ਬਰਨਾਲਾ ਦੀ ਅਨਾਜ ਮੰਡੀ ’ਚ ਲੱਗੇ ‘ਸਵਦੇਸ਼ੀ ਮੈਗਾ ਟਰੇਡ ਐਕਸਪੋ-2026’ ਵਿਚ ਲੱਖਾਂ ਰੁਪਏ ਦੀ ਜੀ. ਐਸ. ਟੀ. ਚੋਰੀ ਦੀਆਂ ਚਰਚਾਵਾਂ
ਬਰਨਾਲਾ, 6 ਅਗਸਤ (ਰਾਜ ਪਨੇਸਰ, ਨਰਿੰਦਰ ਅਰੋੜਾ)- ਸਥਾਨਕ ਅਨਾਜ ਮੰਡੀ ਵਿਖੇ ਚੱਲ ਰਹੇ ‘ਸਵਦੇਸ਼ੀ ਮੈਗਾ ਟਰੇਡ ਐਕਸਪੋ-2026’ ਵਿਚ ਜਿੱਥੇ ਵੱਡੀ ਪੱਧਰ ’ਤੇ ਬੇਨਿਯਮੀਆਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਸਰਕਾਰੀ ਖ਼ਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਕੇ ਜੀ. ਐਸ.
ਬਰਨਾਲਾ, 6 ਅਗਸਤ (ਰਾਜ ਪਨੇਸਰ, ਨਰਿੰਦਰ ਅਰੋੜਾ)- ਸਥਾਨਕ ਅਨਾਜ ਮੰਡੀ ਵਿਖੇ ਚੱਲ ਰਹੇ ‘ਸਵਦੇਸ਼ੀ ਮੈਗਾ ਟਰੇਡ ਐਕਸਪੋ-2026’ ਵਿਚ ਜਿੱਥੇ ਵੱਡੀ ਪੱਧਰ ’ਤੇ ਬੇਨਿਯਮੀਆਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਸਰਕਾਰੀ ਖ਼ਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਕੇ ਜੀ. ਐਸ. ਟੀ. ਦੀ ਚੋਰੀ ਕੀਤੇ ਜਾਣ ਦੀਆਂ ਵੀ ਕਾਫ਼ੀ ਚਰਚਾਵਾਂ ਹੋ ਰਹੀਆਂ ਹਨ ਕਿਉਂਕਿ ਮੇਲਾ ਪ੍ਰਬੰਧਕਾਂ ਵਲੋਂ ਟਿਕਟਾਂ ਦੀ ਵਿਕਰੀ ਵਿਚ ਅਪਣਾਏ ਜਾ ਰਹੇ ਢੰਗ-ਤਰੀਕਿਆਂ ਨੇ ਸਿੱਧੇ ਤੌਰ ’ਤੇ ਟੈਕਸ ਚੋਰੀ ਵੱਲ ਇਸ਼ਾਰਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੇਲੇ ਦੇ ਮੁੱਖ ਗੇਟ ’ਤੇ ਐਂਟਰੀ ਲਈ ਪ੍ਰਬੰਧਕਾਂ ਵਲੋਂ 50 ਰੁਪਏ ਦੀ ਟਿਕਟ ਰੱਖੀ ਗਈ ਹੈ। ਨਿਯਮਾਂ ਮੁਤਾਬਕ ਗ੍ਰਾਹਕ ਨੂੰ ਅੱਧੀ ਟਿਕਟ ਵਾਪਸ ਕਰਨੀ ਬਣਦੀ ਹੈ ਤਾਂ ਜੋ ਰਿਕਾਰਡ ਕਾਇਮ ਰਹਿ ਸਕੇ। ਪਰ ਇਸ ਦੇ ਉਲਟ ਮੁੱਖ ਗੇਟ ’ਤੇ ਤਾਇਨਾਤ ਸਟਾਫ਼ ਵਲੋਂ ਗ੍ਰਾਹਕ ਤੋਂ ਪੂਰੀ ਟਿਕਟ ਲੈ ਕੇ ਮੌਕੇ ’ਤੇ ਹੀ ਫਾੜ ਦਿੱਤੀ ਜਾਂਦੀ ਹੈ। ਬਿਨਾਂ ਕੋਈ ਰਸੀਦ ਜਾਂ ਅੱਧੀ ਟਿਕਟ ਦਿੱਤੇ ਇਸ ਤਰ੍ਹਾਂ ਟਿਕਟਾਂ ਨੂੰ ਖ਼ੁਰਦ-ਬੁਰਦ ਕਰਨ ਦੀ ਇਹ ਪ੍ਰਕਿਰਿਆ ਸਪਸ਼ਟ ਕਰਦੀ ਹੈ ਕਿ ਮੇਲਾ ਪ੍ਰਬੰਧਕ ਰੋਜ਼ਾਨਾ ਵਿਕਣ ਵਾਲੀਆਂ ਹਜ਼ਾਰਾਂ ਟਿਕਟਾਂ ਨੂੰ ਆਪਣੇ ਜੀ. ਐਸ. ਟੀ. ਰਿਕਾਰਡ ਵਿਚ ਨਹੀਂ ਦਿਖਾ ਰਹੇ, ਜਿਸ ਨਾਲ ਸਰਕਾਰ ਨੂੰ ਲੱਖਾਂ ਰੁਪਏ ਦੇ ਟੈਕਸ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਜ਼ਾਹਰ ਹੁੰਦਾ ਹੈ। ਜ਼ਿਕਰਯੋਗ ਹੈ ਕਿ ਇਹ ਮੇਲਾ 30 ਜੁਲਾਈ ਤੋਂ ਸ਼ੁਰੂ ਹੋਇਆ ਸੀ ਅਤੇ 9 ਅਗਸਤ ਤੱਕ ਜਾਰੀ ਰਹੇਗਾ। ਮੇਲੇ ਵਿਚ ਰੋਜ਼ਾਨਾ ਕਿਸੇ ਨਾ ਕਿਸੇ ਨਾਮਵਰ ਗਾਇਕ ਦਾ ਸ਼ੋਅ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਸੁਣਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਭੀੜ ਉਮੜ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਗਾਇਕ ਦੇ ਸ਼ੋਅ ਵਾਲੇ ਪੰਡਾਲ ਵਿਚ ਜਾਣ ਲਈ ਵੱਖਰੀ ਟਿਕਟ ਕੱਟੀ ਜਾਂਦੀ ਹੈ। ਇਕ ਪਾਸੇ ਮੁੱਖ ਗੇਟ ਦੀ ਐਂਟਰੀ ਅਤੇ ਦੂਜੇ ਪਾਸੇ ਗਾਇਕਾਂ ਦੇ ਸ਼ੋਅ ਲਈ ਵੱਖਰੀਆਂ ਟਿਕਟਾਂ ਰਾਹੀਂ ਰੋਜ਼ਾਨਾ ਲੱਖਾਂ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ, ਪਰ ਉਸ ਦੇ ਅਨੁਪਾਤ ਵਿਚ ਸਰਕਾਰੀ ਖ਼ਾਤੇ ਵਿਚ ਅਜੇ ਤੱਕ ਟੈਕਸ ਨਾਮਾਤਰ ਹੀ ਜਮ੍ਹਾ ਕਰਵਾਇਆ ਗਿਆ ਹੈ। ਇਸ ਸਬੰਧੀ ਆਬਕਾਰੀ ਤੇ ਕਰ ਵਿਭਾਗ ਦੇ ਈ.ਟੀ.ਓ. (ਜੀ.ਐਸ.ਟੀ.) ਸੁਨੀਲ ਕੁਮਾਰ ਨੇ ਦੱਸਿਆ ਕਿ ਮੇਲਾ ਪ੍ਰਬੰਧਕਾਂ ਵਲੋਂ ਹੁਣ ਤੱਕ ਸਿਰਫ਼ 30,000 ਰੁਪਏ ਹੀ ਜੀ.ਐਸ.ਟੀ. ਵਜੋਂ ਜਮ੍ਹਾ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਗੇਟ ਦੀ ਐਂਟਰੀ ਸਮੇਂ ਗ੍ਰਾਹਕ ਤੋਂ ਪੂਰੀ ਟਿਕਟ ਵਾਪਸ ਲਈ ਜਾਂਦੀ ਹੈ ਤਾਂ ਇਹ ਨਿਯਮਾਂ ਅਨੁਸਾਰ ਗ਼ਲਤ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਇਸ ਮਾਮਲੇ ਦਾ ਸਖ਼ਤ ਨੋਟਿਸ ਲਿਆ ਜਾ ਰਿਹਾ ਹੈ ਅਤੇ ਮੇਲੇ ਦੀ ਸੈਕਸ਼ਨ 71 ਤਹਿਤ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਮੇਲਾ ਪ੍ਰਬੰਧਕਾਂ ਦੀ ਫ਼ਰਮ ਦਾ ਮੁੱਖ ਦਫ਼ਤਰ ਲੁਧਿਆਣਾ ਵਿਖੇ ਸਥਿਤ ਹੈ, ਜਿਸ ਕਾਰਨ ਇਨ੍ਹਾਂ ਦੀ ਜੀ.ਐਸ.ਟੀ. ਰਿਟਰਨ ਜ਼ਿਲ੍ਹਾ ਲੁਧਿਆਣਾ ਵਿਚ ਹੀ ਭਰੀ ਜਾਂਦੀ ਹੈ। ਇਸ ਲਈ ਬਰਨਾਲਾ ਵਿਭਾਗ ਵਲੋਂ ਇਸ ਟੈਕਸ ਚੋਰੀ ਅਤੇ ਬੇਨਿਯਮੀਆਂ ਦੀ ਰਿਪੋਰਟ ਤਿਆਰ ਕਰ ਕੇ ਲੁਧਿਆਣਾ ਦੇ ਜੀ.ਐਸ.ਟੀ. ਵਿਭਾਗ ਨੂੰ ਵੀ ਸੂਚਿਤ ਕੀਤਾ ਜਾ ਰਿਹਾ ਹੈ ਤਾਂ ਜੋ ਬਣਦੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ।