30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸਿੱਖ ਨਸਲਕੁਸ਼ੀ : ਨਵੰਬਰ 84 ਵਿਆਪਕਤਾ ਤੇ ਅਣਛੋਹੇ ਪਹਿਲੂ

ਸਿੱਖ ਨਸਲਕੁਸ਼ੀ : ਨਵੰਬਰ 84 ਵਿਆਪਕਤਾ ਤੇ ਅਣਛੋਹੇ ਪਹਿਲੂ

ਅਜੀਤ ਡੈਸਕ 30-11-2026

ਨਵੰਬਰ 1984 ਦੀ ਸਿੱਖ ਨਸਲਕੁਸ਼ੀ ਬਾਰੇ ਗੱਲ ਕਰਦਿਆਂ ਬਹੁਤੇ ਲੋਕਾਂ ਨੂੰ  ਇਹੋ ਲੱਗਦਾ ਹੈ ਕਿ ਇਹ ਮਾਰੂ ਵਰਤਾਰਾ ਕੇਵਲ ਦਿੱਲੀ, ਕਾਨਪੁਰ ਜਾਂ ਬੋਕਾਰੋ ਤੱਕ ਸੀਮਤ ਸੀ, ਜਦਕਿ ਇਸ ਦੀ ਵਿਆਪਕਤਾ ਇਸ ਤੋਂ ਕਿਤੇ ਵੱਡੀ ਸੀ | ਸਾਡੀ 'ਸਿੱਖ ਨਸਲਕੁਸ਼ੀ ਦਾ ਖੁਰਾ ਖੋਜ' ਸਿਰਲੇਖ ਵਾਲੀ ਖੋਜ 'ਚ ਹੁਣ ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਤੋਂ ਇਲਾਵਾ 21 ਰਾਜਾਂ ਦੇ 500 ਤੋਂ ਵੱਧ ਸ਼ਹਿਰਾਂ ਦੀ ਨਿਸ਼ਾਨਦੇਹੀ ਹੋ ਚੁੱਕੀ ਹੈ, ਜਿੱਥੇ ਇਹ ਫਿਰਕੂ ਵਰਤਾਰਾ ਵਾਪਰਿਆ ਸੀ | ਇਹ ਖੋਜ ਉਸ ਬਿ੍ਤਾਂਤ ਨੂੰ  ਤੋੜਦੀ ਹੈ ਕਿ ਸਿੱਖ ਨਸਲਕੁਸ਼ੀ ਦਾ  ਵਰਤਾਰਾ ਸਿਰਫ਼ ਦਿੱਲੀ ਜਾਂ ਇਸ ਦੇ ਨੇੜਲੀਆਂ ਥਾਵਾਂ ਤੱਕ ਸੀਮਿਤ ਸੀ | ਨਸਲਕੁਸ਼ੀ ਨੂੰ  ਕਈ ਵਾਰ ਵੱਡਾ ਕਤਲੇਆਮ ਹੀ ਸਮਝ ਲਿਆ ਜਾਂਦਾ ਹੈ¢ ਪਰ ਇਸ ਸ਼ਬਦ ਨੂੰ  ਘੜਨ ਵਾਲੇ ਰਾਫ਼ੇਲ ਲੈਮਕਿਨ ਲਿਖਦੇ ਹਨ ਕਿ 'ਨਸਲਕੁਸ਼ੀ' ਇੱਕਾ-ਦੁੱਕਾ ਦਿਨਾਂ ਦਾ ਖ਼ੂਨ-ਖ਼ਰਾਬਾ ਨਹੀਂ ਹੁੰਦੀ¢ ਇਹ ਵੱਖ-ਵੱਖ ਕਾਰਵਾਈਆਂ ਦੇ ਆਪਸੀ ਤਾਲਮੇਲ ਵਾਲੀ ਵਿਉਂਤਬੰਦੀ ਹੁੰਦੀ ਹੈ, ਜਿਨ੍ਹਾਂ ਦਾ ਨਿਸ਼ਾਨਾ ਕਿਸੇ ਕੌਮ ਦੀਆਂ ਬੁਨਿਆਦਾਂ  (ਸਿਆਸੀ ਤੇ ਸਮਾਜੀ ਸੰਸਥਾਵਾਂ, ਬੋਲੀ, ਧਰਮ, ਸੱਭਿਆਚਾਰ, ਆਰਥਿਕ ਹੋਂਦ, ਭਾਈਚਾਰੇ ਦੇ ਮੈਂਬਰਾਂ ਦੀ ਜਾਨ, ਅਣਖ, ਆਜ਼ਾਦੀ ਤੇ ਇੱਜ਼ਤ ਆਦਿ) ਹੁੰਦੀਆਂ ਹਨ | ਸਿੱਖ ਨਸਲਕੁਸ਼ੀ ਨੂੰ  ਇਸ ਕਸੌਟੀ 'ਤੇ ਪਰਖੀਏ ਤਾਂ ਤਸਵੀਰ ਸਾਫ਼ ਹੋ ਜਾਂਦੀ ਹੈ ਕਿ ਨਿਸ਼ਾਨਾ ਸਿਰਫ਼ ਸਿੱਖਾਂ ਦੀ ਜਾਨ ਜਾਂ ਸਰੀਰਾਂ ਤੱਕ ਸੀਮਿਤ ਨਹੀਂ ਸੀ | 

ਗੁਰਦੁਆਰਿਆਂ ਦੀ ਭੰਨ-ਤੋੜ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾੜਨ ਤੇ ਗੁਰਦੁਆਰਿਆਂ ਨੂੰ  ਮੰਦਰਾਂ 'ਚ ਤਬਦੀਲ ਕਰਨ ਦੀਆਂ ਘਟਨਾਵਾਂ ਗਵਾਲੀਅਰ ਦੇ ਫੂਲ ਬਾਗ, ਗੋਲੇ ਕਾ ਮੰਦਰ, ਹਜੀਰਾਂ, ਮੁਰੈਨਾ, ਪਊਆ ਸਾਹਿਬ ਸਭ ਥਾਵਾਂ 'ਤੇ ਇਕੋ ਤਰੀਕੇ ਨਾਲ ਵਾਪਰੀਆਂ ਸਨ | ਜਦੋਂ ਘਟਨਾਵਾਂ ਵਾਪਰਨ ਦੇ ਤਰੀਕੇ ਤੇ ਵਿਧੀ ਇਕੋ ਜਿਹੀ ਹੋਵੇ, ਤਾਂ ਉਦੋਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਘਟਨਾਵਾਂ ਪਿਛਲੇ ਹਮਲਾਵਰ ਤੱਤ ਵਿਉਂਤਬੰਦ ਸਨ, ਇਸੇ ਲਈ ਅਨੇਕਾਂ ਥਾਵਾਂ ਤੇ ਗੁਰਦੁਆਰੇ ਹਮਲਾਵਰਾਂ ਦੇ ਨਿਸ਼ਾਨੇ 'ਤੇ ਰਹੇ | ਸਿੱਖਾਂ ਨੂੰ  ਮਾਨਸਿਕ ਤੌਰ 'ਤੇ ਤੋੜਨ ਦੀਆਂ ਇਨ੍ਹਾਂ ਕਾਰਵਾਈਆਂ 'ਚ ਹਮਲਾਵਰਾਂ ਵਲੋਂ ਉਨ੍ਹਾਂ ਦੇ ਕਕਾਰ (ਕੇਸਾਂ) ਨੂੰ  ਕਤਲ ਕਰਨਾ ਵੀ ਸ਼ਾਮਿਲ ਸੀ, ਕਈ ਥਾਵਾਂ 'ਤੇ ਹਮਲਾਵਰਾਂ ਨੇ ਖੁਦ ਸਿੱਖਾਂ ਦੇ ਕੇਸ ਕੱਟੇ ਜਾਂ ਨਾਈਆਂ ਨੂੰ  ਨਾਲ ਲੈ ਕੇ ਗਏ ਸੀ | ਅਨੇਕਾਂ ਥਾਵਾਂ 'ਤੇ ਸਿੱਖਾਂ ਦੇ ਕਾਰੋਬਾਰ ਲੁੱਟੇ/ਸਾੜੇ ਗਏ ਜਾਂ ਉਨ੍ਹਾਂ 'ਤੇ ਕਬਜ਼ੇ ਕਰ ਲਏ ਗਏ¢ ਮਿਸਾਲ ਵਜੋਂ ਮੱਧ ਪ੍ਰਦੇਸ਼ ਦੇ ਇੰਦੌਰ 'ਚ ਗੁਰੂ ਨਾਨਕ ਟਿੰਬਰ ਮਾਰਕੀਟ ਸਿੱਖਾਂ ਦੇ ਲੱਕੜ ਕਾਰੋਬਾਰ ਦਾ ਗੜ੍ਹ ਹੁੰਦੀ ਸੀ, ਉਸ ਮਾਰਕੀਟ 'ਚ ਸਿੱਖਾਂ ਦੀਆਂ ਦੁਕਾਨਾਂ 'ਚੋਂ ਲੱਕੜ ਲੁੱਟੀ ਤੇ ਸਾੜੀ ਗਈ | ਉਸ ਵੇਲੇ ਮਾਰਕੀਟ 'ਚ ਸਿੱਖਾਂ ਦੀਆਂ 50 ਤੋਂ ਵੱਧ ਲੱਕੜ ਦੀਆਂ ਦੁਕਾਨਾਂ ਸਨ, ਜਿਨ੍ਹਾਂ 'ਚੋਂ ਹੁਣ ਸਿੱਖਾਂ ਕੋਲ ਸਿਰਫ਼ 15 ਦੁਕਾਨਾਂ ਹੀ ਹਨ¢ ਇੰਦੌਰ ਦੇ ਕੁਲੈਕਟਰ ਵਲੋਂ ਜਾਰੀ ਹੋਈ ਇਕ ਸੂਚੀ ਮੁਤਾਬਿਕ ਉਸ ਵੇਲੇ 3 ਦਿਨਾਂ ਦੌਰਾਨ ਇੰਦੌਰ ਦੇ 648 ਸਿੱਖਾਂ ਦਾ 4,47,50,248 ਰੁਪਏ ਦਾ ਨੁਕਸਾਨ ਹੋਇਆ | ਇੰਦੌਰ ਦੇ ਬੱਸ ਅੱਡੇ ਨੇੜਲੇ ਇਲਾਕੇ 'ਪ੍ਰਧਾਨ ਜੀ ਕੀ ਚਾਲ' 'ਚ ਸਿੱਖਾਂ ਦੇ 40 ਘਰ ਹੁੰਦੇ ਸਨ | ਹਮਲਾਵਰਾਂ ਨੇ ਇਨ੍ਹਾਂ ਸਾਰੇ ਘਰਾਂ ਨੂੰ  ਸਾੜਨ ਉਪਰੰਤ ਉਸ ਇਲਾਕੇ 'ਤੇ ਕਬਜ਼ਾ ਕਰ ਲਿਆ ਸੀ ਤੇ ਅੱਜ ਵੀ ਉਹ ਘਰ ਸਥਾਨਕ ਲੋਕਾਂ ਦੇ ਕਬਜ਼ੇ 'ਚ ਹੀ ਹਨ | 
ਅਨੇਕਾਂ ਅਜਿਹੇ ਕੇਸ ਹਨ, ਜੋ ਜਾਂ ਤਾਂ ਪੁਲਿਸ ਨੇ ਦਰਜ ਨਹੀਂ ਕੀਤੇ ਜਾਂ ਸਹਿਮੇ ਹੋਏ ਸਿੱਖਾਂ ਨੇ ਦਰਜ ਹੀ ਨਹੀਂ ਕਰਵਾਏ | ਪਰ ਕਈ ਹੋਰ ਸ਼ਹਿਰਾਂ ਵਿਚ ਵੀ ਸਿੱਖਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਸੀ |  ਜ਼ਿਕਰਯੋਗ ਹੈ ਕਿ ਸਿੱਖ ਨਸਲਕੁਸ਼ੀ ਦੇ ਇਸ ਵਰਤਾਰੇ ਦੀ ਅਗਵਾਈ ਕਿਸੇ ਇਕ ਸਿਆਸੀ ਪਾਰਟੀ ਤੱਕ ਸੀਮਿਤ ਨਹੀਂ ਸੀ | ਕਾਂਗਰਸ ਤੋਂ ਇਲਾਵਾ, ਭਾਜਪਾ, ਆਰ.ਐਸ.