ਪਟਵਾਰੀ ਨੇ ਪਿੰਡ ਦੀ ਪੰਚਾਇਤ ਅਤੇ ਦਾਨੀਆਂ ਦੇ ਸਹਿਯੋਗ ਨਾਲ ਕੀਤੀ ਕਮਾਲ, ਪਟਵਾਰ ਭਵਨ ਦੀ ਨੁਹਾਰ
ਮਹਿਲ ਕਲਾਂ, 4 ਅਗਸਤ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)-ਪਿੰਡ ਛਾਪਾ ਦੇ ਪਟਵਾਰੀ ਨੇ ਆਪਣੀ ਡਿਊਟੀ ਨਿਭਾਉਣ ਦੇ ਨਾਲ-ਨਾਲ ਮਿਸਾਲੀ ਯਤਨ ਕਰਦੇ ਹੋਏ ਪਿੰਡ ਵਾਸੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਪਟਵਾਰਖ਼ਾਨੇ ਦੀ ਨੁਹਾਰ ਬਦਲੀ ਹੈ। ਪਟਵਾਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਛਾਪਾ ਦਾ ਰਕਬਾ ਕਰੀਬ 2 360 ਏਕੜ ਹੈ।
ਪ
ਪਿੰਡ ਛਾਪਾ ਦੇ ਪਟਵਾਰ ਭਵਨ ਦਾ ਦੌਰਾ ਕਰਨ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ, ਸ੍ਰੀ ਹਰਪ੍ਰੀਤ ਸਿੰਘ, ਐਸ.ਡੀ.ਐਮ. ਮਹਿਲ ਕਲਾਂ, ਤਹਿਸੀਲਦਾਰ ਮਹਿਲ ਕਲਾਂ ਸੁਖਬੀਰ ਸਿੰਘ ਤੇ ਹੋਰ। ਅਜੀਤ ਤਸਵੀਰ
05-08-2026
ਮਹਿਲ ਕਲਾਂ, 4 ਅਗਸਤ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)-ਪਿੰਡ ਛਾਪਾ ਦੇ ਪਟਵਾਰੀ ਨੇ ਆਪਣੀ ਡਿਊਟੀ ਨਿਭਾਉਣ ਦੇ ਨਾਲ-ਨਾਲ ਮਿਸਾਲੀ ਯਤਨ ਕਰਦੇ ਹੋਏ ਪਿੰਡ ਵਾਸੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਪਟਵਾਰਖ਼ਾਨੇ ਦੀ ਨੁਹਾਰ ਬਦਲੀ ਹੈ। ਪਟਵਾਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਛਾਪਾ ਦਾ ਰਕਬਾ ਕਰੀਬ 2 360 ਏਕੜ ਹੈ। ਇਸ ਪਿੰਡ ਵਿਚ ਕਰੀਬ 3 ਲੱਖ ਦੀ ਲਾਗਤ ਨਾਲ ਜਿੱਥੇ ਪਟਵਾਰਖ਼ਾਨੇ ਦੀ ਇਮਾਰਤ ਦੀ ਕਾਇਆ-ਕਲਪ ਕਰਵਾ ਕੇ ਮਾਡਲ ਪਟਵਾਰਖ਼ਾਨਾ ਬਣਾਇਆ ਹੈ, ਉੱਥੇ ਪਿੰਡ ਵਿਚ 5 ਲੱਖ ਦੀ ਲਾਗਤ ਨਾਲ ਮੁਰੱਬਾ ਪੱਥਰ, ਕਿੱਲਾ ਪੱਥਰ ਨਵੇਂ ਲਗਵਾਏ ਗਏ ਹਨ ਅਤੇ 50 ਹਜ਼ਾਰ ਦੀ ਲਾਗਤ ਨਾਲ ਪਿੰਡ ਦੇ ਰਕਬੇ ਦਾ ਨਵਾਂ ਲੱਠਾ ਨਕਸ਼ਾ ਕਰਵਾਇਆ ਹੈ। ਪਟਵਾਰੀ ਇੰਦਰਜੀਤ ਸਿੰਘ ਨੇ ਜਨਵਰੀ 2023 ਵਿਚ ਭਰਤੀ ਹੋ ਕੇ ਪਿੰਡ ਛਾਪਾ ਵਿਚ ਪਟਵਾਰੀ ਵਜੋਂ ਜੁਆਇਨ ਕੀਤਾ ਸੀ। ਉਸ ਤੋਂ ਪਹਿਲਾਂ ਪਿੰਡ ਛਾਪਾ ਵਿਚ ਪਟਵਾਰੀ ਵਜੋਂ ਤਾਇਨਾਤ ਮੌਜੂਦ ਸਮੇਂ ਕਾਨੂੰਗੋ ਨਵਦੀਪ ਸਿੰਘ ਨੇ ਇਸ ਪਟਵਾਰਖ਼ਾਨੇ ਦੀ ਨੁਹਾਰ ਬਦਲਣ ਦਾ ਬੀੜਾ ਚੁੱਕਿਆ ਅਤੇ ਪਿੰਡ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪਟਵਾਰ ਭਵਨ ਵਿਚ ਪਲੱਸਤਰ, ਦਰਵਾਜ਼ਾ, ਸ਼ੈੱਡ ਤੇ ਹੋਰ ਕੰਮ ਕਰਾਏ ਗਏ। ਇਸ ਮਗਰੋਂ ਉਨ੍ਹਾਂ ਨੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਹਿਯੋਗ ਨਾਲ ਪਟਵਾਰ ਭਵਨ ਦੀ ਇਮਾਰਤ ਨੂੰ ਨਮੂਨੇ ਦੀ ਇਮਾਰਤ ਬਣਾਉਣ ਲਈ ਯਤਨ ਕਰਦੇ ਹੋਏ ਰੰਗ ਰੋਗਨ, ਵਾਲ ਪੇਪਰ, ਫ਼ਰਸ਼ ’ਤੇ ਮੈਟ, ਗਲਾਸ ਵਿੰਡੋ, ਵੇਟਿੰਗ ਰੂਮ, ਰਿਕਾਰਡ ਰੂਮ ਲਈ ਰੈਕ, ਅਲਮਾਰੀਆਂ, ਆਮ ਲੋਕਾਂ ਦੇ ਬੈਠਣ ਲਈ ਫ਼ਰਨੀਚਰ ਸਮੇਤ ਕਈ ਕੰਮ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਪਿੰਡ ਦੇ ਲੱਠੇ ਨਕਸ਼ੇ ਦੀ ਹਾਲਤ ਵੀ ਕਾਫੀ ਖਸਤਾ ਸੀ, ਜਿਸ ਨੂੰ 50 ਹਜ਼ਾਰ ਦੀ ਲਾਗਤ ਨਾਲ ਨਵਾਂ ਤਿਆਰ ਕਰਵਾਇਆ ਗਿਆ। ਇਸ ਦੇ ਨਾਲ ਹੀ ਕਰੀਬ 5 ਲੱਖ ਦੀ ਲਾਗਤ ਨਾਲ ਪਿੰਡ ਵਿਚ ਰਕਬੇ ਦੀ ਹੱਦਬੰਦੀ ਲਈ ਲਾਲ ਪੱਥਰ ਕਿੱਲਾ ਪੱਥਰ ਨਵੇਂ ਲਗਵਾਏ ਗਏ ਜੋ ਕਿ 5-5 ਕਿੱਲਿਆਂ ਦੇ ਫ਼ਾਸਲੇ ਉੱਤੇ ਲਾਏ ਗਏ ਹਨ। ਇਸ ਤੋਂ ਪਹਿਲਾਂ ਪਿੰਡ ਵਿਚ ਇਹ ਪੱਥਰ ਖ਼ਤਮ ਹੋ ਚੁੱਕੇ ਸਨ ਅਤੇ ਟਾਂਵੇਂ-ਟਾਂਵੇਂ ਹੀ ਸਨ। ਪਟਵਾਰੀ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਇਸ ਉੱਦਮ ਵਿਚ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ, ਦਾਨੀ ਸੱਜਣਾਂ ਨੇ ਪੂਰਾ ਸਹਿਯੋਗ ਦਿੱਤਾ ਹੈ ਜਿਸ ਦੀ ਬਦੌਲਤ ਪਿੰਡ ਛਾਪਾ ਦਾ ਪਟਵਾਰਖ਼ਾਨਾ ਨਮੂਨੇ ਦੇ ਪਟਵਾਰ ਭਵਨ ਵਜੋਂ ਵਿਕਸਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਪਟਵਾਰ ਭਵਨ ਵਿਚ ਰਿਕਾਰਡ ਦੇ ਰੱਖ ਰਖਾਅ ਦੇ ਨਾਲ-ਨਾਲ ਆਮ ਲੋਕਾਂ ਲਈ ਸਹੂਲਤਾਂ ਦਾ ਵੀ ਪੂਰਾ ਖ਼ਿਆਲ ਰੱਖਿਆ ਗਿਆ ਹੈ, ਜਿਸ ਵਿਚ ਪੀਣ ਵਾਲੇ ਪਾਣੀ ਤੋਂ ਇਲਾਵਾ ਬੈਠਣ ਲਈ ਵਧੀਆ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਆਮ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਪਟਵਾਰ ਭਵਨ ਵਿਚ ਹਰਿਆਵਲ ਵਾਸਤੇ ਜਿੱਥੇ ਪਟਵਾਰਖ਼ਾਨੇ ਦੇ ਵਿਹੜੇ ਵਿਚ ਪੌਦੇ ਲਾਏ ਗਏ ਹਨ, ਉੱਥੇ ਪਟਵਾਰ ਭਵਨ ਨੂੰ ਅੰਦਰੋਂ ਗਮਲਿਆਂ ਨਾਲ ਸਜਾਇਆ ਗਿਆ। ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦਾਨੀ ਸੱਜਣਾਂ ਪ੍ਰੇਮਜੀਤ ਸਿੰਘ ਸੋਹੀ, ਦਲਜੀਤ ਸਿੰਘ ਦਿਉਲ, ਸੁਰਜੀਤ ਸਿੰਘ ਦਿਉਲ ਸਹਿਯੋਗ ਨਾਲ ਮਿਸਾਲੀ ਕੰਮ ਕੀਤੇ ਗਏ ਹਨ।