09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਕਲਾ ਵਿਚ ਖਤਰਨਾਕ ਹੈ ਧਾਰਮਿਕ ਜਨੂੰਨ

ਅਜੀਤ ਡੈਸਕ 24-01-2026

ਜੇ ਲੇਖਕ, ਕਲਾਕਾਰ ਜਾਂ ਕਿਸੇ ਵੀ ਰਚਨਾਤਮਕ ਵੰਨਗੀ ਨਾਲ ਜੁੜਿਆ ਵਿਅਕਤੀ ਕਹੇ ਕਿ ਉਸ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਕੰਮ ਮਿਲਣ ਤੋਂ ਪਹਿਲਾਂ ਇਸ ਗੱਲ ਦੀ ਪੁਸ਼ਟੀ ਕੀਤੀ ਜਾਂਦੀ ਹੈ ਕਿ ਉਹ ਕਿਸ ਧਰਮ, ਭਾਈਚਾਰੇ, ਜਾਤੀ ਨਾਲ ਸਬੰਧ ਰੱਖਦਾ ਹੈ ਤਾਂ ਇਹ ਸੰਕੇਤ ਮਿਲਦਾ ਹੈ ਕਿ ਕੁਝ ਲੋਕਾਂ ਦੁਆਰਾ ਸਮਾਜ ਵਿਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰਚਨਾ ਧਰਮ ਸੁਤੰਤਰ ਹੈ
ਸਾਹਿਤ, ਸੰਗੀਤ ਅਤੇ ਫ਼ਿਲਮ ਨਿਰਮਾਣ ਵਰਗੇ ਕਲਾ ਰੂਪ ਬੁਨਿਆਦੀ ਤੌਰ 'ਤੇ ਮਨੁੱਖੀ ਸੰਵੇਦਨਾਵਾਂ, ਵਿਭਿੰਨਤਾ ਤੇ ਸਮਾਜਿਕ ਸਰੋਕਾਰਾਂ ਦੇ ਪ੍ਰਤੀਬਿੰਬ ਹੁੰਦੇ ਹਨ, ਜਿਨ੍ਹਾਂ ਨੂੰ ਸਕਾਰਾਤਮਕ ਆਲੋਚਨਾ ਨਾਲ ਉਤਸ਼ਾਹ ਮਿਲਦਾ ਹੈ। ਜੇਕਰ ਕੁਝ ਇਸ ਦੇ ਉਲਟ ਹੋਵੇ, ਜਿਸ ਨਾਲ ਧਾਰਮਿਕ ਕੱਟੜਤਾ, ਫਿਰਕੂ ਤਣਾਅ ਤੇ ਇਕ-ਦੂਜੇ ਪ੍ਰਤੀ ਨਫ਼ਰਤ ਪੈਦਾ ਹੋਵੇ ਤਾਂ ਸਮਾਜ ਵੰਡ ਤੇ ਹਿੰਸਾ ਦਾ ਸ਼ਿਕਾਰ ਹੋ ਜਾਂਦਾ ਹੈ। ਜਦੋਂ ਕੋਈ ਰਚਨਾ ਉਸ ਦੇ ਰਚਨਾਕਾਰ ਦੀ ਨਿੱਜੀ ਨਿਰਾਸ਼ਾ ਤੇ ਨਫ਼ਰਤ ਨੂੰ ਪ੍ਰਗਟ ਕਰਦੀ ਹੈ ਤਾਂ ਪਾਠਕਾਂ ਤੇ ਦਰਸ਼ਕਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਇਸ ਪਿੱਛੇ ਕੋਈ ਮਾੜਾ ਏਜੰਡਾ ਜਾਂ ਪੱਖਪਾਤ ਤਾਂ ਨਹੀਂ। ਭਾਵਨਾਵਾਂ ਨੂੰ ਭੜਕਾ ਕੇ ਆਪਸੀ ਮੇਲ-ਜੋਲ, ਸਦਭਾਵਨਾ ਤੇ ਮਿਲਣਸਾਰਤਾ ਨੂੰ ਸਥਾਈ ਤੌਰ 'ਤੇ ਖ਼ਤਮ ਕਰਨ ਦਾ ਮੰਤਵ ਤਾਂ ਨਹੀਂ?
ਇਹ ਸਥਿਤੀ ਏਨੀ ਖ਼ਤਰਨਾਕ ਹੈ ਕਿ ਇਸ ਦੇ ਸ਼ੁਰੂ ਹੁੰਦੇ ਹੀ ਇਸ 'ਤੇ ਰੋਕ ਲਗਾਉਣ ਲਈ ਆਮ ਨਾਗਰਿਕਾਂ ਤੋਂ ਲੈ ਕੇ ਸ਼ਾਸਨ, ਪ੍ਰਸ਼ਾਸਨ ਅਤੇ ਸਰਕਾਰਾਂ ਤੱਕ ਨੂੰ ਤੁਰੰਤ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ। ਉਦਾਹਰਨ ਲਈ ਜਦ ਕੋਈ ਲੇਖਕ ਜਾਂ ਕਲਾ ਧਰਮੀ ਇਹ ਕਹੇ ਕਿ ਉਸ ਨੂੰ ਇਕ ਧਰਮ ਵਿਸ਼ੇਸ਼ ਨਾ ਹੋਣ ਨਾਲ ਭਾਰਤ ਵਿਚ ਡਰ ਲਗਦਾ ਹੈ, ਉਸ ਨੂੰ ਕੰਮ ਨਹੀਂ ਮਿਲ ਰਿਹਾ ਅਤੇ ਉਹ ਅਸੁਰੱਖਿਅਤ ਮਹਿਸੂਸ ਕਰਦਾ ਹੈ ਤਾਂ ਫਿਰ ਤੁਰੰਤ ਜਨਤਾ ਨੂੰ ਇਹ ਜਾਂਚ-ਪੜਤਾਲ ਕਰਨੀ ਚਾਹੀਦੀ ਹੈ ਕਿ ਉਸ ਦੀ ਗੱਲ 'ਚ ਸਚਾਈ ਹੈ ਜਾਂ ਮਨਘੜਤ ਹੈ ਇਸ ਦੀ ਪੜਤਾਲ ਕਰ ਕੇ ਸੱਚ ਦਾ ਸਾਥ ਦੇਣ ਜਾਂ ਝੂਠ ਦਾ ਨਕਾਬ ਉਤਾਰਨ ਲਈ ਤਿਆਰ ਹੋ ਜਾਣਾ ਚਾਹੀਦਾ ਹੈ।
ਆਮ ਤੌਰ 'ਤੇ ਪਾਠਕ ਜਾਂ ਦਰਸ਼ਕ ਹਰ ਉਸ ਕੰਮ ਦੀ ਚਾਹੇ ਉਹ ਪੁਸਤਕ ਜਾਂ ਫ਼ਿਲਮ ਹੋਵੇ, ਚਾਹੇ ਨ੍ਰਿਤ ਦੀ ਪੇਸ਼ਕਾਰੀ ਜਾਂ ਥੀਏਟਰ ਵਿਚ ਨਾਟਕ, ਪ੍ਰਸੰਸਾ ਕਰਦੇ ਹਨ, ਜੋ ਉਨ੍ਹਾਂ ਦੇ ਦਿਲ ਨੂੰ ਛੂਹ ਜਾਵੇ, ਉਨ੍ਹਾਂ ਦੇ ਦਿਮਾਗ਼ ਨੂੰ ਹਿਲਾ ਦੇਵੇ ਜਾਂ ਉਹ ਉਸ ਨੂੰ ਆਪਣੇ ਨਾਲ ਜੁੜਿਆ ਹੋਇਆ ਮਹਿਸੂਸ ਕਰਨ। ਇਸ ਦੇ ਨਾਲ ਹੀ ਜੇ ਕੋਈ ਪੇਸ਼ਕਾਰੀ ਉਨ੍ਹਾਂ ਨਾਲ ਜੁੜਨ ਵਿਚ ਅਸਫਲ ਰਹਿੰਦੀ ਹੈ ਤਾਂ ਉਹ ਸਿਨਮੇ ਦੀ ਦੁਨੀਆ 'ਚ ਫਲਾਪ ਹੋ ਜਾਂਦੀ ਹੈ, ਜਿਸ 'ਤੇ ਕੋਈ ਵੀ ਆਪਣਾ ਸਮਾਂ ਤੇ ਪੈਸਾ ਖਰਚ ਕਰਨਾ ਨਹੀਂ ਚਾਹੇਗਾ। ਜੇ ਕੁਝ ਅਜਿਹਾ ਹੈ ਜੋ ਅਸਲ ਵਿਚ ਸ੍ਰੇਸ਼ਠ ਹੈ ਤਾਂ ਚਾਹੇ ਸ਼ੁਰੂ 'ਚ ਉਸ ਨੂੰ ਆਪਣੇ ਪ੍ਰਸੰਸਕ ਨਾ ਮਿਲਣ ਪਰ ਉਹ ਆਪਣੀ ਗੁਣਵੱਤਾ ਕਾਰਨ ਇਕ ਵਿਅਕਤੀ ਤੋਂ ਦੂਜੇ ਤੱਕ ਮਤਲਬ 'ਮਾਊਥ ਪਬਲੀਸਿਟੀ' ਨਾਲ ਆਪਣਾ ਉਚਿਤ ਸਥਾਨ ਪ੍ਰਾਪਤ ਕਰ ਲੈਂਦਾ ਹੈ। ਕੋਈ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕਰਦਾ ਕਿ ਇਸ ਵਿਚ ਕਿਸ ਧਰਮ ਜਾਂ ਜਾਤੀ ਦੇ ਲੇਖਕਾਂ ਜਾਂ ਕਲਾਕਾਰਾਂ ਨੇ ਕੰਮ ਕੀਤਾ ਹੈ, ਬਸ ਉਹ ਪਸੰਦ ਆਉਣੀ ਚਾਹੀਦੀ ਹੈ। ਕਲਾਵਾਂ ਤਾਂ ਸਿਰਫ਼ ਸ਼ੀਸ਼ਾ ਹਨ, ਜਿਨ੍ਹਾਂ ਨੂੰ ਅਸੀਂ ਜਿੰਨਾ ਸਾਫ਼ ਕਰਾਂਗੇ, ਲੋਕ ਓਨਾਂ ਹੀ ਪਸੰਦ ਕਰਨਗੇ। ਇਸ ਵਿਚ ਨਾ ਧਰਮ ਆਉਂਦਾ ਹੈ, ਨਾ ਜਾਤੀ ਜਾਂ ਕੁਝ ਹੋਰ, ਸਿਰਫ਼ ਸੱਚ ਦੇ ਦਰਸ਼ਨ ਹੁੰਦੇ ਹਨ।
ਗ਼ਲਤ ਕੀ ਹੈ?
ਕਿਸੇ ਇਕ ਧਰਮ ਨੂੰ ਖ਼ਲਨਾਇਕ, ਇਕ ਝੂਠ ਨੂੰ ਮਨਾਉਣ ਦੀ ਕੋਸ਼ਿਸ਼ ਅਤੇ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਣਾ, ਗੁੱਸੇ ਤੋਂ ਲੈ ਕੇ ਹਿੰਸਾ ਤੱਕ ਦਾ ਮਾਹੌਲ ਬਣਾ ਸਕਦਾ ਹੈ। ਜਿਨ੍ਹਾਂ ਦੇ ਸਵਾਰਥ ਸਮਾਜ ਨੂੰ ਅਸਥਿਰ ਮਤਲਬ ਸਮਾਜ ਵਿਚ ਦੰਗਾ-ਫਸਾਦ ਕਰਾਉਣ 'ਚ ਸਿੱਧ ਹੁੰਦੇ ਹਨ, ਉਹ ਕਾਮਯਾਬ ਹੋ ਜਾਂਦੇ ਹਨ। ਇਸ ਨੂੰ ਕਿਸੇ ਵੀ ਨਜ਼ਰੀਏ ਤੋਂ ਸਹੀ ਨਹੀਂ ਠਹਿਰਾਇਆ ਜਾ ਸਕਦਾ। ਜਦੋਂ ਧਾਰਮਿਕ-ਫਿਰਕੂ ਜਨੂੰਨ ਕਲਾ ਦੇ ਵੱਖ-ਵੱਖ ਰੂਪਾਂ ਰਾਹੀਂ ਉੱਭਰ ਕੇ ਆਉਂਦਾ ਹੈ ਤਾਂ ਉਸ ਦੇ ਨਤੀਜੇ ਵਿਨਾਸ਼ਕਾਰੀ ਹੀ ਹੋ ਸਕਦੇ ਹਨ ਅਤੇ ਅਜਿਹੀਆਂ ਹੋਛੀਆਂ ਗੱਲਾਂ ਕਹੀਆਂ ਜਾਂਦੀਆਂ ਹਨ, 'ਜੇ ਕੋਈ ਇੱਥੇ ਸੁਰੱਖਿਅਤ ਨਹੀਂ ਤਾਂ ਉਹ ਪਾਕਿਸਤਾਨ ਜਾਂ ਕਿਤੇ ਹੋਰ ਚਲਾ ਜਾਵੇ।' ਇਹ ਸਥਿਤੀ ਤਬਾਹੀ ਦਾ ਪਿਛੋਕੜ ਹੋ ਸਕਦੀ ਹੈ ਪਰ ਕਿਸਮਤ ਨਹੀਂ ਜਿਸ ਨੂੰ ਕਿ ਸਵੀਕਾਰ ਕੀਤਾ ਜਾ ਸਕੇ।
ਲੇਖਕਾਂ ਜਾਂ ਨਿਰਮਾਤਾਵਾਂ ਨੂੰ ਧਮਕੀਆਂ, ਪੁਸਤਕ, ਨਾਟਕ, ਪ੍ਰਦਰਸ਼ਨੀ ਜਾਂ ਫ਼ਿਲਮ 'ਤੇ ਪਾਬੰਦੀ ਅਤੇ ਫਿਰ ਪੁਰਸਕਾਰ ਵਾਪਸੀ ਵਰਗੀਆਂ ਸਥਿਤੀਆਂ ਤੋਂ ਬਚਿਆ ਜਾ ਸਕਦਾ ਹੈ, ਬਸ਼ਰਤੇ ਕਿ ਬਿਨਾਂ ਸਮਾਂ ਗਵਾਏ ਉਚਿਤ ਉਪਾਅ ਅਤੇ ਸਖ਼ਤ ਕਾਰਵਾਈ ਹੋ ਜਾਵੇ। ਅਜਿਹੇ ਪ੍ਰਚਾਰ-ਪਸਾਰ 'ਤੇ ਰੋਕ ਲੱਗਣਾ ਤਾਂ ਸਮਝ ਅਉਂਦਾ ਹੈ, ਜੋ ਵਿਭਿੰਨਤਾ ਨੂੰ ਚੁਣੌਤੀ ਦਿੰਦਾ ਹੈ, ਅਸਹਿਣਸ਼ੀਲਤਾ ਨੂੰ ਉਤਸ਼ਹਿਤ ਕਰਦਾ ਹੈ ਅਤੇ ਰਚਨਾਕਾਰ ਦੀ ਸੁਤੰਤਰਤਾ 'ਤੇ ਹਮਲਾਵਰ ਹੁੰਦਾ ਹੈ, ਪਰ ਜਦੋਂ ਅਜਿਹੀਆਂ ਰਚਨਾਵਾਂ 'ਤੇ ਪਾਬੰਦੀ ਲਗਾਈ ਜਾਵੇ ਜੋ ਧਾਰਮਿਕ ਪਾਖੰਡ ਨੂੰ ਉਜਾਗਰ ਕਰਦੀਆਂ ਹੋਣ, ਸਮਾਜਿਕ ਵਿਕਾਰਾਂ ਦਾ ਖ਼ੁਲਾਸਾ ਕਰਦੀਆਂ ਹੋਣ ਅਤੇ ਕਿਸੇ ਵੀ ਪੱਧਰ 'ਤੇ ਹੋਏ ਅੱਤਿਆਚਾਰ ਦਾ ਵਿਰੋਧ ਕਰਦੀਆਂ ਹੋਣ, ਉਨ੍ਹਾਂ ਨੂੰ ਪ੍ਰਕਾਸ਼ਿਤ ਤੇ ਪ੍ਰਸਾਰਿਤ ਕਰਨ 'ਤੇ ਗ਼ੈਰ-ਕਾਨੂੰਨੀ ਢੰਗ ਨਾਲ ਪਾਬੰਦੀ ਲਗਾਉਣਾ ਹਿਟਲਰਸ਼ਾਹੀ ਹੈ।
ਬਦਲਾਅ ਹੀ ਨਿਯਮ ਹੈ