ਐਸ. ਤੇ ਹੋਰ ਧਿਰਾਂ ਦੇ ਕਾਰਕੁੰਨ ਵੀ ਇਨ੍ਹਾਂ ਹਮਲਿਆਂ 'ਚ ਸ਼ਾਮਿਲ ਸਨ | ਜਿਵੇਂ-ਬੋਕਾਰੋ ਹਮਲੇ 'ਚ ਹਮਲਾਵਰਾਂ ਦੀ ਅਗਵਾਈ ਕਾਂਗਰਸੀ ਆਗੂ ਪੀ.ਐਨ. ਤਿਵਾੜੀ ਤੇ ਭਾਜਪਾ ਵਿਧਾਇਕ ਸ਼ਮਰੇਸ਼ ਸਿੰਘ ਨੇ ਕੀਤੀ ਸੀ | ਇੱਥੇ ਜ਼ਿਆਦਾਤਰ ਪ੍ਰਭਾਵਿਤ ਸਿੱਖ ਹਮਲੇ ਵਾਲੇ ਇਲਾਕੇ 'ਚ ਇੱਕਾ-ਦੁੱਕਾ ਪਰਿਵਾਰ ਸਨ ਜਾਂ ਇਨ੍ਹਾਂ ਹਮਲਿਆਂ ਦੀ ਕਨਸੋਅ ਮਿਲਣ ਦੇ ਬਾਵਜੂਦ ਆਪਣੇ ਬਚਾਅ ਲਈ ਕੋਈ ਤਿਆਰੀ ਨਹੀਂ ਕਰ ਸਕੇ ਸਨ | ਜਿੱਥੇ-ਜਿੱਥੇ ਵੀ ਸਿੱਖਾਂ ਨੇ ਮੁਕਾਬਲਾ ਕੀਤਾ ਜਾਂ ਤਿਆਰੀ ਰੱਖੀ, ਉਨ੍ਹਾਂ ਥਾਵਾਂ 'ਤੇ ਨੁਕਸਾਨ ਵੀ ਘੱਟ ਹੋਇਆ | ਸਿੱਖਾਂ ਦੇ ਮੁਕਾਬਲਾ ਕਰਨ ਜਾਂ ਤਿਆਰੀ ਰੱਖਣ ਨਾਲ ਹੋਏ ਬਚਾਅ ਦੇ ਅਨੇਕਾਂ ਵੇਰਵੇ ਮਿਲੇ ਹਨ | ਬਹੁਤੀਆਂ ਥਾਵਾਂ 'ਤੇ ਪ੍ਰਸ਼ਾਸਨ ਦੀ ਹਮਲਾਵਰਾਂ ਨੂੰ  ਸ਼ਹਿ ਮਿਲੀ ਤਾਂ ਕੁਝ ਥਾਵਾਂ 'ਤੇ ਸੁਹਿਰਦ ਅਫ਼ਸਰਾਂ ਦੀ ਕਾਰਗੁਜ਼ਾਰੀ ਕਾਰਨ ਵੱਡਾ ਬਚਾਅ ਵੀ ਹੋਇਆ | ਮਿਸਾਲ ਦੇ ਤੌਰ 'ਤੇ ਗੋਮੋਹ ਦੇ ਤਤਕਾਲੀ ਥਾਣੇਦਾਰ ਸ਼ੰਭੂ ਸਿੰਘ ਵਲੋਂ ਹਾਲਾਤ ਵਿਗੜਨ ਸਾਰ ਸ਼ਹਿਰ 'ਚ ਪੈਰਵੀ ਕਰਨ 'ਤੇ ਸਿੱਖਾਂ ਦਾ ਵੱਡਾ ਬਚਾਅ ਹੋ ਗਿਆ |
ਜਿੱਥੇ-ਜਿੱਥੇ ਸਿੱਖ ਅਫ਼ਸਰ ਤਾਇਨਾਤ ਸਨ, ਉਨ੍ਹਾਂ ਥਾਵਾਂ 'ਤੇ ਵੀ ਸਿੱਖਾਂ ਦਾ ਕਾਫੀ ਬਚਾਅ ਹੋਇਆ | ਤਾਮਿਲਨਾਡੂ ਦੇ ਮਦੁਰਈ ਦੇ ਤਤਕਾਲੀ ਕੁਲੈਕਟਰ ਉਜਾਗਰ ਸਿੰਘ ਤੇ ਮੰਡੀ ਦੀ ਤਤਕਾਲੀ ਉਪ ਕਮਿਸ਼ਨਰ ਰਾਜਵੰਤ ਕੌਰ ਦੇ ਯਤਨਾਂ ਸਦਕਾ ਰਾਜ 'ਚ ਕਈ ਥਾਵਾਂ 'ਤੇ ਸਿੱਖਾਂ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ, ਜਦਕਿ ਆਂਢ-ਗੁਆਂਢ ਦੇ ਇਲਾਕਿਆਂ 'ਚ  ਬਚਾਅ ਤੇ ਹਮਲਿਆਂ ਦਾ ਸਿਲਸਿਲਾ ਰਲਵਾਂ ਜਿਹਾ ਰਿਹਾ | ਇਸ ਸਾਰੇ ਵਰਤਾਰੇ ਦੌਰਾਨ  ਇਕ ਗੱਲ ਬਹੁਤ ਅਹਿਮ ਰਹੀ ਕਿ ਗੁਰਦੁਆਰਿਆਂ ਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਿੱਖਾਂ ਦਾ ਕਮਾਲ ਦਾ ਸਮਰਪਣ ਵੇਖਣ ਨੂੰ  ਮਿਲਿਆ | ਜੋਗਿੰਦਰ ਨਗਰ ਦੇ ਗੁਰਦੁਆਰਾ ਸਾਹਿਬ ਨੂੰ  ਜਦੋਂ ਹਮਲਾਵਰਾਂ ਨੇ ਅੱਗ ਲਗਾ ਦਿੱਤੀ ਤਾਂ ਸਥਾਨਕ ਸਿੱਖ ਮੋਹਨ ਸਿੰਘ ਦੇ ਪਰਿਵਾਰ ਨੇ ਗੁਰਦੁਆਰਾ ਸਾਹਿਬ ਅੰਦਰੋਂ ਗੁਰੂ ਗ੍ਰੰਥ ਸਾਹਿਬ ਦੇ 7 ਸਰੂਪ ਬਾਹਰ ਕੱਢ ਲਿਆਂਦੇ ਸਨ | ਇਸ ਦੌਰਾਨ ਜਦੋਂ ਮੋਹਨ ਸਿੰਘ ਪਾਵਨ ਸਰੂਪ ਬਾਹਰ ਕੱਢ ਕੇ ਲਿਆਉਂਦਾ ਤਾਂ ਉਸ ਦੀ ਘਰ ਵਾਲੀ ਉਸ 'ਤੇ ਪਾਣੀ ਸੁੱਟ ਕੇ ਕੱਪੜੇ ਗਿੱਲੇ ਕਰਦੀ ਰਹੀ ਤੇ ਉਹ ਬਲਦੀ ਅੱਗ 'ਚ ਗੁਰਦੁਆਰਾ ਸਾਹਿਬ ਅੰਦਰ ਜਾ ਕੇ ਪਾਵਨ ਸਰੂਪ ਬਾਹਰ ਲੈ ਕੇ ਆਉਂਦੇ ਰਹੇ | ਇੰਝ ਮੋਹਨ ਸਿੰਘ ਗੁਰਦੁਆਰਾ ਸਾਹਿਬ ਨੂੰ  ਲੱਗੀ ਅੱਗ ਦੌਰਾਨ ਅੰਦਰੋਂ 7 ਪਾਵਨ ਸਰੂਪ ਬਾਹਰ ਲੈ ਕੇ ਆਉਣ 'ਚ ਕਾਮਯਾਬ ਹੋ ਸਕਿਆ ਸੀ | ਗ੍ਰੈਗਰੀ ਐੱਚ ਸਟੈਂਟਨ ਅਨੁਸਾਰ ਨਸਲਕੁਸ਼ੀ ਦਾ ਆਖਰੀ ਪੜਾਅ ਮੁਕਰਨਾ ਹੈ, ਜੋ ਨਸਲਕੁਸ਼ੀ ਦੇ ਸਭ ਤੋਂ ਪੱਕੇ ਸੰਕੇਤਾਂ 'ਚੋਂ ਇਕ ਹੈ | ਸਿੱਖ ਇਸ ਪੀੜ ਨੂੰ  ਅੱਜ ਵੀ ਮਹਿਸੂਸ ਕਰਦੇ ਹਨ ਕਿ ਅਜੇ ਤੱਕ ਕਿਸੇ ਵੀ ਸਰਕਾਰ ਨੇ ਇਨ੍ਹਾਂ ਮਾਨਵਤਾ ਵਿਰੋਧੀ ਹਮਲਿਆਂ ਨੂੰ  ਨਸਲਕੁਸ਼ੀ ਵਜੋਂ ਨਹੀਂ ਕਬੂਲਿਆ, ਜਿਸ ਦੌਰਾਨ ਹਜ਼ਾਰਾਂ ਸਿੱਖ ਮਾਰੇ ਗਏ, ਪਰ ਗੁਨਾਹਗਾਰਾਂ ਨੂੰ  ਬਣਦੀ ਸਜ਼ਾ ਨਹੀਂ ਦਿੱਤੀ ਗਈ | ਇਜ਼ਰਾਈਲ ਚਾਰਨੀ ਅਨੁਸਾਰ ਨਸਲਕੁਸ਼ੀ ਦੌਰਾਨ ਮਿ੍ਤਕਾਂ ਦੀ ਗਿਣਤੀ ਘਟਾ ਕੇ ਦੱਸਣੀ, ਕਾਤਲਾਂ ਦੀ ਬਜਾਏ ਪੀੜਤਾਂ ਨੂੰ  ਹੀ ਦੋਸ਼ੀ ਠਹਿਰਾੳਾਦਿਆ 'ਹੁਣ ਅੱਗੇ ਵਧੋ' ਦੀ ਨਸੀਹਤ ਦੇਣੀ ਸੱਚਾਈ ਨੂੰ  ਅਣਡਿੱਠ ਕਰਨਾ ਹੈ | ਭਾਰਤ ਦੀਆਂ ਸਿਆਸੀ ਧਿਰਾਂ ਤੇ ਸਰਕਾਰ ਅਧੀਨ ਸੰਸਥਾਵਾਂ ਦੀ ਕਾਰਗੁਜ਼ਾਰੀ ਹਮੇਸ਼ਾ ਸੱਚਾਈ ਤੋਂ ਮੁੱਕਰਨ ਵਾਲੀ ਰਹੀ ਹੈ | ਨਸਲਕੁਸ਼ੀ ਵਰਗੇ ਗੰਭੀਰ ਵਰਤਾਰੇ 'ਤੇ ਪ੍ਰਭਾਵਿਤ ਲੋਕਾਂ ਤੇ ਹੋਰਾਂ ਦਾ ਚੁੱਪ ਵੱਟਣਾ ਠੀਕ ਨਹੀਂ ਹੈ | ਨੋਬਲ ਇਨਾਮ ਪ੍ਰਾਪਤ ਕਰਦਿਆਂ ਐਲੀ ਵੀਜ਼ਲ ਨੇ ਸੱਚ ਹੀ ਆਖਿਆ ਸੀ ਕਿ 'ਚੁੱਪ ਜ਼ਾਲਮ ਨੂੰ  ਹੱਲਾਸ਼ੇਰੀ ਦਿੰਦੀ ਹੈ, ਕਦੇ ਵੀ ਮਜ਼ਲੂਮ ਨੂੰ  ਨਹੀਂ |' ਸਾਡਾ ਖੋਜ ਕਾਰਜ ਉਸ ਚੁੱਪ ਨੂੰ  ਤੋੜਨ ਦਾ ਹੀ ਯਤਨ ਹੈ¢ ਇਤਿਹਾਸ ਦੀਆਂ ਇਨ੍ਹਾਂ ਘਟਨਾਵਾਂ ਦਾ ਵਿਸ਼ਲੇਸ਼ਣ ਮਜ਼ਲੂਮ ਤੇ ਪ੍ਰਭਾਵਿਤ ਕੌਮਾਂ ਵਾਸਤੇ ਇਤਿਹਾਸ 'ਚੋਂ ਸਿੱਖਣ ਲਈ ਲਾਹੇਵੰਦ ਹੋ ਸਕਦਾ ਹੈ |

-ਮੋਬਾਈਲ : +91 62392-79237 

ਪਿਛਲੀ ਖ਼ਬਰ ਕਵੀ ਸੁੱਖਾ ਸਿੰਘ ਦੀ ਅਹਿਮ ਰਚਨਾ ਗੁਰਬਿਲਾਸ ਪਾਤਿਸਾਹੀ ਦਸਮੀ ਅਗਲੀ ਖ਼ਬਰ Giani Kuldeep Singh Gargaj Reaches Kartarpur Sahib | ਬਾਬੇ ਨਾਨਕ ਨੇ ਬਿਤਾਏ ਸਨ ਜੀਵਨ ਦੇ ਆਖਰੀ ਪਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।