29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸਿੱਖ ਇਤਿਹਾਸ ਤੇ ਲੋਕ ਕਥਾਵਾਂ ਦਾ ਚਿੱਤਰਕਾਰ ਸੋਭਾ ਸਿੰਘ

ਸਿੱਖ ਇਤਿਹਾਸ ਤੇ ਲੋਕ ਕਥਾਵਾਂ ਦਾ ਚਿੱਤਰਕਾਰ ਸੋਭਾ ਸਿੰਘ

ਅਜੀਤ ਡੈਸਕ 29-11-2026

ਸਰਦਾਰ ਸੋਭਾ ਸਿੰਘ ਦਿਲੋਂ ਕਲਾਕਾਰ ਸਨ | ਉਹ ਅਜਿਹੇ ਕਲਾਕਾਰ ਸਨ, ਜਿਨ੍ਹਾਂ ਦਾ ਪਰਮਾਤਮਾ ਵਿਚ ਭਰੋਸਾ ਅਤੇ ਸੁੰਦਰਤਾ, ਨੇਕੀ ਤੇ ਮਨੁੱਖੀ ਕਦਰਾਂ-ਕੀਮਤਾਂ ਦਾ ਸਥਾਈ ਫ਼ਲਸਫ਼ਾ ਉਨ੍ਹਾਂ ਦੀਆਂ ਕਲਾਕਿ੍ਤੀਆਂ ਰਾਹੀਂ ਅੱਜ ਵੀ ਜਿਉਂਦਾ ਹੈ | ਉਨ੍ਹਾਂ ਦੀਆਂ ਸਦੀਵੀ ਪੇਂਟਿੰਗਾਂ ਦੇ ਚੌਖਟਿਆਂ ਵਿਚੋਂ ਝਲਕਦੀਆਂ ਕਲਾਕਿ੍ਤਾਂ ਉਨ੍ਹਾਂ ਦੀ ਕਲਾ ਦੀ ਕਹਾਣੀ ਬਿਆਨ ਕਰਦੀਆਂ ਹਨ | ਉਹ ਭਾਰਤ ਦੇ ਸਭ ਤੋਂ ਪ੍ਰਸਿੱਧ ਸਮਕਾਲੀ ਕਲਾਕਾਰਾਂ ਵਿਚੋਂ ਇਕ ਹਨ |

ਪੱਛਮੀ ਤੇਲ-ਚਿੱਤਰਕਾਰੀ ਦੀਆਂ ਰਵਾਇਤੀ ਵਿਧੀਆਂ ਦੀ ਵਰਤੋਂ ਕਰਦਿਆਂ ਇਸ ਮਹਾਨ ਚਿੱਤਰਕਾਰ ਨੇ ਕਈ ਯਾਦਗਾਰੀ ਚਿੱਤਰ ਸਿਰਜੇ |
ਉਨ੍ਹਾਂ ਨੇ ਸਿੱਖ ਇਤਿਹਾਸ ਅਤੇ ਪੰਜਾਬੀ ਲੋਕ-ਕਥਾਵਾਂ ਦੀਆਂ ਮਹੱਤਵਪੂਰਨ ਹਸਤੀਆਂ ਦੇ ਬੇਹੱਦ ਪ੍ਰਭਾਵਸ਼ਾਲੀ ਅਤੇ ਅਦਭੁਤ ਯਥਾਰਥਵਾਦੀ ਚਿੱਤਰ ਬਣਾਏ | ਸਿੱਖ ਗੁਰੂਆਂ, ਪੈਗੰਬਰਾਂ, ਸੰਤਾਂ ਅਤੇ ਮਿਥਿਹਾਸਕ ਸ਼ਖ਼ਸੀਅਤਾਂ ਨੂੰ ਸੋਭਾ ਸਿੰਘ ਦੀਆਂ ਸਦੀਵੀ ਕਲਾਕਿ੍ਤਾਂ ਨੇ ਜੀਵੰਤ ਰੂਪ ਪ੍ਰਦਾਨ ਕੀਤਾ |
ਭਾਵੇਂ ਉਨ੍ਹਾਂ ਦੀ ਕਲਾ ਵਿਚ ਜ਼ਿਆਦਾਤਰ ਪ੍ਰਸਿੱਧ ਧਾਰਮਿਕ ਅਤੇ ਪ੍ਰੇਮ-ਭਾਵਨਾ ਨਾਲ ਜੁੜੇ ਵਿਸ਼ਿਆਂ ਨੂੰ ਦਰਸਾਇਆ ਗਿਆ ਹੈ, ਪਰ ਉਨ੍ਹਾਂ ਦੀ ਸਭ ਤੋਂ ਮਸ਼ਹੂਰ ਪੇਂਟਿੰਗ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ, ਹਾਲਾਂਕਿ, ਉਨ੍ਹਾਂ ਦੀ ਪਹਿਲੀ ਪੇਂਟਿੰਗ ਛੇਵੇਂ ਸਿੱਖ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੀ ਸੀ |
ਸੋਹਣੀ-ਮਹੀਵਾਲ ਅਤੇ 'ਮੁਮਤਾਜ਼ ਮਹਿਲ ਦੀ ਆਖ਼ਰੀ ਇੱਛਾ' ਕੈਪਸ਼ਨ ਵਾਲਾ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੀਆਂ ਬਾਹਾਂ ਵਿਚ ਮੁਮਤਾਜ਼ ਮਹਿਲ ਦਾ ਚਿੱਤਰ, ਪਿਆਰ ਦੀਆਂ ਸੱਚੀਆਂ ਤਸਵੀਰਾਂ ਹਨ | ਸੋਹਣੀ-ਮਹੀਵਾਲ ਦੀ ਕਹਾਣੀ ਸਾਂਝੇ ਪੰਜਾਬ ਦੀ ਇਕ ਪ੍ਰਸਿੱਧ ਦੁਖਾਂਤਕ ਪ੍ਰੇਮ ਕਥਾ ਹੈ, ਜਿਸ ਨੇ ਸੋਭਾ ਸਿੰਘ ਨੂੰ ਮੋਹਪਾਸ਼ ਕਰ ਲਿਆ ਸੀ | ਉਹ ਇਸ ਕਹਾਣੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ 1937 ਤੋਂ 1980 ਦਰਮਿਆਨ ਇਸ ਪੇਂਟਿੰਗ ਦੇ ਪੰਜ ਵੱਖ-ਵੱਖ ਰੂਪ ਬਣਾਏ |
ਬਹੁਤ ਸਾਰੇ ਲੋਕਾਂ ਲਈ ਇਹ ਜਾਣਨਾ ਹੈਰਾਨੀਜਨਕ ਹੋ ਸਕਦਾ ਹੈ ਕਿ ਪ੍ਰਸਿੱਧ ਅਤੇ ਸਥਾਪਤ ਚਿੱਤਰਕਾਰ ਬਣਨ ਤੋਂ ਪਹਿਲਾਂ ਉਹ ਬਿ੍ਟਿਸ਼-ਭਾਰਤੀ ਫ਼ੌਜ ਵਿਚ ਤੀਜੀ ਪੀੜ੍ਹੀ ਦੇ ਸਿਪਾਹੀ ਸਨ | ਉਨ੍ਹਾਂ ਦਾ ਜਨਮ 29 ਨਵੰਬਰ, 1901 ਨੂੰ ਗੁਰਦਾਸਪੁਰ ਦੇ ਦਰਿਆ ਬਿਆਸ ਦੇ ਕੰਢੇ ਵਸੇ ਛੋਟੇ ਜਿਹੇ ਕਸਬੇ ਸ੍ਰੀ ਹਰਿਗੋਬਿੰਦਪੁਰ ਵਿਚ ਮਾਤਾ ਬੀਬੀ ਅੱਛਰਾਂ ਦੇਵੀ ਅਤੇ ਪਿਤਾ ਸਰਦਾਰ ਦੇਵਾ ਸਿੰਘ ਦੇ ਘਰ ਹੋਇਆ ਸੀ | ਉਨ੍ਹਾਂ ਦੇ ਪਿਤਾ ਫ਼ੌਜ ਦੀ 22ਵੀਂ ਬਟਾਲੀਅਨ ਵਿਚ ਸਰਵੇਖਣਕਾਰ ਸਨ | ਇਸ ਦੇ ਨਾਲ ਹੀ ਉਹ ਸਿਖਲਾਈ ਪ੍ਰਾਪਤ ਘੋੜਸਵਾਰ ਅਤੇ ਪ੍ਰਤਿਭਾਸ਼ਾਲੀ ਚਿੱਤਰਕਾਰ ਵੀ ਸਨ | ਸੋਭਾ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਵੀ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਘੋੜਸਵਾਰ ਸਨ |
ਸੋਭਾ ਸਿੰਘ ਨੇ ਮਹਿਜ਼ 15 ਸਾਲ ਦੀ ਉਮਰ ਵਿਚ ਆਪਣੇ ਜੀਜੇ ਤੋਂ ਚਿੱਤਰਕਾਰੀ ਸਿੱਖਣੀ ਸ਼ੁਰੂ ਕਰ ਦਿੱਤੀ ਸੀ | 1919 ਤੋਂ 1923 ਤੱਕ ਬਿ੍ਟਿਸ਼-ਭਾਰਤੀ ਫ਼ੌਜ ਵਿਚ ਮੁੱਖ ਡਰਾਫਟਸਮੈਨ ਵਜੋਂ ਪੰਜ ਸਾਲ ਸੇਵਾ ਨਿਭਾਉਣ ਸਮੇਂ ਦੌਰਾਨ ਨਕਸ਼ੇ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੇ ਚਿੱਤਰਕਾਰੀ ਦੇ ਆਪਣੇ ਹੁਨਰ ਨੂੰ ਵੀ ਨਿਖਾਰਿਆ | ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਚਿੱਤਰਕਾਰੀ ਦੇ ਸ਼ੌਕ ਨੂੰ ਸਮਰਪਿਤ ਕਰ ਦਿੱਤਾ |
1923 ਵਿਚ ਬੀਬੀ ਇੰਦਰ ਕੌਰ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਨੇ ਅੰਮਿ੍ਤਸਰ ਦੇ ਫੁਹਾਰਾ ਚੌਕ ਵਿਖੇ ਸੁਭਾਸ਼ ਸਟੂਡੀਓ ਖੋਲਿ੍ਹਆ | ਉਨ੍ਹਾਂ ਦੇ ਸਟੂਡੀਓ ਦਾ ਨਾਮ ਪ੍ਰਸਿੱਧ ਇਨਕਲਾਬੀ ਸੁਭਾਸ਼ ਚੰਦਰ ਬੋਸ ਤੋਂ ਪ੍ਰਭਾਵਿਤ ਸੀ | 1925 ਤੋਂ 1929 ਦਰਮਿਆਨ ਲਾਹੌਰ ਦੇ ਅਨਾਰਕਲੀ ਇਲਾਕੇ ਵਿਚ ਈਕੋ ਸਕੂਲ ਆਫ਼ ਆਰਟ ਦੀ ਸਥਾਪਨਾ ਕਰਨ ਤੋਂ ਬਾਅਦ ਉਨ੍ਹਾਂ ਨੇ ਇਕ ਸਫ਼ਲ ਚਿੱਤਰਕਾਰ ਵਜੋਂ ਆਪਣੀ ਪਛਾਣ ਬਣਾਈ | 1935 ਵਿਚ ਉਨ੍ਹਾਂ ਦੀਆਂ ਦੋ ਪੇਂਟਿੰਗਾਂ 'ਲੰਡਨ ਇਲਸਟ੍ਰੇਟਿਡ ਵੀਕਲੀ' ਵਿਚ ਸ਼ਾਮਿਲ ਕੀਤੀਆਂ ਗਈਆਂ |
1947 ਵਿਚ ਵੰਡ ਦੀ ਪੂਰਵ ਸੰਧਿਆ 'ਤੇ ਉਨ੍ਹਾਂ ਨੂੰ ਲਾਹੌਰ ਛੱਡਣਾ ਪਿਆ ਅਤੇ ਉਹ ਆਪਣੀਆਂ ਲਗਭਗ 300 ਕਲਾਕਿ੍ਤਾਂ, ਜਿਨ੍ਹਾਂ ਵਿਚ 60 ਬੇਸ਼ਕੀਮਤੀ ਪੇਂਟਿੰਗਾਂ ਵੀ ਸ਼ਾਮਲ ਸਨ, ਸਮੇਤ ਹੋਰ ਕੀਮਤੀ ਵਸਤਾਂ ਉੱਥੇ ਹੀ ਛੱਡ ਆਏ |
ਅਖ਼ੀਰ ਵਿਚ ਉਹ ਹਿਮਾਚਲ ਪ੍ਰਦੇਸ਼ ਦੀ ਕਾਂਗੜਾ ਘਾਟੀ ਵਿਚ ਪਾਲਮਪੁਰ ਨੇੜੇ ਸਥਿਤ ਸੁੰਦਰ ਪਿੰਡ ਅੰਦਰੇਟਾ ਵਿਚ ਆਣ ਵਸੇ ਅਤੇ ਆਪਣੀਆਂ ਕਈ ਸ਼ਾਨਦਾਰ ਕਲਾਕਿ੍ਤਾਂ ਰਾਹੀਂ ਇਸ ਛੋਟੇ ਜਿਹੇ ਪਿੰਡ ਨੂੰ ਕਲਾ ਦੇ ਕੌਮਾਂਤਰੀ ਨਕਸ਼ੇ 'ਤੇ ਲੈ ਆਏ | ਅੱਜ ਇੱਥੇ ਸੋਭਾ ਸਿੰਘ ਆਰਟ ਗੈਲਰੀ ਅਤੇ ਅਜਾਇਬਘਰ ਸਥਾਪਤ ਹੈ, ਜਿਸ ਦਾ ਪ੍ਰਬੰਧ ਉਨ੍ਹਾਂ ਦੀ ਧੀ ਬੀਬੀ ਗੁਰਚਰਨ ਕੌਰ, ਉਨ੍ਹਾਂ ਦੇ ਪੁੱਤਰ ਡਾ. ਹਿਰਦੇ ਪਾਲ ਸਿੰਘ ਅਤੇ ਪਰਿਵਾਰ ਵਲੋਂ ਕੀਤਾ ਜਾ ਰਿਹਾ ਹੈ |
