28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਦਸ ਬਸਤੂ ਲੇ ਪਾਛੈ ਪਾਵੈ

ਅਜੀਤ ਡੈਸਕ 22-06-2026

ਵਿਸ਼ਵਾਸ ਅਤੇ ਭਰੋਸਾ ਉਸ ਸੱਚੇ ਪਿਤਾ ਪਰਮਾਤਮਾ ਤੱਕ ਪੁੱਜਣ ਲਈ ਲੱਗੀ ਪੌੜੀ ਦਾ ਪਹਿਲਾ ਪੌਡਾ ਹੈ। ਪਰ ਮਨੁੱਖ ਦਾ ਵਿਸ਼ਵਾਸ ਕਦਮ-ਦਰ-ਕਦਮ ਡੋਲ ਜਾਂਦਾ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਨੁੱਖ ਦੇ ਇਸੇ ਕਿਰਦਾਰ ਦਾ ਜ਼ਿਕਰ ਕਰਦੇ ਹਨ। ਅਸਲ ਵਿਚ ਅੱਜ ਦਾ ਵਿਕਾਰੀ ਮਨੁੱਖ ਆਪਣੇ ਲਾਲਚਾਂ ਦੀ ਪੂਰਤੀ ਲਈ ਨਿੱਤ ਦਿਨ ਉਸ ਪਰਮਾਤਮਾ ਦੇ ਸਨਮੁੱਖ ਅਰਦਾਸ ਕਰਦਾ ਹੋਇਆ ਸੰਸਾਰੀ ਵਸਤੂਆਂ ਦੀ ਮੰਗ ਕਰਦਾ ਹੈ। ਜਦੋਂ ਉਹ ਸੱਚਾ ਪਰਵਰਦਿਗਾਰ ਉਸ ਦੀ ਅਰਦਾਸ ਪ੍ਰਵਾਨ ਕਰਕੇ ਉਸ ਨੂੰ ਉਸ ਦੀਆਂ ਮਨਚਾਹੀਆਂ ਵਸਤਾਂ ਬਖ਼ਸ਼ ਦਿੰਦਾ ਤਾਂ ਉਹ ਨੱਚ ਉੱਠਦਾ ਹੈ। ਪਰਮਾਤਮਾ ਦੇ ਧੰਨਵਾਦ ਲਈ ਉਸ ਦੇ ਸ਼ਬਦ-ਕੋਸ਼ ਵਿਚ ਦਰਜ ਅਨੇਕਾਂ ਸ਼ਬਦਾਂ ਦੀ ਇਕ ਲੰਬੀ ਲੜੀ ਆਪ-ਮੁਹਾਰੇ ਉਸ ਦੇ ਬੁੱਲ੍ਹਾਂ 'ਤੇ ਆ ਜਾਂਦੀ ਹੈ, ਜੇਕਰ ਉਸ ਦੀ ਮੰਗ ਪੂਰੀ ਨਾ ਹੋਵੇ ਤਾਂ ਉਲਾਹਮਿਆਂ ਦੀ ਲੰਬੀ ਫਹਿਰਿਸ਼ਤ ਉਸ ਦੇ ਮੁੱਖ 'ਚੋਂ ਝੜਨ ਲਗਦੀ ਹੈ। ਪੰਜਵੇਂ ਪਾਤਸ਼ਾਹ ਜੀ ਫੁਰਮਾਉਂਦੇ ਹਨ:
ਦਸ ਬਸਤੂ ਲੇ ਪਾਛੈ ਪਾਵੈ॥
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ॥
(ਗਾਉੜੀ ਸੁਖਮਨੀ, ਮ: 5, ਅੰਗ : 268)
ਗੁਰੂ ਸਾਹਿਬ ਇਸ ਪਦੇ ਵਿਚ ਮਨੁੱਖ ਨੂੰ ਸਮਝਾਉਂਦੇ ਹੋਏ ਸੁਮੱਤ ਬਖ਼ਸ਼ਦੇ ਹਨ : ਐ ਮੂਰਖ ਬੰਦੇ! ਜੇਕਰ ਉਸ ਸੱਚੇ ਨੇ ਤੈਨੂੰ ਇਕ ਵਸਤੂ ਨਹੀਂ ਦਿੱਤੀ ਤਾਂ ਉਸ ਤੋਂ ਆਪਣਾ ਵਿਸ਼ਵਾਸ ਗਵਾ ਰਿਹਾ ਹੈਂ? ਜੇਕਰ 'ਉਹ' ਇਕ ਵੀ ਵਸਤੂ ਤੈਨੂੰ ਨਾ ਬਖ਼ਸ਼ੇ ਅਤੇ ਜਿਹੜੀਆਂ ਤੈਨੂੰ ਪਹਿਲਾਂ ਦਸ ਵਸਤੂਆਂ ਦਿੱਤੀਆਂ ਹਨ, ਉਹ ਵੀ ਖੋਹ ਲਵੇ ਤਾਂ ਤੂੰ ਕੀ ਕਰ ਲਵੇਂਗਾ? ਸੋ, ਉਸ ਸੱਚੇ ਠਾਕੁਰ ਅੱਗੇ ਤੇਰਾ ਕੋਈ ਜ਼ੋਰ ਜਾਂ ਮਰਜ਼ੀ ਨਹੀਂ ਚੱਲਣੀ। ਉਸ ਦਾ ਭਰੋਸਾ ਗਵਾ ਨਾ, ਸਗੋਂ ਉਸ ਦੀ ਰਜ਼ਾ ਵਿਚ ਰਹਿ ਕੇ, ਉਸ ਦੇ ਨਾਂਅ ਦਾ ਸਿਮਰਨ ਕਰ। ਆਪ ਜੀ ਇਸੇ ਲਈ ਸਮਝਾਉਂਦੇ ਹਨ:
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ॥
ਤਉ ਮੂੜਾ ਕਹੁ ਕਹਾ ਕਰੇਇ॥
(ਗਾਉੜੀ ਸੁਖਮਨੀ, ਮ: 5, ਅੰਗ : 268)

-ਮੋਬਾਈਲ : 98146-81444

ਪਿਛਲੀ ਖ਼ਬਰ ਰਣਨੀਤੀ ਕਿੰਨੀ ਵੀ ਖੂਬਸੂਰਤ ਕਿਉਂ ਨਾ ਹੋਵੇ, ਤੁਹਾਨੂੰ ਕਦੇ-ਕਦੇ ਨਤੀਜਿਆਂ ਬਾਰੇ ਵੀ ਸੋਚ ਲੈਣਾ ਚਾਹੀਦਾ ਹੈ। -ਸਰ ਵਿੰਸਟਨ... ਅਗਲੀ ਖ਼ਬਰ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਵਿਖੇ ਸ਼ਹੀਦੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।