02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਅਧਿਆਤਮਕ ਗ੍ਰੰਥਾਂ 'ਚ ਵਰਣਿਤ ਵਿਭਿੰਨ ਅਦ੍ਰਿਸ਼ ਅੰਦਰੂਨੀ ਮੰਡਲਾਂ ਦਾ ਵਰਣਨ

ਅਜੀਤ ਡੈਸਕ 02-02-2026

ਅਧਿਆਤਮਕ ਵੇਦ, ਪੁਰਾਣ, ਗ੍ਰੰਥ ਤੇ ਪੋਥੀਆਂ ਮਨੁੱਖ ਜਾਤੀ ਲਈ ਓਨੇ ਹੀ ਜ਼ਰੂਰੀ ਹਨ, ਜਿੰਨੇ ਕਿ ਮਨੁੱਖ ਦੇ ਜੀਵਤ ਰਹਿਣ ਲਈ ਹਵਾ, ਪਾਣੀ, ਅੱਗ ਤੇ ਮਿੱਟੀ ਹਨ। ਰਿਸ਼ੀਆਂ-ਮੁਨੀਆਂ, ਪੀਰਾਂ, ਪੈਗ਼ੰਬਰਾਂ ਤੇ ਸੰਤ-ਮਹਾਤਮਾ ਦੇ ਆਤਮਕ ਗਿਆਨ ਦੀਆਂ ਇਹ ਲਿਖਤਾਂ ਸ੍ਰਿਸ਼ਟੀ ਅਤੇ ਮਨੁੱਖੀ ਸਰੀਰ ਵਿਚ ਮੌਜੂਦ ਉਨ੍ਹਾਂ ਅਦ੍ਰਿਸ਼ ਭੇਦਾਂ ਨੂੰ ਖੋਲ੍ਹਦੀਆਂ ਹਨ, ਜਿਨ੍ਹਾਂ ਨੂੰ ਸ੍ਰਿਸ਼ਟੀ ਕਰਤਾ ਦੁਆਰਾ ਇਕ ਗੁਪਤ ਭੇਦ ਦੇ ਤੌਰ 'ਤੇ ਮਨੁੱਖੀ ਸਰੀਰ ਵਿਚ ਰੱਖਿਆ ਗਿਆ ਹੈ।
ਅਨੇਕਾਂ ਅਧਿਆਤਮਕ ਭੇਦਾਂ 'ਚੋਂ ਹੀ ਮਨੁੱਖੀ ਸਰੀਰ ਵਿਚ ਮੌਜੂਦ ਇਕ ਅਦਭੁੱਤ ਭੇਦ ਅਜਿਹਾ ਵੀ ਹੈ, ਜਿਸ ਅਨੁਸਾਰ ਸਰੀਰ ਵਿਚ ਮੌਜੂਦ ਆਤਮਾ ਦੇ ਅੰਦਰੂਨੀ ਸਫ਼ਰ ਜਾਂ ਯਾਤਰਾ ਦਾ ਖੋਲ੍ਹ ਕੇ ਵਰਨਣ ਕੀਤਾ ਗਿਆ ਹੈ। ਆਤਮਾ ਦੇ ਅੰਦਰੂਨੀ ਸਫ਼ਰ ਜਾਂ ਯਾਤਰਾ ਨੂੰ ਵਿਭਿੰਨ ਅਧਿਆਤਮਕ ਗ੍ਰੰਥਾਂ ਅਤੇ ਪੁਸਤਕਾਂ ਵਿਚ ਮਨੁੱਖੀ ਸਰੀਰ ਦੇ ਅੰਦਰ ਹੀ ਮੌਜੂਦ ਵਿਭਿੰਨ ਮੰਡਲਾਂ ਦੇ ਸਫ਼ਰ ਜਾਂ ਯਾਤਰਾ ਵਜੋਂ ਜਾਣਿਆ ਜਾਂਦਾ ਹੈ। ਵੈਸੇ ਤਾਂ ਆਤਮਾ ਦੀ ਇਸ ਯਾਤਰਾ ਦਾ ਆਰੰਭ ਮਨੁੱਖ ਦੀ ਮੌਤ ਤੋਂ ਬਾਅਦ ਹੁੰਦਾ ਹੈ ਪਰ ਕੁਝ ਅਜਿਹੇ ਵਡਭਾਗੀ ਜੀਵ ਵੀ ਹੁੰਦੇ ਹਨ, ਜੋ ਜਿਊਂਦੇ ਜੀਅ ਸੱਚੀ ਸਾਧਨਾ, ਭਗਤੀ ਤੇ ਲਗਨ ਨਾਲ ਇਸ ਆਦਰਸ਼ ਅਤੇ ਅਨੰਦਮਈ ਅੰਦਰੂਨੀ ਯਾਤਰਾ ਦਾ ਅਨੰਦ ਮਾਣਨ ਦੇ ਕਾਬਲ ਬਣਦੇ ਹਨ ਅਤੇ ਆਪਣਾ ਮਨੁੱਖੀ ਜਨਮ ਸਫ਼ਲ ਬਣਾਉਂਦੇ ਹਨ।
