29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੇ ਚੇਅਰਪਰਸਨ ਬਣੇ ਰਮਨਦੀਪ ਕੌਰ

ਅਜੀਤ ਡੈਸਕ 10-07-2026
ਬਰਨਾਲਾ, 9 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੇ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਦੀ ਬੀ.ਡੀ.ਪੀ.ਓ. ਦਫ਼ਤਰ ਬਰਨਾਲਾ ਵਿਖੇ ਐਸ.ਡੀ.ਐਮ. ਬਰਨਾਲਾ ਡਾ. ਅਜੀਤ ਪਾਲ ਸਿੰਘ ਦੀ ਸਿੱਧੀ ਦੇਖ-ਰੇਖ ਹੇਠ ਮੁਕੰਮਲ ਹੋਈ। ਅਦਾਲਤ ਅਤੇ ਪ੍ਰਸ਼ਾਸਨ ਦੇ ਹੁਕਮਾਂ ਮੁਤਾਬਕ ਚੋਣ ਦੀ ਨਿਰਪੱਖਤਾ ਨੂੰ ਬਰਕਰਾਰ ਰੱਖਣ ਲਈ ਇਸ ਦੀ ਮੁਕੰਮਲ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਵੀ ਕਰਵਾਈ ਗਈ। ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਲਈ ਵੋਟਿੰਗ ਦੀ ਪ੍ਰਕਿਰਿਆ ਬੈਲਟ ਪੇਪਰਾਂ ਰਾਹੀਂ ਸਿਰੇ ਚੜ੍ਹਾਈ ਗਈ ਅਤੇ ਰਮਨਦੀਪ ਕੌਰ (ਜੋਨ ਨੰਬਰ 10 ਠੁੱਲੀਵਾਲ) ਨੇ ਜਿੱਤ ਹਾਸਲ ਕੀਤੀ। ਜਦਕਿ ਵਾਈਸ ਚੇਅਰਮੈਨ ਲਈ ਨਿਰਭੈ ਸਿੰਘ (ਜੋਨ ਨੰਬਰ 5 ਧੌਲਾ) ਸਰਬਸੰਮਤੀ ਨਾਲ ਚੁਣੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਦੀ ਚੋਣ ਵਿਚ ਹਿੱਸਾ ਲੈਣ ਲਈ ਜ਼ਿਲ੍ਹਾ ਪ੍ਰੀਸ਼ਦ ਦੇ 9 ਮੈਂਬਰ ਅਤੇ 3 ਬਲਾਕ ਸੰਮਤੀਆਂ ਦੇ ਚੇਅਰਮੈਨ ਪਹੁੰਚੇ ਹੋਏ ਸਨ। ਹਾਜ਼ਰ ਹੋਏ ਮੈਂਬਰਾਂ ਵਿਚੋਂ 7 ਵੋਟਾਂ ਰਮਨਦੀਪ ਕੌਰ ਨੂੰ ਹਾਸਲ ਹੋਈਆਂ, ਜਿਸ ਸਦਕਾ ਉਨ੍ਹਾਂ ਨੂੰ ਜੇਤੂ ਕਰਾਰ ਦਿੰਦਿਆਂ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਪਰਸਨ ਚੁਣ ਲਿਆ ਗਿਆ। ਐਡਵੋਕੇਟ ਹਰਿੰਦਰਪਾਲ ਸਿੰਘ ਰਾਣੂ ਨੇ ਦੱਸਿਆ ਕਿ ਇਹ ਚੋਣ ਮਾਨਯੋਗ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਸ਼ਾਸਨਿਕ ਨਿਯਮਾਂ ਤਹਿਤ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹੀ ਹੈ। ਨਵ-ਨਿਯੁਕਤ ਚੇਅਰਪਰਸਨ ਰਮਨਦੀਪ ਕੌਰ ਦੇ ਪਤੀ ਰਮਣਦੀਪ ਸਿੰਘ ਗੁੰਮਟੀ ਨੇ ਇਸ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ‘ਆਮ ਆਦਮੀ ਪਾਰਟੀ’ ਦੀ ਸਮੁੱਚੀ ਹਾਈਕਮਾਂਡ, ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਲਾਭ ਸਿੰਘ ਉਗੋਕੇ ਅਤੇ ਹੋਰ ਸਮੂਹ ਸੀਨੀਅਰ ਆਗੂਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਖੇਤ ਵਿੱਚ ਕੰਮ ਕਰਦੇ ਸਮੇਂ ਮਜ਼ਦੂਰ ਦੀ ਮੌਤ ਅਗਲੀ ਖ਼ਬਰ ਵਪਾਰ ਮੰਡਲ ਨੇ ਸੀਨੀਅਰ ਸੈਕੰਡਰੀ ਸਕੂਲ ਲੜਕੇ ਧਨੌਲਾ ਲਈ 10 ਪੱਖੇ ਸਹਾਇਤਾ ਵਜੋਂ ਦਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।