ 133 ਸੀਟਾਂ 'ਤੇ ਜਿੱਤ ਪ੍ਰਾਪਤ ਹੋਈ ਸੀ। ਕਾਂਗਰਸ ਨੂੰ ਸਿਰਫ਼ 25 ਸੀਟਾਂ ਮਿਲੀਆਂ ਸਨ, ਜਿਨ੍ਹਾਂ ਵਿਚੋਂ ਉਹ ਸਿਰਫ਼ 18 ਸੀਟਾਂ 'ਤੇ ਹੀ ਜਿੱਤ ਪ੍ਰਾਪਤ ਕਰ ਸਕੀ ਸੀ। ਇਸ ਵਾਰ ਡੀ.ਐਮ.ਕੇ. 164 ਸੀਟਾਂ 'ਤੇ ਚੋਣ ਲੜ ਰਹੀ ਹੈ। ਬਾਕੀ 70 ਸੀਟਾਂ 'ਤੇ ਉਸ ਦੀਆਂ ਦਰਜਨ ਭਰ ਭਾਈਵਾਲ ਪਾਰਟੀਆਂ ਚੋਣ ਲੜ ਰਹੀਆਂ ਹਨ। ਕਾਂਗਰਸ ਨੂੰ ਇਸ ਵਾਰ ਵੀ ਮਹਿਜ਼ 28 ਸੀਟਾਂ 'ਤੇ ਲੜਨਾ ਪੈ ਰਿਹਾ ਹੈ। ਦੂਸਰੇ ਪਾਸੇ ਏ.ਆਈ.ਏ.ਡੀ.ਐਮ.ਕੇ ਵੀ ਆਪਣੀਆਂ ਭਾਈਵਾਲ ਪਾਰਟੀਆਂ ਨਾਲ ਰਲ ਕੇ ਚੋਣਾਂ ਲੜ ਰਹੀ ਹੈ। ਇਸ ਨੂੰ 169 ਸੀਟਾਂ, ਭਾਜਪਾ ਨੂੰ 27 ਸੀਟਾਂ ਤੇ ਬਾਕੀ ਉਸ ਦੀਆਂ ਅੱਧੀ ਦਰਜਨ ਪਾਰਟੀਆਂ ਨੂੰ ਰਹਿੰਦੀਆਂ ਸੀਟਾਂ 'ਤੇ ਚੋਣ ਲੜਨੀ ਪਵੇਗੀ।
ਇਸ ਵਾਰ ਇਨ੍ਹਾਂ ਚੋਣਾਂ ਵਿਚ ਇਕ ਤੀਸਰੀ ਧਿਰ ਵੀ ਦਾਖ਼ਲ ਹੋ ਗਈ ਹੈ, ਜਿਸ ਨੂੰ ਕਿਸੇ ਵੀ ਤਰ੍ਹਾਂ ਅਣਗੌਲਿਆਂ ਨਹੀਂ ਜਾ ਸਕਦਾ। ਤਾਮਿਲਨਾਡੂ ਦੇ ਹਰਮਨ ਪਿਆਰੇ ਅਦਾਕਾਰ ਵਿਜੇ ਨੇ ਇਨ੍ਹਾਂ ਚੋਣਾਂ ਵਿਚ ਉਤਰਨ ਦਾ ਐਲਾਨ ਕੀਤਾ ਹੈ। ਉਸ ਨੇ ਕੁਝ ਸਮਾਂ ਪਹਿਲਾਂ ਆਪਣੀ ਪਾਰਟੀ ਤਾਮਿਲਗਾ ਵੇਤਰੀ ਕੜਗਮ (ਟੀ.ਵੀ.ਕੇ.) ਬਣਾਈ ਸੀ। ਉਸ ਨੇ ਸਾਰੀਆਂ ਹੀ 234 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰਨ ਦਾ ਐਲਾਨ ਕਰ ਦਿੱਤਾ ਹੈ। ਪਿਛਲੇ ਲੰਮੇ ਸਮੇਂ ਤੋਂ ਤਾਮਿਲਨਾਡੂ ਦੀ ਸਿਆਸਤ ਵਿਚ ਜੋ ਵੱਡੇ ਰੁਝਾਨ ਦੇਖਣ ਨੂੰ ਸਾਹਮਣੇ ਆਏ ਹਨ, ਉਹ ਹਨ ਬਹੁਤੀਆਂ ਪਾਰਟੀਆਂ ਦੇ ਆਗੂਆਂ ਵਲੋਂ ਪਰਿਵਾਰਵਾਦ ਨੂੰ ਲਗਾਤਾਰ ਉਤਸ਼ਾਹਿਤ ਕਰਨਾ ਅਤੇ ਮੁਫ਼ਤ ਦੀਆਂ ਯੋਜਨਾਵਾਂ ਐਲਾਨ ਕੇ ਚੋਣਾਂ ਜਿੱਤਣ ਦਾ ਯਤਨ ਕਰਨਾ। ਐਕਟਰ ਵਿਜੇ ਨੇ ਵੀ ਆਪਣੇ ਚੋਣ ਮਨੋਰਥ ਪੱਤਰ ਵਿਚ ਨੌਜਵਾਨਾਂ ਤੋਂ ਲੈ ਕੇ ਔਰਤਾਂ ਤੱਕ ਨੂੰ ਮੁਫ਼ਤ ਦੀਆਂ ਰਿਓੜੀਆਂ ਵੰਡਣ ਦਾ ਐਲਾਨ ਕੀਤਾ ਹੈ। ਅਜਿਹਾ ਉਸ ਨੇ ਡੀ.ਐਮ.ਕੇ. ਦੇ ਨਕਸ਼ੇ ਕਦਮਾਂ 'ਤੇ ਚਲਦਿਆਂ ਕੀਤਾ ਹੈ, ਕਿਉਂਕਿ ਡੀ.ਐਮ.ਕੇ. ਦੇ ਆਗੂ ਅਤੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਵੀ ਐਤਵਾਰ ਨੂੰ ਆਪਣੇ ਚੋਣ ਮਨੋਰਥ ਪੱਤਰ ਵਿਚ ਔਰਤਾਂ ਨੂੰ ਪਹਿਲਾਂ ਹੀ ਹਰ ਮਹੀਨੇ ਦਿੱਤੀ ਜਾਂਦੀ ਹਜ਼ਾਰ ਰੁਪਏ ਦੀ ਰਾਸ਼ੀ ਵਧਾ ਕੇ 2000 ਕਰਨ, ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ, ਬਜ਼ੁਰਗਾਂ ਨੂੰ 2000 ਰੁਪਏ ਪੈਨਸ਼ਨ ਦੇਣ ਤੋਂ ਇਲਾਵਾ ਹੋਰ ਅਨੇਕਾਂ ਮੁਫ਼ਤ ਦੇ ਤੋਹਫ਼ੇ ਦੇਣ ਦਾ ਐਲਾਨ ਕੀਤਾ ਹੈ। ਏ.ਆਈ.ਏ.ਡੀ.ਐਮ.ਕੇ ਨੇ ਵੀ ਅਜਿਹੇ ਮੁਫ਼ਤ ਦੇ ਐਲਾਨਾਂ ਦੀ ਸੂਚੀ ਹੋਰ ਲੰਮੀ ਕਰ ਦਿੱਤੀ ਹੈ।
ਸਭ ਤੋਂ ਪਹਿਲਾਂ ਮੁਫ਼ਤ ਦੀਆਂ ਰਿਓੜੀਆਂ ਵੰਡਣ ਦਾ ਕੰਮ ਇਸ ਰਾਜ ਤੋਂ ਹੀ ਸ਼ੁਰੂ ਹੋਇਆ ਸੀ, ਜਿਸ ਦੀ ਜਾਗ ਹੌਲੀ-ਹੌਲੀ ਦੇਸ਼ ਦੇ ਸਾਰੇ ਰਾਜਾਂ ਨੂੰ ਲੱਗ ਚੁੱਕੀ ਹੈ ਤੇ, ਇਸ ਨੇ ਚੋਣ-ਸਿਆਸਤ ਦੇ ਇਸ ਨਾਂਹ-ਪੱਖੀ ਅਮਲ ਨੂੰ ਹੋਰ ਵੀ ਉਜਾਗਰ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਅੱਜ ਦੇਸ਼ ਦੇ ਬਹੁਤੇ ਰਾਜਾਂ ਦੀ ਆਰਥਿਕਤਾ ਬੁਰੀ ਤਰ੍ਹਾਂ ਲੜਖੜਾ ਚੁੱਕੀ ਹੈ। ਮੁਢਲਾ ਢਾਂਚਾ ਛੱਲਣੀ-ਛੱਲਣੀ ਹੋ ਰਿਹਾ ਹੈ। ਇਸ ਦੇ ਨਾਲ ਹੀ ਬੇਰੁਜ਼ਗਾਰੀ ਅਤੇ ਗ਼ੁਰਬਤ ਨੇ ਅੱਜ ਬਹੁਤੇ ਰਾਜਾਂ ਨੂੰ ਇਕ ਤਰ੍ਹਾਂ ਨਾਲ ਗ੍ਰਹਿਣ ਲਗਾ ਦਿੱਤਾ ਹੈ। ਬਿਨਾਂ ਸ਼ੱਕ ਇਸ ਵੋਟ ਸਿਆਸਤ ਦੇ ਚਲਦਿਆਂ ਦੇਸ਼ ਦਾ ਭਵਿੱਖ ਹੋਰ ਵੀ ਧੁੰਦਲਾ ਹੁੰਦਾ ਜਾਪਣ ਲੱਗਾ ਹੈ। ਰਾਜਨੀਤੀ ਵਿਚ ਚੱਲ ਰਿਹਾ ਇਹ ਨਾਂਹ-ਪੱਖੀ ਰੁਝਾਨ ਕਦੋਂ ਥੰਮੇਗਾ, ਅਜੇ ਇਸ ਸੰਬੰਧੀ ਕੁਝ ਕਿਹਾ ਨਹੀਂ ਜਾ ਸਕਦਾ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਦਰਿਆਈ ਪਾਣੀਆਂ ਦੀ ਵੰਡ ਤੇ ਪੰਜਾਬ ਦਾ ਦਾਅਵਾ ਅਗਲੀ ਖ਼ਬਰ ਜੇ ਸਿਆਸਤ, ਧਰਮ ਅਤੇ ਜਾਤ-ਪਾਤ ਦੇ ਫ਼ਰਕਾਂ ਤੇ ਲੁੱਟ-ਖਸੁੱਟ 'ਤੇ ਆਧਾਰਿਤ ਹੋਵੇ ਤਾਂ ਇਸ ਦਾ ਨਤੀਜਾ ਮਾੜਾ ਹੀ ਰਹੇਗਾ।...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।