05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪੰਜਾਬ ਦਾ ਮਾਣ ਹੈ ਬਾਬਾ ਫ਼ਰੀਦ ਮੇਲਾ

ਪੰਜਾਬ ਦਾ ਮਾਣ ਹੈ ਬਾਬਾ ਫ਼ਰੀਦ ਮੇਲਾ

ਅਜੀਤ ਡੈਸਕ 05-10-2026

ਪੰਜਾਬ ਦੇ ਮੇਲਿਆਂ 'ਚ ਬਾਬਾ ਫ਼ਰੀਦ ਮੇਲੇ ਦਾ ਵਿਸ਼ੇਸ਼ ਸਥਾਨ ਹੈ | ਪਿਛਲੇ ਚਾਰ ਦਹਾਕਿਆਂ ਤੋਂ ਫ਼ਰੀਦਕੋਟ ਵਿਖੇ ਹਰ ਸਾਲ 19 ਤੋਂ 23 ਸਤੰਬਰ ਤੱਕ ਮਨਾਏ ਜਾਂਦੇ ਇਸ ਮੇਲੇ 'ਚ ਕਈ ਰੰਗ ਸ਼ਾਮਿਲ ਹੋਏ | ਵੱਡੇ ਪੱਧਰ 'ਤੇ ਬਾਬਾ ਫ਼ਰੀਦ ਮੇਲਾ 1986 ਵਿਚ ਪੰਜਾਬ ਸਰਕਾਰ ਵਲੋਂ ਮਨਾਉਣਾ ਸ਼ੁਰੂ ਕੀਤਾ ਗਿਆ ਸੀ, ਜਦੋਂ ਪੰਜਾਬ ਅਮਨ-ਕਾਨੂੰਨ ਦੇ ਨਾਜ਼ੁਕ ਹਾਲਾਤ ਵਿਚ ਸੀ |

ਪੰਜਾਬ ਅੰਦਰ ਸਥਾਈ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਰਾਜ ਸਰਕਾਰ ਨੇ ਬੁੱਧੀਜੀਵੀਆਂ ਨਾਲ ਸਲਾਹ ਮਸ਼ਵਰਾ ਕਰਕੇ ਪੰਜਾਬ ਅੰਦਰ ਮੇਲੇ ਕਰਾਉਣ ਦੀ ਸ਼ੁਰੂਆਤ ਕੀਤੀ | ਪੰਜਾਬ 'ਚ ਪਹਿਲਾ ਮੇਲਾ ਬਾਬਾ ਸ਼ੇਖ਼ ਫ਼ਰੀਦ ਜੀ ਦੀ ਯਾਦ ਵਿਚ ਕਰਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ | ਬਾਬਾ ਫ਼ਰੀਦ ਮੇਲੇ 'ਤੇ ਧਾਰਮਿਕ, ਸੱਭਿਆਚਾਰਕ ਅਤੇ ਖੇਡਾਂ ਦੇ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਹਨ | ਧਾਰਮਿਕ ਸਮਾਗਮਾਂ ਨੂੰ  ਬਾਬਾ ਫ਼ਰੀਦ ਵਿੱਦਿਅਕ ਤੇ ਧਾਰਮਿਕ ਸੁਸਾਇਟੀ, ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡਾਂ ਖੇਡ ਕਲੱਬਾਂ ਸੰਭਾਲਦੀਆਂ ਹਨ | ਮੇਲੇ ਵਿਚ ਵਿਰਾਸਤ-ਏ-ਕਾਫ਼ਲਾ, ਤਰਕਸ਼ੀਲ ਨਾਟਕ, ਪੇਂਟਿੰਗ ਵਰਕਸ਼ਾਪ, ਕੌਮੀ ਨਾਚ ਅਤੇ ਡਰਾਮਾ ਫੈਸਟੀਵਲ ਦਰਸ਼ਕਾਂ ਦੀ ਖਿੱਚ ਦੇ ਕੇਂਦਰ ਬਣਦੇ ਹਨ | ਮੇਲੇ ਵਿਚ ਵੱਖ-ਵੱਖ ਖੇਡਾਂ ਜਿਵੇਂ ਹਾਕੀ, ਫੁੱਟਬਾਲ, ਬਾਸਕਟਬਾਲ, ਸ਼ੂਟਿੰਗ, ਵਾਲੀਬਾਲ, ਕਬੱਡੀ, ਕੁਸ਼ਤੀਆਂ ਅਤੇ ਵਿਸ਼ੇਸ਼ ਤੌਰ 'ਤੇ ਗਤਕਾ ਮੁਕਾਬਲੇ ਮੇਲੇ ਦੀ ਰੌਣਕ ਨੂੰ  ਹੋਰ ਵਧਾਉਂਦੇ ਹਨ | ਮੇਲੇ ਵਿਚ ਵਿਰਾਸਤ-ਏ-ਕਾਫ਼ਲੇ ਵਿਚ ਜ਼ਿਲ੍ਹੇ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਕਲਾਕਾਰਾਂ, ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਨੂੰ  ਦਰਸਾਉਂਦੀਆਂ ਕਲਾਤਮਿਕ ਵੰਨਗੀਆਂ ਪੇਸ਼ ਕੀਤੀਆਂ ਜਾਂਦੀਆਂ ਹਨ | ਉੱਤਰਾਖੰਡ ਤੋਂ ਛਪੇਲੀ, ਕਸ਼ਮੀਰ ਤੋਂ ਰਾਊਫ਼, ਪੱਛਮੀ ਬੰਗਾਲ ਤੋਂ ਪਰੂਲੀਆ ਛਾਓ, ਹਰਿਆਣਾ ਤੋਂ ਫੱਗ, ਪੰਜਾਬ ਤੋਂ ਗਤਕਾ, ਓਡੀਸ਼ਾ ਦਾ ਸੰਬਲਪੁਰੀ, ਗੁਜਰਾਤ ਤੋਂ ਮੇਵਾਸੀ ਕੌਮੀ ਨਾਚਾਂ ਨੇ ਸਭ ਦਾ ਧਿਆਨ ਖਿੱਚਿਆ | ਸੂਫ਼ੀਆਨਾ ਸ਼ਾਮ 'ਚ ਦਰਸ਼ਨਜੀਤ, ਸਿਕੰਦਰ ਸਲੀਮ ਤੇ ਅਲਾਪ ਸਿਕੰਦਰ ਨੇ ਹਾਜ਼ਰੀ ਭਰੀ | ਸਟਾਰ ਨਾਈਟ 'ਚ ਗਾਇਕ ਕੁਲਵਿੰਦਰ ਬਿੱਲਾ ਨੇ ਗਾਇਕੀ ਦੇ ਜੌਹਰ ਦਿਖਾਏ | ਇਸ ਵਾਰ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਵਲੋਂ ਪਸ਼ੂ ਧਨ ਮੇਲਾ ਕਰਾਇਆ ਗਿਆ, ਜਿਸ ਵਿਚ ਪੰਜਾਬ ਤੇ ਬਾਹਰਲੇ ਸੂਬਿਆਂ ਦੇ ਪਸ਼ੂਪਾਲਕ ਮੱਝਾਂ, ਗਾਵਾਂ, ਕੁੱਤੇ ਤੇ ਨਸਲੀ ਘੋੜੇ ਮੇਲੇ ਵਿਚ ਲੈ ਕੇ ਆਏ | ਮੇਲੇ ਵਿਚ ਭਾਸ਼ਾ ਵਿਭਾਗ ਪੰਜਾਬ ਵਲੋਂ ਸਾਹਿਤ ਉਤਸਵ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿਚ ਰਾਜ ਪੱਧਰੀ ਕਵੀ ਦਰਬਾਰ ਕਰਾਇਆ ਗਿਆ | ਸੂਬੇ ਭਰ ਦੇ ਕੋਨੇ-ਕੋਨੇ ਤੋਂ ਆਏ ਕਵੀਆਂ ਨੇ ਵੱਖ-ਵੱਖ ਵੰਨਗੀਆਂ ਦੀ ਕਾਵਿ ਰਚਨਾਵਾਂ ਰਾਹੀਂ ਸਾਹਿਤ ਉਤਸਵ ਨੂੰ  ਸਿਖਰ 'ਤੇ ਪਹੁੰਚਾ ਦਿੱਤਾ | ਇਸ ਸਾਹਿਤਕ ਮੇਲੇ 'ਚ 75 ਦੇ ਕਰੀਬ ਪ੍ਰਕਾਸ਼ਕਾਂ ਨੇ ਸ਼ਮੂਲੀਅਤ ਕੀਤੀ | ਇਸ ਵਾਰ ਮੇਲੇ ਦੌਰਾਨ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਮੰਚ ਅਤੇ ਵੱਖ-ਵੱਖ ਸਟਾਲਾਂ 'ਤੇ ਲੋਕ ਅਰਪਣ ਕੀਤੀਆਂ ਗਈਆਂ | ਮੇਲੇ ਵਿਚ ਪੁਸਤਕ ਪ੍ਰੇਮੀਆਂ ਨੇ 35 ਲੱਖ ਰੁਪਏ ਤੋਂ ਵੱਧ ਦੀਆਂ ਕਿਤਾਬਾਂ ਦੀ ਖਰੀਦ ਕੀਤੀ | ਪੰਜਾਬੀ ਕਹਾਣੀ ਦੇ ਉੱਘੇ ਹਸਤਾਖ਼ਰ ਬਲਵਿੰਦਰ ਗਰੇਵਾਲ ਅਤੇ ਜਤਿੰਦਰ ਹਾਂਸ ਨਾਲ ਗੁਰਮੀਤ ਕੜਿਆਲਵੀ ਨੇ ਸੰਵਾਦ ਰਚਾਇਆ | ਪੰਜਾਬੀ ਕਹਾਣੀ ਦੀਆਂ ਅਨੇਕ ਪਰਤਾਂ ਬਾਰੇ ਖੁੱਲ੍ਹਾ ਵਿਚਾਰ-ਵਟਾਂਦਰਾ ਕੀਤਾ ਗਿਆ | ਸ਼ਾਮ ਦੇ ਸੈਸ਼ਨ 'ਚ ਯੁਵਾ ਸਾਹਿਤ ਦੇ ਸੰਗ ਦੌਰਾਨ ਨੌਜਵਾਨ ਕਹਾਣੀਕਾਰ ਆਗਾਜ਼ ਬੀਰ ਅਤੇ ਸਾਹਿਤ ਅਕੈਡਮੀ ਯੁਵਾ ਪੁਰਸਕਾਰ ਜੇਤੂ ਕਵੀ ਰਣਧੀਰ ਨਾਲ ਨੌਜਵਾਨ ਚਿੰਤਕ ਪ੍ਰੋ. ਗੁਰਦੀਪ ਸਿੰਘ ਢਿੱਲੋਂ ਵਲੋਂ ਸੰਵਾਦ ਰਚਾਇਆ ਗਿਆ | ਸਿਨੇਮਾ ਤੇ ਸਮਕਾਲ ਵਿਸ਼ੇ ਤਹਿਤ ਉੱਘੇ ਫ਼ਿਲਮਸਾਜ ਜੱਸ ਗਰੇਵਾਲ ਨਾਲ ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਚਹਿਲ ਨੇ ਸੰਵਾਦ ਰਚਾਇਆ | ਨਾਟਕਕਾਰ ਕੇਵਲ ਧਾਲੀਵਾਲ ਦੇ ਰੰਗਮੰਚ ਦੇ ਸਫ਼ਰ ਬਾਰੇ ਡਾ. ਜਗਦੀਪ ਸੰਧੂ, ਆਰਟੀਟਿਸਟ ਅਤੇ ਵਾਰਤਿਕ ਲੇਖਕ ਨਿਰਲੇਪ ਸਿੰਘ ਨਾਲ ਪ੍ਰਸਿੱਧ ਲੇਖਕ ਗੁਰਪ੍ਰੀਤ ਵਲੋਂ ਗੱਲਬਾਤ ਕੀਤੀ ਗਈ | ਨਾਮਵਰ ਗੀਤਕਾਰ ਬਾਬੂ ਸਿੰਘ ਮਾਨ ਸਰੋਤਿਆਂ ਦੇ ਰੂ-ਬਰੂ ਹੋਏ, ਕੁਮਾਰ ਜਗਦੇਵ ਵਲੋਂ ਮਾਨ ਨਾਲ ਰਚਾਏ ਸੰਵਾਦ ਲਈ ਬਹੁਤ ਵੱਡੀ ਗਿਣਤੀ 'ਚ ਸਾਹਿਤ ਦੇ ਰਸੀਏ ਪਹੁੰਚੇ | ਕਵੀ ਦਰਬਾਰ ਵਿਚ ਤਰਲੋਚਨ ਲੋਚੀ, ਸਿਮਰਨ, ਅਕਸ਼, ਸੁਨੀਲ ਚੰਦਿਆਣਵੀ, ਡਾ. ਦਵਿੰਦਰ ਸ਼ੈਫ਼ੀ, ਬਲਕਾਰ ਔਲਖ, ਭੁਪਿੰਦਰ ਕੌਰ ਪ੍ਰੀਤ, ਡਾ. ਅਜੀਤ ਪਾਲ ਜਟਾਣਾ, ਨੀਤੂ, ਸਵਾਮੀ ਅੰਤਰਨੀਰਵ, ਦਰਸ਼ਨ ਬੁੱਟਰ, ਪਿ੍ੰਸੀਪਲ ਰਾਜੇਸ਼ ਮੋਹਨ, ਗੁਰਤੇਜ ਕੋਹਾਰਵਾਲਾ, ਵਿਜੈ ਵਿਵੇਕ, ਪ੍ਰੋ. ਰਣਜੀਤ ਸਿੰਘ ਬਾਜਵਾ ਅਤੇ ਖੁਸ਼ਵੰਤ ਬਰਗਾੜੀ ਆਦਿ ਕਵੀਆਂ ਨੇ ਆਪਣੀ ਦਮਦਾਰ ਸ਼ਾਇਰੀ ਨਾਲ ਸਮੇਂ ਨੂੰ  ਬੰਨ੍ਹ ਕੇ ਰੱਖਿਆ | ਮੇਲੇ ਦੇ ਅਖੀਰਲੇ ਦਿਨ ਟਿੱਲਾ ਬਾਬਾ ਫ਼ਰੀਦ ਤੋਂ ਇਕ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ | ਇਹ ਨਗਰ ਕੀਰਤਨ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਸਮਾਪਤ ਹੋਇਆ | ਇੱਥੇ ਸਜੇ ਧਾਰਮਿਕ ਦੀਵਾਨ 'ਚ ਬਾਬਾ ਫ਼ਰੀਦ ਸੁਸਾਇਟੀ ਵਲੋਂ ਮਨੁੱਖਤਾ ਦੀ ਸੇਵਾ ਲਈ ਭਾਈ ਜਸਵਿੰਦਰ ਸਿੰਘ ਖ਼ਾਲਸਾ ਨੂੰ  'ਬਾਬਾ ਫ਼ਰੀਦ ਪੁਰਸਕਾਰ' ਅਤੇ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਦੇ ਸੰਚਾਲਕ ਸੰਤ ਰਿਸ਼ੀ ਰਾਮ ਜਲਾਲੇ ਵਾਲਿਆਂ ਨੂੰ  'ਇੰਦਰਜੀਤ ਸਿੰਘ ਖ਼ਾਲਸਾ ਯਾਦਗਾਰੀ ਪੁਰਸਕਾਰ' ਦੇ ਕੇ ਸਨਮਾਨਿਤ ਕੀਤਾ ਗਿਆ |

-ਇੰਚਾਰਜ ਉਪ ਦਫ਼ਤਤਰ, ਫ਼ਰੀਦਕੋਟ |
ਮੋਬਾਈਲ : 98145-53988

ਪਿਛਲੀ ਖ਼ਬਰ ਸੇਵਾ ਦੇ ਪੁੰਜ-ਭਾਈ ਬਹਿਲੋ ਸਭ ਤੋਂ ਪਹਿਲੋ ਅਗਲੀ ਖ਼ਬਰ ਭਾਰਤੀ ਹਾਕੀ ਟੀਮ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਸੋਨ ਤਗਮਾ ਮਲੇਸ਼ੀਆ ਨੂੰ 5-1 ਨਾਲ ਹਰਾਇਆ, ਉਲੰਪਿਕ ਲਈ ਕੀਤਾ ‘ਕੁਆਲੀਫਾਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।