ਫੂਡ ਸਪਲਾਈ ਵਿਭਾਗ ਨੇ ਸਵਦੇਸ਼ੀ ਮੇਲੇ ’ਚੋਂ ਅੱਠ ਘਰੇਲੂ ਸਿਲੰਡਰ ਕੀਤੇ ਜ਼ਬਤ
ਬਰਨਾਲਾ, 5 ਅਗਸਤ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਬਰਨਾਲਾ ਦੀ ਅਨਾਜ ਮੰਡੀ ਵਿਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਸਵਦੇਸ਼ੀ ਮੇਲੇ ਵਿਚ ਖਾਣ ਪੀਣ ਦੀਆਂ ਸਟਾਲਾਂ ਉੱਪਰ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਥਾਂ ਘਰੇਲੂ ਗੈਸ ਸਿਲੰਡਰਾਂ ਦੀ ਸ਼ਰੇਆਮ ਵਰਤੋਂ ਕੀਤੀ ਜਾ ਰਹੀ ਹੈ। ਇਸ ਸਬੰਧੀ ਫੂਡ ਸਪਲਾਈ ਮਹਿਕਮੇ ਨੂੰ ਲੋਕਾਂ ਵਲੋਂ ਮੇਲਾ ਸ਼ੁਰੂ ਹੋਣ ਵਾਲੇ ਦਿਨ ਤੋਂ ਸ਼ਿਕਾਇਤਾਂ ਵੀ ਕੀਤੀਆਂ ਜਾ ਰਹੀਆਂ ਸਨ।
ਬਰਨਾਲਾ, 5 ਅਗਸਤ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਬਰਨਾਲਾ ਦੀ ਅਨਾਜ ਮੰਡੀ ਵਿਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਸਵਦੇਸ਼ੀ ਮੇਲੇ ਵਿਚ ਖਾਣ ਪੀਣ ਦੀਆਂ ਸਟਾਲਾਂ ਉੱਪਰ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਥਾਂ ਘਰੇਲੂ ਗੈਸ ਸਿਲੰਡਰਾਂ ਦੀ ਸ਼ਰੇਆਮ ਵਰਤੋਂ ਕੀਤੀ ਜਾ ਰਹੀ ਹੈ। ਇਸ ਸਬੰਧੀ ਫੂਡ ਸਪਲਾਈ ਮਹਿਕਮੇ ਨੂੰ ਲੋਕਾਂ ਵਲੋਂ ਮੇਲਾ ਸ਼ੁਰੂ ਹੋਣ ਵਾਲੇ ਦਿਨ ਤੋਂ ਸ਼ਿਕਾਇਤਾਂ ਵੀ ਕੀਤੀਆਂ ਜਾ ਰਹੀਆਂ ਸਨ। ਇਨ੍ਹਾਂ ਸ਼ਿਕਾਇਤਾਂ ਦੇ ਅਧਾਰ ’ਤੇ ਅੱਜ ਫੂਡ ਸਪਲਾਈ ਵਿਭਾਗ ਵਲੋਂ ਮੇਲੇ ਵਿਚ ਛਾਪੇਮਾਰੀ ਕਰਦਿਆਂ ਘਰੇਲੂ ਗੈਸ ਸਿਲੰਡਰ ਜ਼ਬਤ ਕਰ ਲਏ ਗਏ ਹਨ। ਜਦੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫੂਡ ਅਤੇ ਸਪਲਾਈ ਕੰਟਰੋਲਰ ਮੈਡਮ ਰੂਪ ਕੌਰ ਸੰਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਵਿਭਾਗ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਮੇਲੇ ਵਿਚ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਜਗ੍ਹਾ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅੱਜ ਵਿਭਾਗ ਦੀ ਟੀਮ ਵਲੋਂ ਛਾਪੇਮਾਰੀ ਕਰਦਿਆਂ ਅੱਠ ਘਰੇਲੂ ਗੈਸ ਸਿਲੰਡਰ ਜਬਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੂੰ ਅੱਗੇ ਤੋਂ ਘਰੇਲੂ ਗੈਸ ਸਿਲੰਡਰ ਨਾ ਵਰਤੇ ਜਾਣ ਦੀ ਵੀ ਹਦਾਇਤ ਕੀਤੀ ਗਈ ਹੈ। ਮੇਲੇ ’ਚ ਹੋ ਰਹੀਆਂ ਨੇ ਬੇਨਿਯਮੀਆਂ, ਪ੍ਰਸ਼ਾਸ਼ਨ ਬਣਿਆ ਮੂਕ ਦਰਸ਼ਕ ਮੇਲੇ ਵਿਚ ਵੱਡੀ ਪੱਧਰ ’ਤੇ ਬੇਨਯਿਮੀਆਂ ਹੋ ਰਹੀਆਂ ਹਨ ਪਰ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਬੰਧਤ ਵਿਭਾਗ ਮੂਕ ਦਰਸ਼ਕ ਬਣੇ ਬੈਠੇ ਹਨ। ਜ਼ਿਕਰਯੋਗ ਹੈ ਕਿ ਮੇਲੇ ਵਿਚ ਬਹੁਤ ਸਾਰੀਆਂ ਖੇਡਾਂ ਵਿਚ ਇਨਾਮ ਵਜੋਂ ਵਸਤੂਆਂ ਦੇ ਨਾਲ-ਨਾਲ ਨਗਦੀ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਜੋ ਕਿ ਕਾਨੂੰਨੀ ਤੌਰ ’ਤੇ ਗਲਤ ਹੈ। ਭਾਰਤ ਵਿਚ ਪਬਲਿਕ ਗੈਂਬਲਿੰਗ ਐਕਟ ਅਨੁਸਾਰ ਜਨਤਕ ਥਾਵਾਂ ਜਾਂ ਮੇਲਿਆਂ ਵਿਚ ਮਨੋਰੰਜਨ ਲਈ ਵਸਤੂਆਂ ਜਿਵੇਂਕਿ ਸਾਬਣ, ਖਿਡੌਣੇ, ਬਿਸਕੁਟ ਤਾਂ ਇਨਾਮ ਵਜੋਂ ਦੇਣ ਦੀ ਇਜਾਜਤ ਹੈ ਪਰ ਨਗਦ ਪੈਸੇ ਦੇਣਾ ਜੂਏ ਦੇ ਦਾਇਰੇ ਵਿਚ ਆਉਂਦਾ ਹੈ। ਪਰ ਸ਼ਾਇਦ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਬੰਧਤ ਵਿਭਾਗਾਂ ਦਾ ਮੇਲੇ ’ਚ ਗੇਮਾਂ ਵਿਚ ਇਨਾਮ ਵਿਚੋਂ ਵਰਤੀ ਜਾ ਰਹੀ ਨਗਦੀ ਵਾਲੇ ਪਾਸੇ ਬਿਲਕੁਲ ਵੀ ਧਿਆਨ ਨਹੀਂ ਹੈ। ਮੇਲੇ ਵਿਚ ਹੁੰਦੀ ਹੈ ਹੁੱਲੜਬਾਜ਼ੀ, ਨਹੀਂ ਹੈ ਪਰਿਵਾਰਕ ਮਾਹੌਲ-ਕੌਂਸਲਰ ਗੁਰਪ੍ਰੀਤ ਸਿੰਘ ਸੋਨੀ ਸ਼ਹਿਰ ਦੇ ਵਾਰਡ ਨੰਬਰ 4 ਦੇ ਕੌਂਸਲਰ ਗੁਰਪ੍ਰੀਤ ਸਿੰਘ ਸੋਨੀ ਸੰਘੇੜਾ ਨੇ ਕਿਹਾ ਕਿ ਮੇਲੇ ਵਿਚ ਨੌਜਵਾਨਾਂ ਵਲੋਂ ਬਹੁਤ ਜ਼ਿਆਦਾ ਹੁੱਲੜਬਾਜ਼ੀ ਕੀਤੀ ਜਾਂਦੀ ਹੈ ਅਤੇ ਸੁਰੱਖਿਆ ਦਾ ਵੀ ਕੋਈ ਠੋਸ ਪ੍ਰਬੰਧ ਨਹੀਂ ਹੈ। ਜਿਸ ਨਾਲ ਵਧੀਆ ਪਰਿਵਾਰ ਵਾਲੇ ਲੋਕ ਜੋ ਆਪਣੇ ਬੱਚਿਆਂ ਨਾਲ ਮੇਲਾ ਦੇਖਣ ਆਉਂਦੇ ਹਨ, ਅਸਹਿਜ ਮਹਿਸੂਸ ਕਰ ਰਹੇ ਹਨ ਕਿਉਂਕਿ ਮੇਲੇ ਵਿਚ ਬਿਲਕੁਲ ਵੀ ਪਰਿਵਾਰਕ ਮਾਹੌਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਇੱਕ ਪ੍ਰਸਿੱਧ ਗਾਇਕ ਨਾਈਟ ਵਿਚ ਨੌਜਵਾਨਾਂ ਵਲੋਂ ਕੁਰਸੀਆਂ ਤੱਕ ਚਲਾ ਦਿੱਤੀਆਂ ਗਈਆਂ ਪਰ ਪ੍ਰਬੰਧਕ ਉਨ੍ਹਾਂ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਅਸਫਲ ਸਿੱਧ ਹੋਏ ਹਨ।