ਗਵਾਲੀਅਰ ਨੂੰ ਮੱਧ ਪ੍ਰਦੇਸ਼ ਦੀ ਸੱਭਿਆਚਾਰਕ ਰਾਜਧਾਨੀ ਵੀ ਕਿਹਾ ਜਾਂਦਾ ਹੈ | ਇਹ ਤਾਨਸੇਨ ਦਾ ਜਨਮ ਸਥਾਨ ਹੈ, ਜਿਸ ਨੂੰ ਅਕਬਰ ਬਾਦਸ਼ਾਹ ਦੇ 9 ਰਤਨਾਂ 'ਚੋਂ ਇਕ ਕਿਹਾ ਜਾਂਦਾ ਹੈ | ਇੱਥੇ ਰੇਲਵੇ ਸਟੇਸ਼ਨ ਤੋਂ ਮਹਿਜ਼ 6 ਕਿ.ਮੀ. ਦੂਰ ਕਿਲ੍ਹੇ 'ਤੇ 'ਗੁਰਦੁਆਰਾ ਦਾਤਾ ਬੰਦੀ ਛੋੜ' ਸੁਸ਼ੋਭਿਤ ਹੈ | ਇਸ ਸਥਾਨ ਨੂੰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ |

ਉੱਤਰੀ ਭਾਰਤ 'ਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਦਿਨੋ-ਦਿਨ ਲੋਕਪਿ੍ਅਤਾ ਵਧ ਰਹੀ ਸੀ | ਇਹ ਖ਼ਬਰ ਵੀ ਚਾਰੇ ਪਾਸੇ ਫੈਲ ਗਈ ਸੀ ਕਿ ਧਰਮ ਦੀ ਰੱਖਿਆ ਲਈ ਇਕ ਨਵੀਂ ਕਿਸਮ ਦੀ ਫ਼ੌਜ ਤਿਆਰ ਕੀਤੀ ਜਾ ਰਹੀ ਹੈ | ਲੋਹਗੜ੍ਹ ਕਿਲ੍ਹੇ ਦੇ ਬਣ ਜਾਣ ਕਾਰਨ ਵੀ ਇਹ ਸੁਨਿਸਚਿਤ ਹੋ ਗਿਆ ਸੀ ਕਿ ਇਹ ਫ਼ੌਜ ਕਿਸੇ ਅੱਗੇ ਨਹੀਂ ਝੁਕੇਗੀ | ਪਿ੍ੰਸੀਪਲ ਸਤਬੀਰ ਸਿੰਘ ਆਪਣੀ ਪੁਸਤਕ 'ਗੁਰ ਭਾਰੀ-ਜੀਵਨੀ ਗੁਰੂ ਹਰਿਗੋਬਿੰਦ ਸਾਹਿਬ ਜੀ' ਵਿਚ ਲਿਖਦੇ ਹਨ ਕਿ ਜਹਾਂਗੀਰ ਤੱਕ ਖ਼ਬਰਾਂ ਪੁੱਜਦੀਆਂ ਰਹੀਆਂ ਤੇ ਖ਼ਬਰਾਂ ਪਹੁੰਚਾਉਣ ਵਾਲੇ ਚੰਦੂ ਮਿਹਰਬਾਨ ਤੇ ਲਾਹੌਰ ਦੇ ਕੁਝ ਮੁਸਲਮਾਨ ਸਨ | ਮੁਰਤਜਾ ਖ਼ਾਂ ਦੇ ਪੰਜਾਬ ਦਾ ਗਵਰਨਰ ਬਣਨ ਨਾਲ ਦੋਖੀ ਹੋਰ ਵੀ ਤਕੜੇ ਹੋ ਗਏ ਸਨ | ਮੁਰਤਜਾ ਖ਼ਾਂ ਨੇ ਜਹਾਂਗੀਰ ਕੋਲ ਇਹ ਖ਼ਬਰ ਭੇਜ ਦਿੱਤੀ ਕਿ ਇਕ ਚੌਂਤਰੇ ਦਾ ਨਾਂਅ ਅਕਾਲ ਤਖ਼ਤ ਰੱਖ ਕੇ ਉੱਥੇ ਦੀਵਾਨ ਲਾ ਕੇ ਹਾਕਮਾਂ ਵਾਂਗ ਝਗੜਿਆਂ ਦਾ ਨਿਬੇੜਾ ਕੀਤਾ ਜਾ ਰਿਹਾ ਹੈ | ਸ਼ਸਤਰ ਵਿੱਦਿਆ ਪ੍ਰਾਪਤ ਕਰਨ ਦਾ ਉਪਦੇਸ਼ ਤੇ ਜੰਗੀ ਫ਼ੌਜੀ ਸਨਮਾਨ ਇਕੱਠਾ ਕੀਤਾ ਜਾ ਰਿਹਾ ਹੈ | ਨਿੱਤ ਪ੍ਰਤੀ ਜੀਵਨ ਵਿਚ ਆਈ ਤਬਦੀਲੀ ਨਾਲ ਆਮ ਸਿੱਖ ਵੀ ਹੈਰਾਨ, ਪਰ ਖੁਸ਼ ਸਨ | ਇਸ ਲਈ ਮੁਗ਼ਲੀਆ ਸਲਤਨਤ ਦਾ ਖ਼ਫ਼ਾ ਹੋਣਾ ਵੀ ਜਾਇਜ਼ ਸੀ | ਇਹ ਸਭ ਕਾਰਨਾਂ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਿ੍ਫ਼ਤਾਰ ਕਰਕੇ ਗਵਾਲੀਅਰ ਦੇ ਕਿਲ੍ਹੇ 'ਚ ਭੇਜ ਦਿੱਤਾ ਗਿਆ, ਪੂਰੇ ਭਾਰਤ 'ਚ ਗਵਾਲੀਅਰ ਦਾ ਕਿਲ੍ਹਾ ਬਦਨਾਮ ਸੀ, ਕਿਉਂਕਿ ਉੱਥੇ ਕੋਈ ਵੀ ਕੈਦੀ ਜ਼ਿੰਦਾ ਵਾਪਸ ਨਹੀਂ ਸੀ ਮੁੜਦਾ | ਉਸ ਵੇਲੇ ਇਸ ਕਿਲ੍ਹੇ ਵਿਚ ਰਾਜਸੀ ਕੈਦੀ ਰੱਖੇ ਜਾਂਦੇ ਸਨ | ਗੁਰੂ ਜੀ ਦੇ ਕਿਲ੍ਹੇ ਵਿਚ ਆਉਣ ਨਾਲ ਉੱਥੇ ਬੰਦ ਕੀਤੇ 52 ਹਿੰਦੂ ਰਾਜਿਆਂ ਨੂੰ ਆਤਮਿਕ ਸਹਾਰਾ ਮਿਲਿਆ, ਕਿਉਂਕਿ ਗੁਰੂ ਜੀ ਦੇ ਗਿਆਨ ਉਪਦੇਸ਼ ਨਾਲ ਰਾਜੇ ਬਹੁਤ ਪ੍ਰਭਾਵਿਤ ਹੋਏ ਸਨ | ਗੁਰੂ ਜੀ ਨੇ ਜੇਲ੍ਹ ਦੀ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ ਪਰ ਜੇਲ੍ਹ ਦੇ ਦਰੋਗਾ ਹਰੀ ਦਾਸ ਨੇ ਗੁਰੂ ਜੀ ਲਈ ਘਰੋਂ ਰੋਟੀ ਮੰਗਵਾਉਣ ਦੀ ਆਗਿਆ ਲੈ ਲਈ, ਪਰ ਗੁਰੂ ਜੀ ਅਲੂਣੀ ਰੋਟੀ ਹੀ ਖਾਂਦੇ ਰਹੇ | ਚੰਦੂ ਨੇ ਮੌਕਾ ਤਾੜ ਕੇ ਗੁਰੂ ਜੀ ਲਈ ਜ਼ਹਿਰ ਵਾਲਾ ਚੋਲਾ ਆਪਣੇ ਪੁੱਤਰ ਧਰਮ ਚੰਦ ਦੇ ਰਾਹੀਂ ਦਰੋਗਾ ਹਰੀ ਦਾਸ ਕੋਲ ਭੇਜਿਆ, ਨਾਲ ਹੀ ਲਾਲਚ ਦਿੱਤੇ ਤੇ ਜਹਾਂਗੀਰ ਦੀ ਮਰਜ਼ੀ ਵੀ ਦੱਸੀ | ਪਰ ਦਰੋਗਾ ਹਰੀ ਦਾਸ ਗੁਰੂ ਜੀ ਪ੍ਰਤੀ ਸ਼ਰਧਾ ਰੱਖਦਾ ਸੀ | ਉਸ ਨੇ ਉਹ ਚੋਲਾ ਆਪਣੇ ਕੋਲ ਰੱਖਿਆ ਤੇ ਗੁਰੂ ਜੀ ਨੂੰ ਸੁਚੇਤ ਕਰ ਦਿੱਤਾ | ਆਪਣੀ ਸ਼ਰਤ 'ਤੇ ਜਦੋਂ ਗੁਰੂ ਜੀ 52 ਹਿੰਦੂ ਰਾਜਿਆਂ ਨੂੰ ਆਪਣੀ ਸ਼ਾਹੀ ਪੁਸ਼ਾਕ ਦਾ ਪੱਲਾ ਫੜਾ ਕੇ ਬਾਹਰ ਆਏ ਤਾਂ ਸਭ ਤੋਂ ਪਹਿਲਾਂ ਸ਼ਬਦ 'ਦਾਤਾ ਬੰਦੀ ਛੋੜ ਗੁਰੂ' ਦਰੋਗਾ ਹਰੀ ਦਾਸ ਨੇ ਹੀ ਵਰਤਿਆ ਸੀ, ਕਿਉਂਕਿ ਉਹ ਗੁਰੂ ਜੀ ਦਾ ਬੜਾ ਸ਼ਰਧਾਲੂ ਸੀ | ਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋਣ ਤੋਂ ਬਾਅਦ ਇਕ ਦਿਨ ਹੋਰ ਗਵਾਲੀਅਰ ਸ਼ਹਿਰ ਵਿਚ ਰੁਕੇ | ਦੀਵਾਲੀ ਵਾਲੇ ਦਿਨ ਗੁਰੂ ਜੀ ਅੰਮਿ੍ਤਸਰ ਵਿਖੇ ਪੁੱਜੇ, ਜਿੱਥੇ ਲੋਕਾਂ ਨੇ ਦੀਪਮਾਲਾ ਕਰਕੇ ਗੁਰੂ ਜੀ ਦਾ ਸਵਾਗਤ ਕੀਤਾ ਤੇ ਖੁਸ਼ੀ ਮਨਾਈ | ਇਹ ਮਾਣ ਗਾਥਾ ਰੋਜ਼ਾਨਾ ਸੰਧਿਆ ਵੇਲੇ ਰਾਜਾ ਮਾਨ ਸਿੰਘ ਦੇ ਕਿਲ੍ਹੇ ਅਤੇ ਮੱਧ ਪ੍ਰਦੇਸ਼ ਦੇ ਸੈਰ ਸਪਾਟਾ ਵਿਭਾਗ ਵਲੋਂ ਸ਼ਾਮੀ ਦੱਸੀ ਜਾਂਦੀ ਹੈ | ਪੁਰਾਤਨ ਸਮੇਂ ਕਿਲ੍ਹੇ 'ਤੇ ਇਕ ਛੋਟਾ ਜਿਹਾ ਚਬੂਤਰਾ ਬਣਿਆ ਹੁੰਦਾ ਸੀ | 1964 ਵਿਚ ਜਦੋਂ ਬਲਦੇਵ ਸਿੰਘ ਕੁਲੈਕਟਰ ਬਣ ਕੇ ਇੱਥੇ ਆਏ ਤਾਂ ਉਨ੍ਹਾਂ ਦੇ ਯਤਨਾਂ ਨਾਲ 1968 ਵਿਚ ਗੁਰਦੁਆਰਾ ਸਾਹਿਬ ਦੀ ਸੇਵਾ ਸ਼ੁਰੂ ਹੋਈ | ਉਸ ਵੇਲੇ ਖਡੂਰ ਸਾਹਿਬ ਤੋਂ ਬਾਬਾ ਉੱਤਮ ਸਿੰਘ, ਬਾਬਾ ਅਮਰ ਸਿੰਘ ਤੇ ਬਾਬਾ ਹਰਭਜਨ ਸਿੰਘ ਇੱਥੇ ਮੱਸਿਆ ਵਾਲੇ ਦਿਨ ਆਉਂਦੇ ਰਹੇ ਸਨ | ਇਸ ਪ੍ਰਕਾਰ ਇੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਤੇ ਸਮੇਂ ਦੇ ਨਾਲ ਇਹ ਗੁਰਦੁਆਰਾ ਸਾਹਿਥ ਅਤਿ ਸੁੰਦਰ ਬਣ ਗਿਆ | ਵਰਤਮਾਨ ਵਿਚ 'ਪਦਮਸ੍ਰੀ' ਬਾਬਾ ਸੇਵਾ ਸਿੰਘ ਇਸ ਅਸਥਾਨ ਦੀ ਸੇਵਾ-ਸੰਭਾਲ ਦੇਖ ਰਹੇ ਹਨ | ਉਹ ਹਰ ਮੱਸਿਆ 'ਤੇ ਆਉਂਦੇ ਹਨ | ਇਸ ਤੋਂ ਇਲਾਵਾ ਗਵਾਲੀਅਰ ਦੇ ਆਲੇ-ਦੁਆਲੇ ਸ਼ਿਓਪੁਰ, ਦਸੋਂਧੀ, ਅਸ਼ੋਕ ਨਗਰ, ਡਬਰਾ, ਹਰਿਗੋਬਿੰਦਪੁਰ ਆਦਿ ਥਾਵਾਂ 'ਤੇ ਗੁਰਦੁਆਰਾ ਦਾਤਾ ਬੰਦੀ ਛੋੜ ਦੇ ਪ੍ਰਬੰਧ ਹੇਠ ਕਈ ਵਿੱਦਿਅਕ ਸੰਸਥਾਵਾਂ ਚੱਲ ਰਹੀਆਂ ਹਨ |
