ਲੱਤ ਦਾ ਗੰਭੀਰ ਜ਼ਖ਼ਮ, ਰੋਜ਼ੀ-ਰੋਟੀ ਦਾ ਖੁਸਦਾ ਸਹਾਰਾ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦਾ ਵਧਦਣਾ, ਜ਼ਿੰਦਗੀ ਨੇ ਕਈ ਔਕੜਾਂ ਖੜ੍ਹੀਆਂ ਕੀਤੀਆਂ, ਪਰ ਉਨ੍ਹਾਂ ਦੇ ਹੌਸਲੇ ਨੂੰ ਡੇਗ ਨਾ ਸਕੀ | ਇਨ੍ਹਾਂ ਮੁਸ਼ਕਿਲਾਂ ਅੱਗੇ ਹਾਰ ਮੰਨਣ ਦੀ ਥਾਂ ਆਪਣਾ ਜੀਵਨ ਇਤਿਹਾਸ ਦੀ ਖੋਜ, ਅਧਿਐਨ ਅਤੇ ਲੇਖਣੀ ਦੇ ਲੇਖੇ ਲਾ ਦਿੱਤਾ | ਇਹ ਸਨ ਗਿਆਨੀ ਗਿਆਨ ਸਿੰਘ ਜਿਨ੍ਹਾਂ ਦੀ ਅਣਥੱਕ ਘਾਲਣਾ ਵਿਚੋਂ 'ਪੰਥ ਪ੍ਰਕਾਸ਼' ਅਤੇ 'ਤਵਾਰੀਖ਼ ਗੁਰੂ ਖ਼ਾਲਸਾ' ਵਰਗੀਆਂ ਰਚਨਾਵਾਂ ਨੇ ਜਨਮ ਲਿਆ, ਜੋ ਸਿੱਖ ਇਤਿਹਾਸਕਾਰੀ ਵਿਚ ਉਨ੍ਹਾਂ ਦੇ ਅਮਿੱਟ ਯੋਗਦਾਨ ਦੀ ਗਵਾਹੀ ਭਰਦੀਆਂ ਹਨ |

ਉਨ੍ਹਾਂ ਦਾ ਜਨਮ 15 ਅਪ੍ਰੈਲ 1822 ਨੂੰ ਪਿਤਾ ਭਾਗ ਸਿੰਘ ਅਤੇ ਮਾਤਾ ਦੇਸਾਂ ਦੀ ਕੁਖੋਂ ਲੌਂਗੋਵਾਲ ਵਿਚ ਹੋਇਆ, ਜੋ ਅੱਜ ਸੰਗਰੂਰ ਜ਼ਿਲ੍ਹੇ ਵਿਚ ਹੈ | ਉਹ ਆਪਣੀ ਵੰਸ਼ਾਵਲੀ ਭਾਈ ਮਨੀ ਸਿੰਘ ਸ਼ਹੀਦ ਦੇ ਭਰਾ ਨਗਾਹੀਆ ਸਿੰਘ ਨਾਲ ਜੋੜਦੇ ਸਨ | ਮਾਤਾ ਤੋਂ ਸੁਣੇ ਸਿੱਖ ਇਤਿਹਾਸ ਦੇ ਪ੍ਰਸੰਗਾਂ ਨੇ ਬਚਪਨ ਵਿਚ ਹੀ ਅਤੀਤ ਬਾਰੇ ਰੁਚੀ ਜਗਾਈ | ਭਾਈ ਭੋਲਾ ਸਿੰਘ ਤੋਂ ਗੁਰਮੁਖੀ ਅਤੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ | ਪੜ੍ਹਾਈ ਦੇ ਨਾਲ ਸੁਰੀਲੀ ਆਵਾਜ਼ ਦੀ ਦਾਤ ਸੀ, ਜਿਸ ਕਾਰਨ ਉਨ੍ਹਾਂ ਦਾ ਗੁਰਬਾਣੀ ਪਾਠ ਸੁਣਨ ਵਾਲਿਆਂ ਨੂੰ ਪ੍ਰਭਾਵਿਤ ਕਰਦਾ ਸੀ | ਛੋਟੀ ਉਮਰ ਵਿਚ ਉਹ ਲਾਹੌਰ ਪਹੁੰਚੇ | ਮਾਮਾ ਕਰਮ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਸੂਬੇਦਾਰ ਸਨ ਅਤੇ ਉਨ੍ਹਾਂ ਦੀ ਸਹਾਇਤਾ ਨਾਲ ਦਰਬਾਰ ਤੱਕ ਪਹੁੰਚ ਬਣੀ | ਧੰਨਾ ਸਿੰਘ ਨੇ ਮਹਾਰਾਜੇ ਨਾਲ ਜਾਣਪਛਾਣ ਕਰਵਾਈ ਅਤੇ ਗਿਆਨ ਸਿੰਘ ਨੂੰ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਸੁਣਾਉਣ ਲਈ ਰੱਖਿਆ ਗਿਆ |
ਲਾਹੌਰ ਤੋਂ ਵਾਪਸੀ ਮਗਰੋਂ ਗਿਆਨੀ ਗਿਆਨ ਸਿੰਘ ਪਟਿਆਲਾ ਰਿਆਸਤ ਦੇ ਸੇਵਾ ਕਾਰਜਾਂ ਨਾਲ ਜੁੜ ਗਏ | ਪਰ ਉਨ੍ਹਾਂ ਦੀ ਜਿਗਿਆਸੂ ਬਿਰਤੀ ਉਨ੍ਹਾਂ ਨੂੰ ਇਕ ਥਾਂ ਟਿਕਣ ਨਾ ਦਿੰਦੀ | ਉਹ ਇਤਿਹਾਸ ਦੀਆਂ ਪੈੜਾਂ ਲੱਭਦੇ ਕਾਸ਼ੀ, ਹਰਿਦੁਆਰ, ਕੁਰਖੇਤਰ (ਕੁਰੂਕਸ਼ੇਤਰ) ਅਤੇ ਹੋਰ ਧਾਰਮਿਕ ਕੇਂਦਰਾਂ ਤੱਕ ਪਹੁੰਚੇ | ਦਮਦਮਾ ਸਾਹਿਬ, ਅਨੰਦਪੁਰ ਸਾਹਿਬ ਅਤੇ ਹਜ਼ੂਰ ਸਾਹਿਬ ਵਰਗੇ ਇਤਿਹਾਸਕ ਗੁਰਧਾਮਾਂ ਦੀਆਂ ਯਾਤਰਾਵਾਂ ਦੌਰਾਨ ਉਨ੍ਹਾਂ ਨੇ ਸਿੱਖ ਇਤਿਹਾਸ ਨਾਲ ਜੁੜੀਆਂ ਯਾਦਾਂ, ਪ੍ਰਸੰਗਾਂ ਅਤੇ ਜਾਣਕਾਰੀਆਂ ਨੂੰ ਇਕੱਠਾ ਕੀਤਾ | ਉਨ੍ਹਾਂ ਲਈ ਇਹ ਯਾਤਰਾਵਾਂ ਕੇਵਲ ਧਾਰਮਿਕ ਸ਼ਰਧਾ ਦਾ ਪ੍ਰਗਟਾਵਾ ਨਹੀਂ ਸਨ, ਸਗੋਂ ਇਤਿਹਾਸ ਦੀ ਖੋਜ, ਤੱਥਾਂ ਦੀ ਭਾਲ ਅਤੇ ਆਪਣੀ ਲੇਖਣੀ ਲਈ ਸਮੱਗਰੀ ਜੁਟਾਉਣ ਦਾ ਅਹਿਮ ਸਾਧਨ ਵੀ ਸਨ |
ਨਿਰਮਲਾ ਪਰੰਪਰਾ ਦੇ ਪ੍ਰਸਿੱਧ ਵਿਦਵਾਨ ਪੰਡਿਤ ਤਾਰਾ ਸਿੰਘ ਨਰੋਤਮ ਨਾਲ ਗਿਆਨੀ ਗਿਆਨ ਸਿੰਘ ਦੀ ਸਾਂਝ ਨੇ ਉਨ੍ਹਾਂ ਦੀ ਸਾਹਿਤਕ ਘਾੜਤ ਨੂੰ ਨਵੀਂ ਦਿਸ਼ਾ ਦਿੱਤੀ | ਪੰਜਾਬੀ ਯੂਨੀਵਰਸਿਟੀ ਦੇ 'ਸਿੱਖ ਧਰਮ ਵਿਸ਼ਵਕੋਸ਼' ਵਿਚ ਇਸ ਸਹਿਯੋਗ ਦਾ ਇਕ ਮਹੱਤਵਪੂਰਨ ਪ੍ਰਸੰਗ ਦਰਜ ਹੈ | ਗਿਆਨੀ ਜੀ ਅੰਮਿ੍ਤਸਰ ਵਿਚ ਗਿਆਨੀ ਚੰਦਾ ਸਿੰਘ ਦੇ ਧਾਰਮਿਕ ਵਿਖਿਆਨਾਂ ਦੇ ਨੋਟ ਲੈਂਦੇ ਅਤੇ ਪਟਿਆਲੇ ਤਾਰਾ ਸਿੰਘ ਨੂੰ ਭੇਜਦੇ ਸਨ | ਇਹ ਨੋਟ ਉਨ੍ਹਾਂ ਦੇ ਗੁਰਬਾਣੀ ਕੋਸ਼ ਦੀ ਤਿਆਰੀ ਵਿਚ ਸਹਾਇਕ ਹੋਏ | ਇਸ ਤੋਂ ਪਤਾ ਲੱਗਦਾ ਹੈ ਕਿ ਗਿਆਨੀ ਗਿਆਨ ਸਿੰਘ ਦੀ ਵਿਦਵਤਾ ਅਤੇ ਸੇਵਾ ਆਪਣੀਆਂ ਪੁਸਤਕਾਂ ਤੱਕ ਸੀਮਿਤ ਨਹੀਂ ਸੀ; ਸਗੋਂ ਉਹ ਹੋਰਨਾਂ ਵਿਦਵਾਨਾਂ ਦੇ ਖੋਜ ਤੇ ਸਾਹਿਤਕ ਕਾਰਜਾਂ ਵਿਚ ਵੀ ਅਹਿਮ ਯੋਗਦਾਨ ਪਾਉਂਦੇ ਸਨ |
'ਪੰਥ ਪ੍ਰਕਾਸ਼' ਉਨ੍ਹਾਂ ਦੀ ਪ੍ਰਸਿੱਧ ਕਾਵਿ ਰਚਨਾ ਹੈ | ਇਸ ਵਿਚ ਸਿੱਖ ਇਤਿਹਾਸ ਨੂੰ ਕਾਵਿ ਰੂਪ ਰਾਹੀਂ ਪੇਸ਼ ਕੀਤਾ ਗਿਆ ਜੋ ਉਸ ਦੌਰ ਦੀ ਸੁਣਨ ਅਤੇ ਯਾਦ ਕਰਨ ਦੀ ਪਰੰਪਰਾ ਨਾਲ ਮੇਲ ਖਾਂਦਾ ਸੀ | ਗਿਆਨੀ ਜੀ ਦਾ ਗ੍ਰੰਥ ਉਨ੍ਹਾਂ ਦੀ ਆਪਣੀ ਸਾਹਿਤਕ ਘਾਲਣਾ ਅਤੇ ਇਕੱਠੀ ਕੀਤੀ ਸਮੱਗਰੀ ਦਾ ਨਤੀਜਾ ਸੀ |
'ਤਵਾਰੀਖ਼ ਗੁਰੂ ਖ਼ਾਲਸਾ' ਵਿਚ ਉਨ੍ਹਾਂ ਨੇ ਵਾਰਤਕ ਰਾਹੀਂ ਇਤਿਹਾਸਕ ਬਿਰਤਾਂਤ ਪੇਸ਼ ਕੀਤਾ | ਗੁਰੂ ਸਾਹਿਬਾਨ ਦੇ ਜੀਵਨ ਤੋਂ ਲੈ ਕੇ ਖ਼ਾਲਸੇ ਦੇ ਸੰਘਰਸ਼ ਅਤੇ ਰਾਜ ਦੇ ਪ੍ਰਸੰਗ ਇਸ ਵਿਚ ਆਉਂਦੇ ਹਨ | 'ਸ਼ਮਸ਼ੇਰ ਖ਼ਾਲਸਾ' ਅਤੇ 'ਰਾਜ ਖ਼ਾਲਸਾ' ਨਾਲ ਜੁੜੇ ਭਾਗ ਉਨ੍ਹਾਂ ਦੇ ਵਿਸ਼ੇ ਦੇ ਫੈਲਾਅ ਨੂੰ ਦੱਸਦੇ ਹਨ | ਇਹ ਗ੍ਰੰਥ ਅੱਜ ਵੀ ਇਤਿਹਾਸਕ ਲੇਖਣੀ ਦੀ ਪਰੰਪਰਾ ਨੂੰ ਸਮਝਣ ਲਈ ਮਹੱਤਵ ਰੱਖਦਾ ਹੈ |
