02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਰੀਰ ਨੂੰ ਪੁਨਰ ਸੁਰਜੀਤ ਕਰਨ ਵਾਲਾ ਹਰਾ ਹਕੀਮ-ਪੁਨਰਨਵਾ

ਸਰੀਰ ਨੂੰ ਪੁਨਰ ਸੁਰਜੀਤ ਕਰਨ ਵਾਲਾ ਹਰਾ ਹਕੀਮ-ਪੁਨਰਨਵਾ

ਅਜੀਤ ਡੈਸਕ 02-08-2026

ਪੁਨਰਨਵਾ ਦੇ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਇਹ ਪੌਦਾ ਸਾਡੇ ਸਰੀਰ ਨੂੰ ਪੁਨਰ (ਮੁੜ ਤੋਂ) ਨਵਾਂ ਕਰ ਕੇ ਸਰੀਰ ਨੂੰ ਤਾਜ਼ਗੀ ਅਤੇ ਸੰਤੁਲਨ ਪ੍ਰਦਾਨ ਕਰਦਾ ਹੈ। ਇਸ ਦਾ ਵਿਗਿਆਨਕ ਨਾਂਅ ਬੋਏਰਾਵੀਆ ਡਿਫਿਊਜ਼ਾ (Boerhavia diffusa) ਹੈ। ਇਸ ਨੂੰ ਬਿਸ਼ਕਫਰਾ, ਕੋਮਾ, ਲਾਲ ਇਟਸਿਟ ਜਾਂ ਹੌਗਵੀਡ ਵੀ ਆਖਦੇ ਹਨ। ਖੇਤਾਂ ਵਿਚ ਇਹ ਆਮ ਉੱਗਿਆ ਪਾਇਆ ਜਾਂਦਾ ਹੈ। ਇਸ ਦੇ ਪੱਤੇ ਇਟ-ਸਿਟ ਨਾਲੋਂ ਪਤਲੇ, ਨੁਕੀਲੇ ਅਤੇ ਵਿਰਲੇ ਹੁੰਦੇ ਹਨ। ਇਸ ਵਿਚ ਕਾਫੀ ਖੁਰਾਕੀ ਤੱਤ ਅਤੇ ਵਿਸ਼ੇਸ਼ ਤੌਰ 'ਤੇ ਵਿਟਾਮਿਨ ਸੀ ਆਦਿ ਭਰਪੂਰ ਮਾਤਰਾ ਵਿਚ ਮਿਲਦੇ ਹਨ। ਇਹ ਕਫ, ਪਿੱਤ ਅਤੇ ਵਾਤ, ਤਿੰਨਾਂ ਦੋਸ਼ਾਂ ਨੂੰ ਦਰੁੱਸਤ ਕਰਦਾ ਹੈ। ਹੋਮਿਓਪੈਥੀ ਵਿਚ ਬੋਏਰਾਵੀਆ ਡਿਫਿਊਜ਼ਾ (Boerhavia diffusa) ਨਾਂਅ ਦੀ ਦਵਾਈ ਇਸ ਤੋਂ ਤਿਆਰ ਹੁੰਦੀ ਹੈ, ਜਿਸ ਨੂੰ ਸਰੀਰ ਵਿਚੋਂ ਵਾਧੂ ਪਾਣੀ ਕੱਢਣ, ਪੇਟ ਅਤੇ ਲੱਤਾਂ ਦੀ ਸੋਜ ਘਟਾਉਣ, ਦਿਲ, ਜਿਗਰ ਅਤੇ ਗੁਰਦੇ ਸੰਬੰਧੀ ਰੋਗਾਂ ਨੂੰ ਠੀਕ ਕਰਨ ਅਤੇ ਸਰੀਰਕ ਸ਼ਕਤੀ ਵਧਾਉਣ ਆਦਿ ਲਈ ਵਰਤਿਆ ਜਾਂਦਾ ਹੈ। ਪੁਨਰਨਵਾ ਦੇ ਪੌਦੇ ਦੇ ਸਾਰੇ ਭਾਗ ਲਾਭਕਾਰੀ ਹੁੰਦੇ ਹਨ।
ਆਯੁਰਵੇਦ ਵਿਚ ਇਸ ਪੌਦੇ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ। ਇਸ ਵਿਚ ਸੋਜ-ਰੋਧੀ (Anti-inflammatory) ਅਤੇ ਪ੍ਰਤੀ-ਆਕਸੀਕਾਰਕ (Anti-oxidant)  ਗੁਣ ਹੁੰਦੇ ਹਨ, ਜਿਸ ਕਾਰਨ ਇਹ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨਾਂ ਤੋਂ ਬਚਾ ਕੇ ਰੱਖਦਾ ਹੈ। ਗਠੀਏ ਅਤੇ ਜੋੜਾਂ ਦੇ ਦਰਦ ਲਈ ਇਹ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਦਾ 30-50 ਮਿਲੀਲਿਟਰ ਕਾੜ੍ਹਾ ਪੀਣ ਨਾਲ ਪਿਸ਼ਾਬ ਦਾ ਪ੍ਰਵਾਹ ਵਧਦਾ ਹੈ ਅਤੇ ਸਰੀਰ ਵਿਚੋਂ ਵਾਧੂ ਪਾਣੀ (5dema) ਬਾਹਰ ਨਿਕਲਦਾ ਹੈ। ਇਹ ਪੌਦਾ ਪਿਸ਼ਾਬ ਦੀ ਜਲਣ ਨੂੰ ਠੀਕ ਕਰਦਾ ਹੈ, ਗੁਰਦਿਆਂ ਦੀ ਕਾਰਗੁਜ਼ਾਰੀ ਨੂੰ ਸੁਧਾਰਦਾ ਹੈ ਅਤੇ ਸਰੀਰ ਵਿਚੋਂ ਵਿਸ਼ੈਲੇ ਤੱਤ ਬਾਹਰ ਕੱਢਦਾ ਹੈ। ਇਸ ਨਾਲ ਦਿਲ 'ਤੇ ਭਾਰ ਘਟਦਾ ਹੈ, ਰਕਤ ਸੰਚਾਰ ਬਿਹਤਰ ਹੁੰਦਾ ਹੈ। ਇਹ ਪਾਚਣ ਤੰਤਰ ਨੂੰ ਸੁਧਾਰਦਾ ਹੈ, ਗੈਸ, ਬਦਹਜ਼ਮੀ ਅਤੇ ਕਬਜ਼ ਵਿਚ ਲਾਭਦਾਇਕ ਹੈ। ਇਸ ਦੀਆਂ ਜੜ੍ਹਾਂ ਦੇ 10-15 ਮਿਲੀਲਿਟਰ ਰਸ ਦਾ ਬਰਾਬਰ ਪਾਣੀ ਮਿਲਾ ਕੇ ਖਾਲੀ ਪੇਟ ਸੇਵਨ ਜਿਗਰ ਅਤੇ ਪਿੱਤੇ ਦੀ ਸਫਾਈ ਕਰਦਾ ਹੈ, ਉਨ੍ਹਾਂ ਦੇ ਕਾਰਜ ਨੂੰ ਮਜ਼ਬੂਤ ਕਰਦਾ ਹੈ ਅਤੇ ਪੀਲੀਏ ਦੀ ਬਿਮਾਰੀ ਤੋਂ ਬਚਾ ਕੇ ਰੱਖਦਾ ਹੈ। ਇਸ ਨਾਲ ਸਫੇਦ ਰਕਤ ਕਣਾਂ ਵਿਚ ਵਾਧਾ ਹੁੰਦਾ ਹੈ ਅਤੇ ਮਾਨਸਿਕ ਤਣਾਅ ਨੂੰ ਸਹਿਣ ਦੀ ਸ਼ਕਤੀ ਮਿਲਦੀ ਹੈ। ਇਹ ਸਰੀਰਕ ਸ਼ਕਤੀ ਨੂੰ ਬਣਾ ਕੇ ਰੱਖਦਾ ਹੈ।
