![]()
ਇਤਿਹਾਸ ਨੂੰ ਜੇ ਅਸੀਂ ਧਿਆਨ ਨਾਲ ਵੇਖੀਏ ਤਾਂ ਇਹ ਸਾਫ਼ ਹੋ ਜਾਂਦਾ ਹੈ ਕਿ ਨਾਰੀ ਕੇਵਲ ਇਕ ਪਰਿਵਾਰ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਨਿਰਮਾਤਾ ਹੈ | ਉਸਦੇ ਹੋਂਦ ਤੋਂ ਬਿਨਾਂ ਮਨੁੱਖੀ ਸੱਭਿਆਚਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ | 'ਨਾਰੀ ਹਾਂ ਸਿਰਜਣਹਾਰੀ ਹਾਂ ਮੈਂ' ਸਿਰਫ਼ ਇਕ ਪੰਕਤੀ ਨਹੀਂ, ਬਲਕਿ ਨਾਰੀ ਦੇ ਆਤਮ-ਸਮਰਥਨ ਅਤੇ ਸਵੈ-ਮਾਣ ਦੀ ਸਚਾਈ ਹੈ | ਭਾਰਤੀ ਪਰੰਪਰਾ ਵਿਚ ਨਾਰੀ ਨੂੰ ਦੇਵੀ ਦੇ ਰੂਪ ਵਿਚ ਸਵੀਕਾਰਿਆ ਗਿਆ ਹੈ | ਰਾਜਨੀਤਿਕ ਖੇਤਰ ਰਾਣੀ ਲਕਸ਼ਮੀ ਬਾਈ ਤੋਂ ਲੈ ਕੇ ਅੱਜ ਤੱਕ ਅਨੇਕਾਂ ਔਰਤਾਂ ਨੇ ਆਪਣੀ ਪੈੜਾਂ ਦੇ ਨਿਸ਼ਾਨ ਛੱਡੇ ਹਨ | ਇਹ ਸਾਬਤ ਕੀਤਾ ਕਿ ਨਾਰੀ ਫ਼ੈਸਲੇ ਲੈਣ ਅਤੇ ਅਗਵਾਈ ਕਰਨ ਵਿਚ ਮਰਦਾਂ ਤੋਂ ਕਿਸੇ ਤਰ੍ਹਾਂ ਘੱਟ ਨਹੀਂ | ਸਿੱਖ ਇਤਿਹਾਸ ਵਿਚ ਮਾਈ ਭਾਗੋ ਦੀ ਬਹਾਦਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਨਾਰੀ ਜੰਗ ਦੇ ਮੈਦਾਨ ਵਿਚ ਵੀ ਅਡੋਲ ਖੜ੍ਹੀ ਰਹਿ ਸਕਦੀ ਹੈ | ਵਿਗਿਆਨ ਅਤੇ ਪੁਲਾੜ ਦੇ ਖੇਤਰ ਵਿਚ ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮਜ਼ ਵਰਗੀਆਂ ਅÏਰਤਾਂ ਨੇ ਆਪਣੇ ਸੁਪਨਿਆਂ ਨੂੰ ਹਕੀਕਤ ਬਣਾਇਆ ਅਤੇ ਸੰਸਾਰ ਭਰ ਦੀਆਂ ਅÏਰਤਾਂ ਲਈ ਪ੍ਰੇਰਨਾ ਦਾ ਸਰੋਤ ਬਣੀਆਂ ਹਨ | ਖੇਡਾਂ ਵਿਚ ਮੈਰੀ ਕਾਮ, ਪੀ.ਪੀ. ਊਸ਼ਾ, ਸਾਨੀਆ ਮਿਰਜ਼ਾ, ਹਰਮਨਪ੍ਰੀਤ ਅਤੇ ਅਨੇਕਾਂ ਹੋਰ ਔਰਤਾਂ ਨੇ ਕਈ ਵਾਰ ਵਿਸ਼ਵ ਖਿਤਾਬ ਜਿੱਤ ਕੇ ਇਹ ਦਰਸਾਇਆ ਕਿ ਨਾਰੀ ਵਿਚ ਅਸੀਮ ਸੰਭਾਵਨਾਵਾਂ ਹਨ |