ਉਨ੍ਹਾਂ ਨੇ ਭਾਈ ਸੰਤੋਖ ਸਿੰਘ ਦੇ ਵਿਸ਼ਾਲ 'ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ' ਦਾ ਵਾਰਤਕ ਸੰਖੇਪ ਵੀ ਤਿਆਰ ਕੀਤਾ | ਇਸ ਨਾਲ ਲੰਮੇ ਕਾਵਿ ਬਿਰਤਾਂਤ ਨੂੰ ਪੜ੍ਹਨ ਦਾ ਇਕ ਹੋਰ ਰਾਹ ਮਿਲਿਆ | 'ਬਾਗੜੀਆਂ ਦਾ ਇਤਿਹਾਸ ਅਤੇ ਅੰਮਿ੍ਤਸਰ ਤੇ ਲਾਹੌਰ ਬਾਰੇ ਰਚਨਾਵਾਂ ਉਨ੍ਹਾਂ ਦੀ ਰੁਚੀ ਦਾ ਘੇਰਾ ਦੱਸਦੀਆਂ ਹਨ | ਗਿਆਨੀ ਗਿਆਨ ਸਿੰਘ ਦੀ ਰਚਨਾ 'ਗੁਰਧਾਮ ਸੰਗ੍ਰਹਿ' ਉਨ੍ਹਾਂ ਦੀ ਇਤਿਹਾਸਕ ਅਤੇ ਧਾਰਮਿਕ ਰੁਚੀ ਦਾ ਮਹੱਤਵਪੂਰਨ ਪ੍ਰਗਟਾਵਾ ਹੈ | ਇਸ ਰਚਨਾ ਰਾਹੀਂ ਸਿੱਖ ਧਰਮ ਨਾਲ ਸਬੰਧਤ ਗੁਰਧਾਮਾਂ, ਉਨ੍ਹਾਂ ਦੀ ਇਤਿਹਾਸਕ ਮਹੱਤਤਾ ਅਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਸੰਭਾਲਣ ਦਾ ਯਤਨ ਕੀਤਾ ਗਿਆ | ਗਿਆਨੀ ਜੀ ਦੀਆਂ ਯਾਤਰਾਵਾਂ ਅਤੇ ਇਤਿਹਾਸਕ ਸਮੱਗਰੀ ਇਕੱਠੀ ਕਰਨ ਦੀ ਲਗਨ ਅਜਿਹੀਆਂ ਰਚਨਾਵਾਂ ਵਿਚ ਪ੍ਰਤੀਬਿੰਬਤ ਹੁੰਦੀ ਹੈ |
ਇਸ ਵਿਚ ਵੱਖ-ਵੱਖ ਗੁਰਦੁਆਰਿਆਂ ਦੇ ਇਤਿਹਾਸ, ਉਨ੍ਹਾਂ ਦੇ ਵਿਕਾਸ ਅਤੇ ਉੱਥੇ ਮੌਜੂਦ ਇਤਿਹਾਸਕ ਨਿਸ਼ਾਨੀਆਂ ਬਾਰੇ ਜਾਣਕਾਰੀ ਦਰਜ ਹੈ | ਗਿਆਨੀ ਜੀ ਨੇ ਆਪਣੀਆਂ ਯਾਤਰਾਵਾਂ ਦੌਰਾਨ ਨਿੱਜੀ ਤੌਰ 'ਤੇ ਕਈ ਗੁਰਧਾਮਾਂ ਦਾ ਨਿਰੀਖਣ ਕੀਤਾ ਅਤੇ ਬਜ਼ੁਰਗਾਂ ਤੋਂ ਪ੍ਰਾਪਤ ਜਾਣਕਾਰੀ ਤੇ ਹੋਰ ਇਤਿਹਾਸਕ ਸਰੋਤਾਂ ਨੂੰ ਆਧਾਰ ਬਣਾਇਆ | ਇਸ ਪੱਖੋਂ ਇਹ ਰਚਨਾ ਸਿੱਖ ਇਤਿਹਾਸਕ ਅਸਥਾਨਾਂ ਦੀ ਪੁਰਾਤਨ ਸਥਿਤੀ, ਪ੍ਰਬੰਧ ਅਤੇ ਵਿਰਾਸਤੀ ਵਸਤਾਂ ਬਾਰੇ ਜਾਣਕਾਰੀ ਦੇਣ ਵਾਲਾ ਮਹੱਤਵਪੂਰਨ ਸਰੋਤ ਹੈ |
