ਸਰਘੀ ਬੜਿੰਗ ਇਕ ਅਜਿਹਾ ਨਾਂਅ ਹੈ, ਜਿਸਨੇ ਰੰਗਮੰਚ ਤੋਂ ਸਿਨੇਮਾ, ਅਦਾਕਾਰੀ ਤੋਂ ਨਿਰਦੇਸ਼ਨ, ਲਿਖਣ ਤੋਂ ਕਵਿਤਾ ਅਤੇ ਸੱਭਿਆਚਾਰਕ ਸਰਗਰਮੀਆਂ ਤੱਕ ਸਿਰਜਣਾਤਮਿਕ ਯਾਤਰਾ ਰਾਹੀਂ ਕਲਾ ਦੇ ਅਨੇਕ ਰੰਗਾਂ ਨੂੰ ਆਪਣੇ ਅੰਦਰ ਸਮੋਇਆ ਹੈ | ਕਲਾ ਉਸ ਲਈ ਸਿਰਫ਼ ਮੰਚ ਦੀਆਂ ਰੌਸ਼ਨੀਆਂ ਜਾਂ ਪਰਦੇ 'ਤੇ ਦਿਖਾਈ ਦੇਣ ਵਾਲਾ ਦਿ੍ਸ਼ ਨਹੀਂ, ਸਗੋਂ ਮਨੁੱਖੀ ਮਨ ਦੀਆਂ ਗਹਿਰੀਆਂ ਪਰਤਾਂ, ਸਮਾਜਿਕ ਹਕੀਕਤਾਂ ਅਤੇ ਜੀਵਨ ਦੇ ਵੱਖ-ਵੱਖ ਰੰਗਾਂ ਨਾਲ ਸੰਵਾਦ ਰਚਾਉਣ ਦਾ ਇਕ ਸੰਵੇਦਨਸ਼ੀਲ ਮਾਧਿਅਮ ਹੈ |

ਸਰਘੀ ਬੜਿੰਗ ਦੇ ਕਲਾਤਮਿਕ ਸਫ਼ਰ ਦੀ ਪਹਿਲੀ ਪੌੜੀ ਰੰਗਮੰਚ ਰਿਹਾ | ਲੰਮੇ ਸਮੇਂ ਤੱਕ ਰੰਗਮੰਚ ਨਾਲ ਜੁੜ ਕੇ ਉਨ੍ਹਾਂ ਨੇ ਸੈਂਕੜੇ ਪੇਸ਼ਕਾਰੀਆਂ ਵਿਚ ਹਿੱਸਾ ਲਿਆ | ਮੰਚ ਨੇ ਉਨ੍ਹਾਂ ਨੂੰ ਅਦਾਕਾਰੀ ਦੀਆਂ ਬਾਰੀਕੀਆਂ ਦੇ ਨਾਲ ਪਾਤਰ ਦੀ ਅੰਦਰੂਨੀ ਦੁਨੀਆ ਨੂੰ ਸਮਝਣ ਅਤੇ ਦਰਸ਼ਕ ਨਾਲ ਸਿੱਧਾ ਸੰਵਾਦ ਕਰਨ ਦੀ ਕਲਾ ਸਿਖਾਈ | ਰੰਗਮੰਚ ਤੋਂ ਮਿਲਿਆ ਇਹ ਤਜਰਬਾ ਬਾਅਦ ਵਿਚ ਉਸ ਦੇ ਫ਼ਿਲਮੀ ਸਫ਼ਰ ਦੀ ਮਜ਼ਬੂਤ ਨੀਂਹ ਬਣਿਆ | ਸਾਲ 2010 ਵਿਚ ਟੈਲੀਫ਼ਿਲਮ 'ਮਾਵੀਆਂ ਰੱਬ ਰਜਾਈਆਂ' ਵਿਚ ਮੁੱਖ ਅਦਾਕਾਰਾ ਵਜੋਂ ਕੰਮ ਕਰ ਕੇ ਉਸ ਨੇ ਪਰਦੇ 'ਤੇ ਆਪਣੀ ਮੌਜੂਦਗੀ ਦਰਜ ਕਰਵਾਈ | ਇਸ ਤੋਂ ਬਾਅਦ 'ਚੱਲ ਸੋ ਚੱਲ' ਸਮੇਤ ਵੱਖ-ਵੱਖ ਪ੍ਰਾਜੈਕਟਾਂ ਵਿਚ ਉਨ੍ਹਾਂ ਦੀ ਅਦਾਕਾਰੀ ਸਾਹਮਣੇ ਆਈ | ਸਾਲ 2016 ਵਿਚ ਪੰਜਾਬ ਵਿਚ ਵਾਪਰੀਆਂ ਅਸਲ ਅਪਰਾਧਿਕ ਘਟਨਾਵਾਂ 'ਤੇ ਆਧਾਰਿਤ 'ਵਾਰਦਾਤ ਨਸ਼ਾ' ਦੇ ਪਹਿਲੇ ਐਪੀਸੋਡ ਵਿਚ ਉਨ੍ਹਾਂ ਨੇ ਰਾਣਾ ਰਣਬੀਰ ਨਾਲ ਕੰਮ ਕੀਤਾ, ਜਿਸਦੀ ਦਮਦਾਰ ਸ਼ੈਲੀ ਨੇ ਉਸ ਨੂੰ ਸਿਰਕੱਢ ਅਦਾਕਰਾਂ ਦੀ ਕਤਾਰ ਵਿਚ ਸ਼ੁਮਾਰ ਕਰ ਦਿੱਤਾ | ਸਰਘੀ ਦਾ ਸਫ਼ਰ ਸਿਰਫ਼ ਅਦਾਕਾਰੀ ਤੱਕ ਸੀਮਤ ਨਹੀਂ ਰਿਹਾ | ਕੈਮਰੇ ਸਾਹਮਣੇ ਪਾਤਰਾਂ ਨੂੰ ਜਿਊਣ ਵਾਲੀ ਸਰਘੀ ਕੈਮਰੇ ਦੇ ਪਿੱਛੇ ਦੀ ਦੁਨੀਆ ਨੂੰ ਸਮਝਣ ਵੱਲ ਵੀ ਵਧੀ |
ਸਾਲ 2018 ਵਿਚ ਰਾਜਦੀਪ ਦੇ 'ਇਸ਼ਕ ਦੀ ਰੋਗੀ' ਅਤੇ ਗੁਰਦੀਪ ਸਵੱਦੀ ਦੇ 'ਭਾਗ ਸਿੰਘ' ਵਰਗੇ ਸੰਗੀਤ ਵੀਡੀਓਜ਼ ਦਾ ਨਿਰਦੇਸ਼ਨ ਕਰਕੇ ਉਨ੍ਹਾਂ ਨੇ ਨਿਰਦੇਸ਼ਨ ਦੇ ਖੇਤਰ ਵਿਚ ਆਪਣੀ ਪਛਾਣ ਹੋਰ ਮਜ਼ਬੂਤ ਕੀਤੀ | ਸਾਲ 2019 ਵਿਚ ਪੀ.ਟੀ.ਸੀ. ਪੰਜਾਬੀ ਅਤੇ ਮੰਗਲਾ ਰਿਕਾਰਡਜ਼ ਦੇ ਨਵੇਂ ਸਾਲ ਦੇ ਟੈਲੀਵਿਜ਼ਨ ਪ੍ਰੋਗਰਾਮ 'ਸੱਜਦਾ 2019' ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੇ ਨਿਭਾਈ | ਸਰਘੀ ਬੜਿੰਗ ਨੇ ਅਮਰਦੀਪ ਗਿੱਲ ਦੀ ਫ਼ਿਲਮ 'ਮਰਜਾਣੇ' ਵਿਚ ਸਹਾਇਕ ਨਿਰਦੇਸ਼ਕ ਵਜੋਂ ਸਰਘੀ ਦੀ ਸਿਰਜਣਾਤਮਕ ਸਮਰੱਥਾ ਜੱਗ ਜ਼ਾਹਿਰ ਹੈ | ਨਿਰਦੇਸ਼ਨ ਦੀ ਇਹ ਯਾਤਰਾ ਅੱਗੇ ਵੀ ਜਾਰੀ ਰਹੀ | ਇਸੇ ਸਫ਼ਰ 'ਚ ਉਸਨੇ 30 ਤੋਂ ਵਧੇਰੇ ਲਘੂ ਫ਼ਿਲਮਾਂ ਬੇ ਨਾਲ-ਨਾਲ 5 ਫੀਚਰ ਫ਼ਿਲਮਾਂ ਵਿਚ ਅਦਾਕਾਰੀ ਦੇ ਜਲਵੇ ਦਿਖਾਏ ਹਨ | ਸਰਘੀ ਬੜਿੰਗ ਦੇ ਕਲਾ ਸਫ਼ਰ 'ਚ ਕਵਿਤਾ ਅਤੇ ਸਾਹਿਤਕ ਸਰਗਰਮੀ ਦਾ ਵੀ ਵਿਸ਼ੇਸ਼ ਸਥਾਨ ਹੈ | ਉਸ ਦੀ ਦੀ ਕਵਿਤਾ ਵਿਚ ਜੀਵਨ, ਸਮਾਜ ਅਤੇ ਮਨੁੱਖੀ ਰਿਸ਼ਤਿਆਂ ਪ੍ਰਤੀ ਉਹੀ ਸੰਵੇਦਨਸ਼ੀਲਤਾ ਦਿਖਾਈ ਦਿੰਦੀ ਹੈ | ਸ਼ਬਦ ਉਸ ਲਈ ਸਿਰਫ਼ ਅਭਿਵਿਅਕਤੀ ਦਾ ਸਾਧਨ ਨਹੀਂ, ਸਗੋਂ ਅੰਦਰਲੇ ਅਹਿਸਾਸਾਂ ਨੂੰ ਆਵਾਜ਼ ਦੇਣ ਦਾ ਇਕ ਜ਼ਰੀਆ ਹਨ | ਇਸੇ ਲਈ ਉਸ ਦੀ ਕਲਮ ਵਿਚ ਨਿੱਜੀ ਅਨੁਭਵ ਦੇ ਨਾਲ ਸਮਾਜਕ ਚੇਤਨਾ ਦੀ ਝਲਕ ਵੀ ਮਿਲਦੀ ਹੈ | ਉਹ ਇਕ ਪ੍ਰੋੜ ਕਵਿੱਤਰੀ ਹੈ | ਸਰਘੀ ਬੜਿੰਗ ਦੀ ਸੱਭਿਆਚਾਰਕ ਸਰਗਰਮੀ ਮੰਚ ਅਤੇ ਪਰਦੇ ਤੋਂ ਕਿਤੇ ਵੱਧ ਵਿਸ਼ਾਲ ਹੈ | ਲੋਕ ਗੀਤਾਂ, ਲੋਕ ਬੋਲੀਆਂ ਅਤੇ ਲੋਕ ਨਾਚਾਂ ਪ੍ਰਤੀ ਉਸਦੀ ਦਿਲਚਸਪੀ ਪੰਜਾਬ ਦੀਆਂ ਸੱਭਿਆਚਾਰਕ ਜੜ੍ਹਾਂ ਨਾਲ ਡੂੰਘੀ ਸਾਂਝ ਦੀ ਗਵਾਹੀ ਭਰਦੀ ਹੈ |
-ਪ੍ਰਤੀਨਿਧ ਅਜੀਤ ਵੈੱਬ ਟੀ.ਵੀ., ਅਜੀਤ ਉਪ-ਦਫ਼ਤਰ ਜਗਰਾਉਂ |
ਮੋਬਾਈਲ : 98764-92410