ਸਾਡੇ ਦੇਸ਼ ਦੀ ਹਰ ਭਾਸ਼ਾ ਇਸ ਦ੍ਰਿਸ਼ਟੀ ਤੋਂ ਖ਼ੁਸ਼ਹਾਲ ਰਹੀ ਹੈ ਕਿ ਉਨ੍ਹਾਂ ਸਾਰੀਆਂ ਵਿਚ ਇਕ ਜਾਂ ਵੱਧ ਰਚਨਾਕਾਰ ਅਜਿਹੇ ਹੋਏ ਜਾਂ ਹਨ, ਜੋ ਆਪਣੇ ਕੰਮਾਂ ਨਾਲ ਲਿਖਤਾਂ ਤੋਂ ਲੈ ਕੇ ਸਿਨਮਾ ਤੱਕ ਨੂੰ ਨਾ ਸਿਰਫ਼ ਪ੍ਰਭਾਵਿਤ ਕਰਦੇ ਰਹੇ ਹਨ, ਸਗੋਂ ਉਹ ਵਿਰਾਸਤ ਦੇ ਰੂਪ ਵੀ ਜਾਣੇ ਜਾਂਦੇ ਹਨ। ਵੱਖ-ਵੱਖ ਦੇਸ਼ੀ ਤੇ ਵਿਦੇਸ਼ੀ ਭਾਸ਼ਾਵਾਂ 'ਚ ਅਨੁਵਾਦਿਤ ਜਾਂ ਰੂਪਾਂਤਰਨ ਹੋਣਾ ਸਰਬੋਤਮਤਾ ਦਾ ਪ੍ਰਮਾਣ ਹੈ। ਹੁਣ ਕਿਉਂਕਿ ਬਦਲਾਅ ਹੀ ਸੰਸਾਰ ਦਾ ਨਿਯਮ ਹੈ, ਜ਼ਿੰਦਗੀ ਦਾ ਬਹਾਅ ਬਿਨਾਂ ਰੁਕੇ ਚਲਦਾ ਰਹਿੰਦਾ ਹੈ, ਇਸ ਲਈ ਕੋਈ ਰੁਕਾਵਟ ਉਸ ਦੀ ਰਫ਼ਤਾਰ ਨੂੰ ਨਾ ਤਾਂ ਕਾਬੂ ਕਰ ਸਕਦੀ ਹੈ ਅਤੇ ਨਾ ਹੀ ਰੋਕ ਜਾਂ ਪਾਬੰਦੀ ਲਗਾ ਸਕਦੀ ਹੈ। ਇਸ ਦੀ ਉਦਾਹਰਨ ਇਹ ਹੈ ਕਿ ਜੋ ਆਧੁਨਿਕ ਤਕਨਾਲੋਜੀ ਜਾਂ ਨਵੇਂ ਸਾਧਨਾਂ ਨੂੰ ਨਹੀਂ ਅਪਣਾਉਂਦਾ, ਉਨ੍ਹਾਂ ਦੀ ਵਰਤੋਂ ਨਹੀਂ ਕਰਦਾ ਤੇ ਆਪਣੀ ਰੂੜੀਵਾਦੀ ਸੋਚ 'ਤੇ ਹੀ ਕਾਇਮ ਰਹਿੰਦਾ ਹੈ, ਉਹ ਬਹੁਤ ਜਲਦੀ ਭੁਲਾ ਦਿੱਤਾ ਜਾਂਦਾ ਹੈ, ਚਾਹੇ ਉਸ ਨੇ ਜੀਵਨ ਵਿਚ ਕਿੰਨੇ ਹੀ ਕੀਰਤੀਮਾਨ ਹਾਸਲ ਕੀਤੇ ਹੋਣ। ਜੇ ਰਚਨਾਕਾਰ ਆਪਣੀ ਪੁਰਾਣੀ ਸੋਚ ਦੇ ਭਰੋਸੇ ਹੀ ਬੈਠਾ ਰਿਹਾ ਤਾਂ ਉਹ ਪਛੜਿਆ ਹੀ ਅਖਵਾਏਗਾ।

ਈ-ਮੇਲ : pooranchandsarin@gmail.com

ਪਿਛਲੀ ਖ਼ਬਰ ਆਰਥਿਕ ਸੁਧਾਰ ਅਗਲੇ ਪੜਾਅ ਵੱਲ ਅਗਲੀ ਖ਼ਬਰ ਚਾਰ ਦਹਾਕਿਆਂ ਦੀ ਚੀਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।