ਗਿਆਨੀ ਜੀ ਆਪ ਨਿਰਮਲਾ ਪਰੰਪਰਾ ਨਾਲ ਜੁੜੇ ਸਨ, ਪਰ ਉਨ੍ਹਾਂ ਦੀ ਲਿਖਤ ਵਿਚ ਹੋਰ ਸਿੱਖ ਸੰਪਰਦਾਵਾਂ ਦਾ ਵੇਰਵਾ ਵੀ ਮਿਲਦਾ ਹੈ | ਉਦਾਸੀਆਂ, ਨਿਹੰਗਾਂ ਅਤੇ ਨਾਮਧਾਰੀਆਂ ਨੂੰ ਪੰਥਕ ਜੀਵਨ ਦੇ ਪ੍ਰਸੰਗ ਵਿਚ ਵੇਖਣ ਦਾ ਯਤਨ ਉਨ੍ਹਾਂ ਦੀ ਦਿ੍ਸ਼ਟੀ ਦਾ ਹਿੱਸਾ ਸੀ | ਉਨ੍ਹਾਂ ਦੇ ਕਾਰਜ ਨੂੰ ਪੜ੍ਹਦਿਆਂ ਉਸ ਸਮੇਂ ਦੇ ਧਾਰਮਿਕ ਅਤੇ ਸਮਾਜਿਕ ਵਾਤਾਵਰਨ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ |
ਗਿਆਨੀ ਗਿਆਨ ਸਿੰਘ ਲਈ ਆਪਣੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਵਾਉਣਾ ਅਤੇ ਸੰਭਾਲਣਾ ਵੀ ਵੱਡੀ ਚੁਣੌਤੀ ਸੀ | ਉਨ੍ਹਾਂ ਨੇ ਆਪਣੇ ਖਰੜੇ ਅਤੇ ਪ੍ਰਕਾਸ਼ਨ ਅਧਿਕਾਰ ਖ਼ਾਲਸਾ ਟ੍ਰੈਕਟ ਸੁਸਾਇਟੀ ਨੂੰ ਸੌਂਪੇ, ਜਦਕਿ ਪਟਿਆਲੇ ਵਿਚ ਹਿਸਟਰੀ ਸੁਸਾਇਟੀ ਸਥਾਪਤ ਕਰਨ ਦਾ ਉਪਰਾਲਾ ਰਿਆਸਤੀ ਮਤਭੇਦਾਂ ਕਾਰਨ ਪ੍ਰਭਾਵਿਤ ਹੋਇਆ | 24 ਸਤੰਬਰ 1921 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ, ਪਰ ਉਨ੍ਹਾਂ ਦੀ ਵਿਰਾਸਤ ਅੱਜ ਵੀ ਇਤਿਹਾਸਕ ਲਿਖਤਾਂ ਦੀ ਸੰਭਾਲ ਅਤੇ ਪ੍ਰਮਾਣਿਕ ਪ੍ਰਕਾਸ਼ਨ ਦੀ ਮਹੱਤਤਾ ਉਜਾਗਰ ਕਰਦੀ ਹੈ |
ਅੱਜ ਦੀ ਪੀੜ੍ਹੀ ਲਈ ਪੰਜ ਸਬਕ