ਸ਼ਹਿਦ ਜਾਂ ਕੋਸੇ ਪਾਣੀ ਨਾਲ ਪੁਨਰਨਵਾ ਦੇ 3-5 ਗ੍ਰਾਮ ਚੂਰਨ ਦਾ ਸੇਵਨ ਸਰੀਰ ਵਿਚ ਹੀਮੋਗਲੋਬਿਨ ਦੀ ਮਾਤਰਾ ਵਧਾਉਂਦਾ ਹੈ ਅਤੇ ਥਕਾਵਟ ਦੂਰ ਕਰਦਾ ਹੈ। ਇਸ ਨਾਲ ਖੰਘ ਸ਼ਾਂਤ ਹੁੰਦੀ ਹੈ, ਸਾਹ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ ਅਤੇ ਬਲਗਮ ਬਾਹਰ ਨਿਕਲਦੀ ਹੈ। ਪੁਨਰਨਵਾ ਸਰੀਰ ਵਿਚ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਰੱਖਣ ਵਿਚ ਵੀ ਸਹਾਇਕ ਹੈ, ਜਿਨ੍ਹਾਂ ਮਰੀਜ਼ਾਂ ਦੇ ਅੰਗ ਕੰਬਦੇ ਹਨ, ਉਨ੍ਹਾਂ ਲਈ ਇਹ ਪੌਦਾ ਗੁਣਕਾਰੀ ਹੈ।
ਪੁਨਰਨਵਾ ਦੇ ਪੱਤਿਆਂ ਦਾ ਰਸ ਸ਼ਹਿਦ ਵਿਚ ਪਾ ਕੇ ਅੱਖਾਂ ਤੇ ਲਾਉਣ ਨਾਲ ਅੱਖਾਂ ਦੀ ਪੁਰਾਣੀ ਸੋਜ (Chronic Opthalmia) ਅਤੇ ਮੋਤੀਆਬਿੰਦ ਵਿਚ ਲਾਭ ਮਿਲਦਾ ਹੈ। ਇਹ ਅੱਖਾਂ ਦੀ ਖਾਜ ਤੋਂ ਰਾਹਤ ਪ੍ਰਦਾਨ ਕਰਦਾ ਹੈ। ਇਸ ਦੇ ਚੂਰਨ ਨੂੰ ਸ਼ਹਿਦ ਜਾਂ ਦੁੱਧ ਵਿਚ ਮਿਲਾ ਕੇ ਜ਼ਖ਼ਮਾਂ 'ਤੇ ਲਾਉਣ ਨਾਲ ਜ਼ਖ਼ਮ ਛੇਤੀ ਭਰਦੇ ਹਨ। ਪੁਨਰਨਵਾ ਦਾ ਤੇਲ ਜੋੜਾਂ ਦੇ ਦਰਦ ਲਈ ਲਾਭਕਾਰੀ ਮੰਨਿਆ ਜਾਂਦਾ ਹੈ। 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਘੱਟ ਬਲੱਡ ਪ੍ਰੈਸ਼ਰ ਅਤੇ ਗੁਰਦੇ ਦੀ ਦਵਾਈ ਲੈਣ ਵਾਲੇ ਮਰੀਜ਼ਾਂ ਅਤੇ ਗਰਭਵਤੀ ਇਸਤਰੀਆਂ ਨੂੰ ਇਸ ਦੀ ਵਰਤੋਂ ਡਾਕਟਰ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ।
-ਮੋਬਾਈਲ : 85588-31900

ਪਿਛਲੀ ਖ਼ਬਰ ਮਨ, ਧਿਆਨ ਤੇ ਨੀਂਦ ਅਗਲੀ ਖ਼ਬਰ ਦਿਮਾਗ਼ ਬਾਰੇ ਲੋਕਾਂ ਦੇ ਭਰਮ-ਭੁਲੇਖੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।