ਸਾਲ 1973 ਵਿਚ, ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਇਸ ਪ੍ਰਸਿੱਧ ਭਾਰਤੀ ਕਲਾਕਾਰ ਦੇ ਜੀਵਨ ਅਤੇ 75ਵੇਂ ਜਨਮ ਦਿਨ ਨੂੰ ਸਮਰਪਿਤ ਉਨ੍ਹਾਂ 'ਤੇ ਇਕ ਜੀਵਨੀ-ਆਧਾਰਿਤ ਦਸਤਾਵੇਜ਼ੀ ਫ਼ਿਲਮ 'ਪੇਂਟਰ ਆਫ਼ ਦ ਪੀਪਲ' ਬਣਾਈ | ਸੋਭਾ ਸਿੰਘ ਜੀ ਨੂੰ ਸਾਲ 1983 ਵਿਚ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ |
ਇਸ ਮਹਾਨ ਕਲਾਕਾਰ ਦੀ 125ਵੀਂ ਜਨਮ ਵਰ੍ਹੇਗੰਢ ਮਨਾਈ ਜਾ ਰਹੀ ਹੈ | ਉਨ੍ਹਾਂ ਦੀ ਜਨਮਭੂਮੀ ਸ੍ਰੀ ਹਰਿਗੋਬਿੰਦਪੁਰ ਤੋਂ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਹੋ ਕੇ ਇਨ੍ਹਾਂ ਸਮਾਗਮਾਂ ਦੀ ਸਮਾਪਤੀ ਨਵੰਬਰ 2027 ਵਿਚ ਹਿਮਾਚਲ ਪ੍ਰਦੇਸ਼ ਦੇ ਅੰਦਰੇਟਾ ਵਿਖੇ ਉਨ੍ਹਾਂ ਦੀ ਕਰਮ-ਭੂਮੀ 'ਤੇ ਹੋਵੇਗੀ | ਇਨ੍ਹਾਂ ਸਮਾਗਮਾਂ ਦਾ ਵਿਸ਼ਾ “ਜਨਮ-ਭੂਮੀ ਤੋਂ ਕਰਮ-ਭੂਮੀ ਤੱਕ” ਰੱਖਿਆ ਗਿਆ ਹੈ  |
ਸੋਭਾ ਸਿੰਘ ਮੈਮੋਰੀਅਲ ਆਰਟ ਸੁਸਾਇਟੀ (ਐੱਸ.ਐੱਸ.ਐੱਮ.ਏ.ਐੱਸ.), ਅੰਦਰੇਟਾ, ਭਾਰਤੀ ਕਲਾ ਵਿਚ ਇਸ ਕਲਾਕਾਰ ਦੇ ਸ਼ਾਨਦਾਰ ਯੋਗਦਾਨ ਨੂੰ ਕਲਾ ਪ੍ਰੇਮੀਆਂ ਸਾਹਮਣੇ ਉਜਾਗਰ ਕਰਨ ਲਈ ਯੂਨੀਵਰਸਿਟੀਆਂ, ਸੱਭਿਆਚਾਰਕ ਸੰਸਥਾਵਾਂ, ਵਿੱਦਿਅਕ ਅਦਾਰਿਆਂ ਅਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਕਲਾ, ਸੱਭਿਆਚਾਰ ਅਤੇ ਸਿੱਖਿਆ ਨਾਲ ਸੰਬੰਧਤ ਕਈ ਗਤੀਵਿਧੀਆਂ ਕਰਵਾਉਣ ਦੀ ਯੋਜਨਾ ਬਣੀ ਹੈ |

-ਖੇਤਰੀ ਸਮਾਚਾਰ ਮੁਖੀ, 
ਆਕਾਸ਼ਵਾਣੀ ਕੇਂਦਰ, ਜਲੰਧਰ |

ਪਿਛਲੀ ਖ਼ਬਰ ਸਿੱਖ ਇਤਿਹਾਸ ਦਾ ਅਣਥੱਕ ਸਾਧਕ : ਗਿਆਨੀ ਗਿਆਨ ਸਿੰਘ ਅਗਲੀ ਖ਼ਬਰ ਮੰੂਹ ਆਈ ਗੱਲ ਖੁਸ਼ੀ ਦੇ ਹੰਝ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।