ਔਕੜਾਂ ਵਿਚ ਸਿੱਖਣ ਦੀ ਲਗਨ ਰੱਖੋ
ਸਰੀਰਕ ਅਤੇ ਆਰਥਿਕ ਮੁਸ਼ਕਲਾਂ ਵਿਚ ਸਹਾਰਾ ਲੱਭੋ | ਛੋਟੇ ਮੌਕਿਆਂ ਨੂੰ ਅਧਿਐਨ ਅਤੇ ਅੱਗੇ ਵਧਣ ਦਾ ਰਾਹ ਬਣਾਓ |
ਮੈਦਾਨ ਵਿਚ ਜਾ ਕੇ ਜਾਣੋ
ਪੁਸਤਕਾਂ ਦੇ ਨਾਲ ਅਸਥਾਨਾਂ, ਲੋਕਾਂ ਅਤੇ ਉਨ੍ਹਾਂ ਦੀਆਂ ਯਾਦਾਂ ਨੂੰ ਸਮਝੋ | ਸੁਣੀ ਸਮੱਗਰੀ ਨੂੰ ਲਿਖੋ ਅਤੇ ਉਸ ਦੀ ਪੜਤਾਲ ਕਰੋ |
ਗਿਆਨ ਨੂੰ ਸਾਂਝੀ ਪੂੰਜੀ ਬਣਾਓ
ਹੋਰ ਵਿਦਵਾਨਾਂ ਦੀ ਮਦਦ ਕਰੋ ਅਤੇ ਆਪਣੇ ਨੋਟ ਸਾਂਝੇ ਕਰੋ | ਸਹਿਯੋਗ ਨਾਲ ਅਜਿਹੇ ਗ੍ਰੰਥ ਬਣਦੇ ਹਨ ਜੋ ਪੀੜ੍ਹੀਆਂ ਲਈ ਲਾਭਦਾਇਕ ਹੁੰਦੇ ਹਨ |
ਸ਼ਰਧਾ ਨਾਲ ਤੱਥਾਂ ਦੀ ਜਾਂਚ ਕਰੋ
ਵਿਰਾਸਤ ਦਾ ਸਤਿਕਾਰ ਕਰਦਿਆਂ ਸਰੋਤਾਂ ਨੂੰ ਪਰਖੋ | ਇਤਿਹਾਸ, ਲੋਕਯਾਦ ਅਤੇ ਕਾਵਿ ਦੀਆਂ ਵੱਖਰੀਆਂ ਭੂਮਿਕਾਵਾਂ ਸਮਝ ਕੇ ਪੜ੍ਹੋ |
ਖਰੜੇ ਅਤੇ ਯਾਦਾਂ ਸੰਭਾਲੋ
ਪੁਰਾਤਨ ਲਿਖਤਾਂ ਦੀ ਸੰਭਾਲ ਕਰੋ ਅਤੇ ਪਾਠਕਾਂ ਲਈ ਉਪਲਬਧ ਕਰਾਉ | ਵਿਦਵਾਨ ਦੀ ਮਿਹਨਤ ਨੂੰ ਪਾਠਕਾਂ ਤੱਕ ਪਹੁੰਚਾਉਣਾ ਸਮਾਜ ਤੇ ਸੰਸਥਾਵਾਂ ਦੀ ਸਾਂਝੀ ਜ਼ਿੰਮੇਵਾਰੀ ਹੈ | |
ਗਿਆਨੀ ਗਿਆਨ ਸਿੰਘ ਦੀ ਵਿਰਾਸਤ ਸਾਨੂੰ ਸਿਖਾਉਂਦੀ ਹੈ ਕਿ ਅਤੀਤ ਨਾਲ ਪਿਆਰ ਦਾ ਅਸਲ ਅਰਥ ਉਸ ਨੂੰ ਸੰਭਾਲਣਾ, ਸਮਝਣਾ ਅਤੇ ਜ਼ਿੰਮੇਵਾਰੀ ਨਾਲ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਹੈ |
-ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ
ਮੋਬਾਈਲ ਨੰ. +91-9876107837