29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਢਲਦੀ ਉਮਰ 'ਚ ਵਗਦਾ ਸਿਆਣਪ ਦਾ ਦਰਿਆ

ਅਜੀਤ ਡੈਸਕ 02-04-2026

ਜਦੋਂ ਸਿਰ ਦੇ ਵਾਲ ਚਿੱਟੇ ਹੋ ਜਾਣ ਅਤੇ ਚਿਹਰੇ 'ਤੇ ਝੁਰੜੀਆਂ ਆਉਣ ਲੱਗ ਪੈਣ ਤਾਂ ਲੋਕ ਸਮਝ ਲੈਂਦੇ ਹਨ ਕਿ ਜ਼ਿੰਦਗੀ ਹੁਣ ਬੁਢਾਪੇ ਵੱਲ ਜਾ ਰਹੀ ਹੈ। ਪਰ ਇਹ ਝੁਰੜੀਆਂ ਦਰਅਸਲ ਤਜਰਬਿਆਂ ਦੀਆਂ ਲਕੀਰਾਂ ਹੁੰਦੀਆਂ ਹਨ, ਜੋ ਇਕ ਸੰਘਰਸ਼ਮਈ ਅਤੇ ਕਾਮਯਾਬ ਜੀਵਨ ਦੀ ਕਹਾਣੀ ਸੁਣਾਉਂਦੀਆਂ ਹਨ।
ਆਮ ਤੌਰ 'ਤੇ ਜਦੋਂ ਕਿਸੇ ਦੀ ਉਮਰ 60 ਸਾਲ ਤੋਂ ਉੱਪਰ ਹੋ ਜਾਵੇ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਹੁਣ ਇਹ ਜੀਵਨ ਦੇ ਅੰਤਲੇ ਪੜਾਅ 'ਚ ਦਾਖਲ ਹੋ ਗਿਆ ਹੈ। ਪਰ ਜੇ ਅਸੀਂ ਗਹਿਰਾਈ ਨਾਲ ਸੋਚੀਏ ਤਾਂ ਬਜ਼ੁਰਗ ਹੋਣਾ ਜਾਂ ਢਲਦੀ ਉਮਰ ਤਾਂ ਸਿਖਰ ਦੇ ਉਸ ਉੱਚੇ ਮੁਕਾਮ 'ਤੇ ਖੜ੍ਹੀ ਹੁੰਦੀ ਹੈ, ਜਿਥੇ ਇਨਸਾਨ ਦੀ ਲੰਮੀ ਅਤੇ ਸੰਘਰਸ਼ ਭਰੀ ਜ਼ਿੰਦਗੀ ਦੁੱਖ-ਸੁੱਖ ਨੂੰ ਆਪਣੇ ਪਿੰਡੇ 'ਤੇ ਹੰਢਾਅ ਚੁੱਕੀ ਹੁੰਦੀ ਹੈ। ਹਰੇਕ ਮਨੁੱਖ ਨੂੰ ਇਹ ਮੰਜ਼ਿਲ ਨਸੀਬ ਨਹੀਂ ਹੁੰਦੀ। ਇਸ ਲਈ ਜੋ ਲੋਕ ਇਸ ਉਮਰ ਤੱਕ ਪਹੁੰਚਦੇ ਹਨ, ਉਹ ਅਸਲ 'ਚ ਭਾਗਾਂ ਵਾਲੇ ਹੀ ਹੁੰਦੇ ਹਨ।
ਸਕੂਲ ਅਤੇ ਕਾਲਜ ਦੀ ਪੜ੍ਹਾਈ, ਇਮਤਿਹਾਨਾਂ ਦੀ ਚਿੰਤਾ ਅਤੇ ਭਵਿੱਖ ਦਾ ਫ਼ਿਕਰ ਮਨ ਨੂੰ ਘੇਰੀ ਰੱਖਦਾ ਹੈ। ਜਵਾਨੀ ਵਿਚ ਰੁਜ਼ਗਾਰ ਦੀ ਭਾਲ, ਘਰ-ਪਰਿਵਾਰ ਦੀ ਜ਼ਿੰਮੇਵਾਰੀ ਅਤੇ ਸਮਾਜ ਵਿਚ ਆਪਣੀ ਪਛਾਣ ਬਣਾਉਣ ਦਾ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। 40 ਅਤੇ 50 ਦੀ ਉਮਰ ਵਿਚ ਆਰਥਿਕ ਅਤੇ ਪਰਿਵਾਰਕ ਦਬਾਅ ਵਧ ਜਾਂਦੇ ਹਨ। ਇਸ ਸਾਰੀ ਦੌੜ-ਭੱਜ ਵਿਚ ਮਨੁੱਖ ਆਪਣੇ ਲਈ ਸਮਾਂ ਕੱਢਣਾ ਭੁੱਲ ਹੀ ਜਾਂਦਾ ਹੈ।
ਪਰ ਜਦੋਂ ਮਨੁੱਖ 60 ਸਾਲ ਦੀ ਉਮਰ ਪਾਰ ਕਰਦਾ ਹੈ ਤਾਂ ਜੀਵਨ ਦਾ ਇਕ ਨਵਾਂ ਅਧਿਆਇ ਸ਼ੁਰੂ ਹੁੰਦਾ ਹੈ। ਇਹ ਅਧਿਆਇ ਉਸ ਆਜ਼ਾਦੀ ਦਾ ਦਰਵਾਜ਼ਾ ਹੁੰਦਾ ਹੈ। ਜਿਥੇ ਹੁਣ ਨਾ ਇਮਤਿਹਾਨਾਂ ਦੀ ਚਿੰਤਾ ਰਹਿੰਦੀ ਹੈ, ਨਾ ਆਪਣੇ ਕਿੱਤੇ ਦੀ ਟੈਨਸ਼ਨ। ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਵਿਆਹਾਂ ਦੀਆਂ ਜ਼ਿੰਮੇਵਾਰੀਆਂ ਵੀ ਅਕਸਰ ਪੜਾਅ 'ਤੇ ਨਿੱਭ ਚੁੱਕੀਆਂ ਹੁੰਦੀਆਂ ਹਨ। ਭਾਵ ਜੀਵਨ ਦੀ ਦੌੜ ਤੋਂ ਹਟ ਕੇ ਮਨੁੱਖ ਆਪਣੇ ਅੰਦਰ ਝਾਤ ਮਾਰ ਸਕਦਾ ਹੈ।
ਬਜ਼ੁਰਗਾਂ ਨਾਲ ਬੈਠ ਕੇ ਗੱਲਾਂ ਕਰਨ ਨਾਲ ਗੂਗਲ ਵਾਂਗ ਜੀਵਨ ਦੀ ਸਿਆਣਪ ਮਿਲਦੀ ਹੈ। ਉਹ ਆਪਣੇ ਤਜਰਬਿਆਂ ਨਾਲ ਨਵੀਂ ਪੀੜ੍ਹੀ ਨੂੰ ਸਹੀ ਰਾਹ ਵਿਖਾਉਂਦੇ ਹਨ। ਉਨ੍ਹਾਂ ਦੀਆਂ ਸਲਾਹਾਂ ਵਿਚ ਸਮੇਂ ਦੀ ਕਸੌਟੀ 'ਤੇ ਖਰੇ ਉਤਰੇ ਸਬਕ ਹੁੰਦੇ ਹਨ। ਇਸ ਲਈ ਬਜ਼ੁਰਗ ਸਮਾਜ ਦੀ ਧਰੋਹਰ ਹਨ। ਉਹ ਪਰਿਵਾਰ ਲਈ ਇਕ ਦਰੱਖਤ ਵਾਂਗ ਹਨ, ਜਿਸ ਦੀ ਛਾਂ ਹੇਠਾਂ ਬੱਚੇ ਅਤੇ ਨੌਜਵਾਨ ਇਕ ਅਜਿਹਾ ਆਰਾਮ ਮਹਿਸੂਸ ਕਰਦੇ ਹਨ, ਜੋ ਕਿਸੇ ਧਨ-ਦੌਲਤ ਨਾਲ ਖਰੀਦਿਆ ਨਹੀਂ ਜਾ ਸਕਦਾ।
ਬਜ਼ੁਰਗ ਹੋਣਾ ਕਿਸੇ ਵੀ ਤਰ੍ਹਾਂ ਦਾ ਸ਼ਰਾਪ ਨਹੀਂ। ਇਹ ਜੀਵਨ ਦੀ ਲੰਮੀ ਯਾਤਰਾ ਦਾ ਇਕ ਸਨਮਾਨਿਤ ਪੜਾਅ ਹੈ। ਜੋ ਮਨੁੱਖ ਇਸ ਮੰਜ਼ਿਲ ਤੱਕ ਪਹੁੰਚਦਾ ਹੈ, ਉਹ ਅਸਲ ਵਿਚ ਜੀਵਨ ਦੇ ਸਿਖ਼ਰ 'ਤੇ ਖੜ੍ਹਾ ਹੁੰਦਾ ਹੈ। ਲੋੜ ਸਿਰਫ਼ ਇਹ ਹੈ ਕਿ ਅਸੀਂ ਇਸ ਪੜਾਅ ਨੂੰ ਸਵੀਕਾਰ ਕਰੀਏ ਅਤੇ ਮਾਣ ਨਾਲ ਆਖੀਏ ਕਿ ਸਾਡੇ ਬਜ਼ੁਰਗ ਹੀ ਸਮਾਜ ਦੀ ਸਭ ਤੋਂ ਵੱਡੀ ਦੌਲਤ ਹਨ।

-ਕੇ.ਐਮ.ਵੀ. ਕਾਲਜੀਏਟ,
ਨੀਅਰ ਸੈਕੰਡਰੀ ਸਕੂਲ,
ਜਲੰਧਰ।

ਪਿਛਲੀ ਖ਼ਬਰ ਫਰਿੱਜ ਦਾ ਇਸਤੇਮਾਲ ਕਿੰਝ ਕਰੀਏ ਅਗਲੀ ਖ਼ਬਰ ਉਮਰ ਦਾ ਹਰ ਪੜਾਅ ਖ਼ੂਬਸੂਰਤ ਹੈ ਜੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।