ਸਥਾਨਕ ਪ੍ਰਬੰਧ ਬਾਬਾ ਲੱਖਾ ਸਿੰਘ ਦੇਖ ਰਹੇ ਹਨ | ਬਾਬਾ ਸੇਵਾ ਸਿੰਘ ਵਾਤਾਵਰਨ ਪ੍ਰਤੀ ਬੜੇ ਸੁਚੇਤ ਹਨ ਤਾਂ ਹੀ ਉਨ੍ਹਾਂ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਤੋਂ ਹੁਣ ਤੱਕ ਲਗਭਗ 376 ਜੰਗਲ ਲਗਾਏ ਜਾ ਚੁੱਕੇ ਹਨ ਅਤੇ ਥਾਂ-ਥਾਂ 'ਤੇ ਜੰਗਲ ਤੇ ਹੋਰ ਬੂਟੇ ਲਾਉਣ ਲਈ ਸਰਗਮਰ ਹਨ | ਉਹ ਨਿਸ਼ਾਨ-ਏ-ਸਿੱਖੀ ਅਕੈਡਮੀ ਖਡੂਰ ਸਾਹਿਬ ਤੋਂ ਅਕਾਦਮਿਕ ਖੇਤਰ ਵਿਚ ਬੜਾ ਵਧੀਆ ਕੰਮ ਕਰ ਰਹੇ ਹਨ | ਬਾਬਾ ਸੇਵਾ ਸਿੰਘ ਅਨੁਸਾਰ ਤਿੰਨ ਦਿਨਾ ਜੋੜ ਮੇਲਾ 8 ਅਕਤੂਬਰ ਤੋਂ 10 ਅਕਤੂਬਰ ਤੱਕ ਗਵਾਲੀਅਰ ਦੇ ਕਿਲ੍ਹੇ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿਚ ਪੰਥ ਦੀਆਂ ਮਹਾਨ ਹਸਤੀਆਂ, ਰਾਗੀ, ਢਾਡੀ ਤੇ ਕਥਾਕਾਰ, ਜਿਨ੍ਹਾਂ ਵਿਚ ਭਾਈ ਸਤਨਾਮ ਸਿੰਘ ਕਥਾਵਾਚਕ ਤਖ਼ਤ ਸ੍ਰੀ ਪਟਨਾ ਸਾਹਿਬ ਵਾਲੇ, ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਢਾਡੀ ਜਥਾ ਮੇਜਰ ਸਿੰਘ ਸੁਲਤਾਨਪੁਰ ਲੋਧੀ ਵਾਲੇ ਪੁੱਜ ਰਹੇ ਹਨ | 6ਵੀਂ ਮਹਾਨ ਪੈਦਲ ਯਾਤਰਾ, ਜੋ ਕਿ 9 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਈ ਸੀ, 7 ਅਕਤੂਬਰ ਨੂੰ 29 ਦਿਨਾਂ ਦਾ ਸਫ਼ਰ ਤੈਅ ਕਰਕੇ ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਵਿਖੇ ਪੁੱਜੇਗੀ | ਸਮਾਗਮ ਵਿਚ ਮੱਧ ਪ੍ਰਦੇਸ਼ ਤੋਂ ਇਲਾਵਾ ਰਾਜਸਥਾਨ, ਮਹਾਰਾਸ਼ਟਰ, ਪੰਜਾਥ ਤੇ ਹਰਿਆਣੇ ਤੋਂ ਵੀ ਵੱਡੀ ਗਿਣਤੀ ਵਿਚ ਸੰਗਤਾਂ ਪੁੱਜਦੀਆਂ ਹਨ |
-ਪੱਤਰ ਪ੍ਰੇਰਕ, ਇੰਦੌਰ (ਮੱਧ ਪ੍ਰਦੇਸ਼) |
ਮੋਬਾਈਲ : 98933-65855
ਈਮੇਲ : shairy.rs0gmail.com