ਸਾਧਨਾ, ਭਗਤੀ ਰਾਹੀਂ ਮਨੁੱਖੀ ਆਤਮਾ ਜਿਨ੍ਹਾਂ ਅੰਦਰੂਨੀ ਅਦ੍ਰਿਸ਼ ਮੰਡਲਾਂ ਦੀ ਯਾਤਰਾ ਦਾ ਅਨੰਦ ਮਾਣਦੀ ਹੈ, ਉਹ ਇਸ ਪ੍ਰਕਾਰ ਹੈ:-
ਸ਼ੁਰੂਆਤੀ ਅਵਸਥਾ
ਪੁਸਤਕ ਪਰਮਾਰਥੀ ਪੱਤਰ ਭਾਗ-ਦੋ ਅਨੁਸਾਰ ਜਿਉਂ-ਜਿਉਂ ਫੈਲਿਆ ਖਿਆਲ ਤੀਸਰੇ ਤਿਲ ਵਿਚ ਇਕਾਗਰ ਹੁੰਦਾ ਹੈ, ਮਨ ਦੀ ਭੱਜ-ਦੌੜ ਘਟਦੀ ਹੈ ਤੇ ਮਨ ਸ਼ਾਂਤ ਹੁੰਦਾ ਜਾਂਦਾ ਹੈ। ਅਭਿਆਸੀ ਦੇ ਹੱਥ-ਪੈਰ ਸੌਣ ਲੱਗ ਜਾਂਦੇ ਹਨ। ਅਭਿਆਸ ਵਿਚ ਉੱਨਤੀ ਨਾਲ ਪੈਰਾਂ, ਹੱਥਾਂ, ਪਿੰਨੀਆਂ, ਲੱਤਾਂ, ਪੱਟਾਂ ਆਦਿ ਦੀ ਵੀ ਹੋਸ਼ ਨਹੀਂ ਰਹਿੰਦੀ।
ਪਹਿਲਾ ਮੰਡਲ-ਸਹੰਸ-ਦਲ-ਕੰਵਲ
ਇਹ ਮੰਡਲ ਅਭਿਆਸ ਦੌਰਾਨ ਸਾਧਕ ਦੀ ਆਤਮਾ ਦੇ ਅੰਦਰੂਨੀ ਸਫ਼ਰ ਦੀ ਪਹਿਲੀ ਮੰਜ਼ਿਲ ਹੈ, ਜਿਸ ਨੂੰ ਸਹੰਸ-ਦਲ- ਕਮਲ ਜਾਂ ਸਹੰਸਹਾਰ ਵਜੋਂ ਜਾਣਿਆ ਜਾਂਦਾ ਹੈ। ਬਹੁਤੇ ਧਰਮਾਂ ਲਈ ਇਹੀ ਆਖਰੀ ਮੰਜ਼ਿਲ ਹੈ। ਯੋਗੀ ਲੋਕ ਵੀ ਇਸ ਤੋਂ ਅੱਗੇ ਨਹੀਂ ਜਾਂਦੇ। ਇੱਥੇ ਇਕ ਹਜ਼ਾਰ ਪੰਖੜੀਆਂ ਵਾਲਾ ਕਮਲ ਬਿਰਾਜਮਾਨ ਹੈ ਅਤੇ ਇਸ ਲੋਕ ਦੇ ਮਾਲਕ ਨੂੰ 'ਨਰਾਇਣ ਜਾਂ ਤ੍ਰਲੋਕੀਨਾਥ' ਕਹਿੰਦੇ ਹਨ।
ਦੂਜਾ ਮੰਡਲ ਬ੍ਰਹਮ ਦੇਸ਼
ਇਸ ਨੂੰ ਆਤਮਿਕ ਉੱਨਤੀ ਦੀ ਦੂਜੀ ਮੰਜ਼ਿਲ ਵਜੋਂ ਜਾਣਿਆ ਜਾਂਦਾ ਹੈ। ਇਸ ਦਾ ਮਾਲਕ ਬ੍ਰਹਮ ਹੈ, ਇਸ ਨੇ ਹੀ ਬ੍ਰਹਿਮੰਡ ਦੀ ਰਚਨਾ ਕੀਤੀ ਹੈ ਅਤੇ ਨਾਸ਼ ਕਰਨ ਵਾਲਾ ਵੀ ਇਹੀ ਹੈ।
ਤੀਜਾ ਮੰਡਲ-ਤ੍ਰਿਕੁਟੀ
ਇਹ ਮਨੁੱਖੀ ਮਨ ਦੇ ਦੇਸ਼ ਵਜੋਂ ਜਾਣਿਆ ਜਾਣ ਵਾਲਾ ਤੀਜਾ ਮੰਡਲ ਹੈ। ਇੱਥੇ ਪਹੁੰਚ ਕੇ ਮਨ ਆਪਣੇ ਦੇਸ਼ ਵਿਚ ਲੀਨ ਹੋ ਜਾਂਦਾ ਹੈ ਅਤੇ ਆਤਮਾ ਨਿਰਮਲ ਹੋ ਕੇ ਅੱਗੇ ਦਾ ਸਫ਼ਰ ਤੈਅ ਕਰਦੀ ਹੈ।
ਚੌਥਾ ਮੰਡਲ-ਭੰਵਰ ਗੁਫਾ
ਇਹ ਅੰਦਰੂਨੀ ਆਤਮਿਕ ਯਾਤਰਾ ਦਾ ਚੌਥਾ ਮੰਡਲ ਹੈ, ਇਸ ਨੂੰ ਸੱਚਖੰਡ ਦੇ ਬੂਹੇ ਵਜੋਂ ਵੀ ਜਾਣਿਆ ਜਾਂਦਾ ਹੈ।
ਪੰਜਵਾਂ ਮੰਡਲ ਸੱਚਖੰਡ ਜਾਂ ਸਤਲੋਕ
ਇਹ ਮੰਡਲ ਅਨੰਦ ਤੇ ਪੂਰਨ ਸ਼ਾਂਤੀ ਦਾ ਮੰਡਲ ਹੈ। ਇਸ ਮੰਡਲ ਨੂੰ ਸਤਿਗੁਰੂ ਪਦ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਇਹ ਸੱਚੇ ਗੁਰੂ ਦਾ ਨਿਜ ਘਰ ਹੈ।
ਆਖਰੀ ਮੰਡਲ ਸੁਆਮੀ ਪਦ
ਸਤਪੁਰਸ਼ ਇੱਥੇ ਪਹੁੰਚਣ ਵਾਲੀ ਆਤਮਾ ਨੂੰ ਅਲਖ ਲੋਕ ਅਤੇ ਅਗਮ ਲੋਕ ਤੋਂ ਪਾਰ ਕਰਾ ਕੇ ਸੁਆਮੀ ਪਦ ਵਿਚ ਲੈ ਜਾਂਦੇ ਹਨ ਅਤੇ ਇਹੀ ਜਨਮਾਂ ਜਨਮਾਂ ਤੋਂ ਭਟਕ ਰਹੀ ਆਤਮਾ ਦੀ ਅੰਤਿਮ ਮੰਜ਼ਿਲ ਹੈ।
ਅੰਦਰੂਨੀ ਆਤਮਿਕ ਸਫ਼ਰ ਦੌਰਾਨ ਇਨ੍ਹਾਂ ਮੰਡਲਾਂ ਤੋਂ ਇਲਾਵਾ ਸਵਰਗ ਲੋਕ, ਨਰਕ ਲੋਕ, ਬੰਕਨਾਲ ਅਤੇ ਤਿਮਰਖੰਡ ਵਰਗੇ ਉਪ ਮੰਡਲ ਵੀ ਆਉਂਦੇ ਹਨ, ਜਿਨ੍ਹਾਂ ਨੂੰ ਹਰ ਆਤਮਾ ਨੂੰ ਪਾਰ ਕਰਕੇ ਅੱਗੇ ਵਧਣਾ ਪੈਂਦਾ ਹੈ। ਸੱਚੀ ਭਗਤੀ, ਲਗਨ, ਸਾਧਨਾ ਤੇ ਸੰਪੂਰਨ ਅਧਿਆਤਮਕ ਗੁਰੂ ਦਾ ਸਾਥ ਹੀ ਸਾਧਕ ਨੂੰ ਇਨ੍ਹਾਂ ਮੰਡਲਾਂ ਦੇ ਦਰਸ਼ਨ ਕਰਵਾਉਂਦਾ ਹੋਇਆ ਨਿੱਜ- ਘਰ ਲੈ ਕੇ ਜਾਂਦਾ ਹੈ, ਜਿੱਥੇ ਕਿ ਆਤਮਾ ਨੂੰ ਸੱਚੀ ਸ਼ਾਂਤੀ ਤੇ ਸੁੱਖ ਪ੍ਰਾਪਤ ਹੁੰਦਾ ਹੈ।

-ਮੋਬਾਈਲ : 7973327963

ਪਿਛਲੀ ਖ਼ਬਰ ਇਮਾਰਤਸਾਜ਼ੀ ਦੀ ਸੂਖਮ ਕਲਾ-ਕੁਤਬ ਮੀਨਾਰ ਅਗਲੀ ਖ਼ਬਰ ਮਹਾਨ ਤਪੱਸਵੀ ਸੰਤ ਬਾਬਾ ਅਤਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।