ਸਾਹਿਤਕ ਅਤੇ ਸਮਾਜਿਕ ਖੇਤਰ ਵਿਚ ਵੀ ਨਾਰੀ ਨੇ ਆਪਣੀ ਅਲੱਗ ਪਹਿਚਾਣ ਬਣਾਈ ਹੈ | ਪੰਜਾਬੀ ਸਾਹਿਤ ਵਿਚ ਅਨੇਕਾਂ ਹੀ ਔਰਤ ਲੇਖਿਕਾਵਾਂ ਨੇ ਆਪਣੀ ਕਲਮ ਰਾਹੀਂ ਔਰਤ ਦੇ ਮਨ ਦੀ ਆਵਾਜ਼ ਨੂੰ ਸੰਸਾਰ ਤੱਕ ਪਹੁੰਚਾਇਆ |
ਫਿਰ ਵੀ ਇਹ ਕੌੜੀ ਹਕੀਕਤ ਹੈ ਕਿ ਅੱਜ ਵੀ ਕਈ ਥਾਵਾਂ 'ਤੇ ਨਾਰੀ ਨੂੰ 'ਅਬਲਾ' ਕਹਿ ਕੇ ਉਸਦੀ ਸਮਰੱਥਾ ਨੂੰ ਘਟਾਇਆ ਜਾਂਦਾ ਹੈ | ਕਈ ਸਮਾਜਿਕ ਬੁਰਾਈਆਂ–ਜਿਵੇਂ ਦਾਜ ਪ੍ਰਥਾ, ਲਿੰਗ-ਭੇਦ, ਘਰੇਲੂ ਹਿੰਸਾ, ਜਬਰ ਜਨਾਹ ਵਰਗੇ ਕੁਕਰਮ ਅਜੇ ਵੀ ਮੌਜੂਦ ਹਨ | ਪਰ ਆਧੁਨਿਕ ਨਾਰੀ ਹੁਣ ਚੁੱਪ ਨਹੀਂ ਰਹਿੰਦੀ | 'ਨਾ ਹੀ ਅਬਲਾ ਤੇ ਨਾ ਹੀ ਵਿਚਾਰੀ ਹਾਂ ਮੈਂ' ਦਾ ਭਾਵ ਇਹ ਹੈ ਕਿ ਨਾਰੀ ਆਪਣੀ ਕਮਜ਼ੋਰੀ ਦੀ ਮਿਥਕ ਨੂੰ ਤੋੜ ਰਹੀ ਹੈ | ਉਹ ਆਪਣੇ ਫ਼ੈਸਲੇ ਖੁਦ ਲੈਂਦੀ ਹੈ, ਆਪਣੇ ਸੁਪਨਿਆਂ ਦੀ ਪੂਰੀ ਕਰਨ ਲਈ ਦਿ੍ੜ੍ਹਤਾ ਨਾਲ ਅੱਗੇ ਵਧਦੀ ਹੈ | ਅੱਜ ਦੀ ਨਾਰੀ ਡਾਕਟਰ, ਇੰਜੀਨੀਅਰ, ਅਧਿਆਪਕਾ, ਪਾਇਲਟ, ਵਿਗਿਆਨੀ, ਉਦਯੋਗਪਤੀ ਅਤੇ ਪ੍ਰਸ਼ਾਸਕ ਦੇ ਰੂਪ ਵਿਚ ਸਮਾਜ ਦੀ ਰੀੜ੍ਹ ਦੀ ਹੱਡੀ ਬਣੀ ਹੋਈ ਹੈ |
ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਨਾਰੀ ਨੂੰ ਦਇਆ ਜਾਂ ਹਮਦਰਦੀ ਦੇ ਨਜ਼ਰੀਏ ਨਾਲ ਨਹੀਂ, ਸਗੋਂ ਸਮਾਨਤਾ ਅਤੇ ਸਨਮਾਨ ਦੇ ਨਜ਼ਰੀਏ ਨਾਲ ਵੇਖੀਏ | ਘਰ ਅਤੇ ਸਮਾਜ ਵਿਚ ਉਸ ਦੀ ਭੂਮਿਕਾ ਨੂੰ ਮਾਨਤਾ ਦੇਣੀ ਚਾਹੀਦੀ ਹੈ | ਕਾਨੂੰਨੀ ਹੱਕਾਂ ਦੇ ਨਾਲ-ਨਾਲ ਮਨੋਵਿ੍ਤੀ ਵਿਚ ਬਦਲਾਅ ਵੀ ਲਾਜ਼ਮੀ ਹੈ | ਪੁੱਤਰ ਅਤੇ ਧੀ ਵਿਚ ਭੇਦਭਾਵ ਖਤਮ ਕਰਨਾ, ਸਿੱਖਿਆ ਦੇ ਸਮਾਨ ਮੌਕੇ ਦੇਣਾ ਅਤੇ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰਨਾ ਸਮਾਜ ਦੀ ਜ਼ਿੰਮੇਵਾਰੀ ਹੈ | ਨਾਰੀ ਸਿਰਜਣਹਾਰ ਹੈ—ਉਹ ਜੀਵਨ ਦੀ ਧਾਰਾ ਨੂੰ ਅੱਗੇ ਵਧਾਉਂਦੀ ਹੈ, ਸੰਸਕਾਰਾਂ ਦੀ ਜੋਤ ਜਗਾਉਂਦੀ ਹੈ ਅਤੇ ਸਮਾਜ ਨੂੰ ਮਾਨਵੀ ਮੁੱਲਾਂ ਨਾਲ ਜੋੜਦੀ ਹੈ | ਉਸਦੀ ਅੰਦਰੂਨੀ ਤਾਕਤ, ਸਹਿਨਸ਼ੀਲਤਾ ਅਤੇ ਪ੍ਰੇਰਕ ਆਤਮਾ ਉਸਨੂੰ ਵਿਲੱਖਣ ਬਣਾਉਂਦੇ ਹਨ | ਸਮਾਂ ਆ ਗਿਆ ਹੈ ਕਿ ਅਸੀਂ ਨਾਰੀ ਦੀ ਇਸ ਅਸਲ ਪਹਿਚਾਣ ਨੂੰ ਸਵੀਕਾਰ ਕਰੀਏ ਅਤੇ ਉਸਦੇ ਯੋਗਦਾਨ ਨੂੰ ਸਨਮਾਨ ਦਈਏ |
ਅੰਤ ਵਿਚ, 'ਨਾਰੀ ਹਾਂ ਸਿਰਜਣਹਾਰੀ ਹਾਂ ਮੈਂ' ਕੇਵਲ ਕਵਿਤਾ ਦੀ ਪੰਕਤੀ ਨਹੀਂ, ਬਲਕਿ ਹਰ ਔਰਤ ਦੀ ਆਵਾਜ਼ ਹੈ | ਇਹ ਸਨੇਹਾ ਦਿੰਦੀ ਹੈ ਕਿ ਉਹ ਨਾ ਅਬਲਾ ਹੈ, ਨਾ ਵਿਚਾਰੀ; ਉਹ ਸ਼ਕਤੀ, ਸਿਰਜਣ ਅਤੇ ਪ੍ਰਗਤੀ ਦੀ ਮੂਰਤ ਹੈ | ਜਦੋਂ ਨਾਰੀ ਅੱਗੇ ਵਧਦੀ ਹੈ ਤਾਂ ਸਮਾਜ ਅਤੇ ਦੇਸ਼ ਵੀ ਤਰੱਕੀ ਦੇ ਰਾਹ 'ਤੇ ਅੱਗੇ ਵਧਦੇ ਹਨ | ਇਸ ਲਈ ਆਓ, ਇਸ ਆਜ਼ਾਦੀ ਦਿਵਸ 'ਤੇ ਨਾਰੀ ਦਾ ਸਨਮਾਨ ਕਰੀਏ, ਉਸਦੀ ਸਮਰੱਥਾ ਨੂੰ ਪਹਿਚਾਣੀਏ ਅਤੇ ਉਸਦੇ ਨਾਲ ਕਦਮ ਮਿਲਾ ਕੇ ਇਕ ਸੁੰਦਰ ਅਤੇ ਸਮਾਨਤਾ ਭਰਿਆ ਸਮਾਜ ਸਿਰਜੀਏ |
-ਐਚ.ਐਮ.ਵੀ. ਕਾਲਜ,
ਜਲੰਧਰ