ਬਰਨਾਲਾ, 23 ਜੂਨ (ਗੁਰਪ੍ਰੀਤ ਸਿੰਘ ਲਾਡੀ)-ਲਾਇਨਜ਼ ਕਲੱਬ ਬਰਨਾਲਾ ਦੀ ਸਾਲਾਨਾ ਜਨਰਲ ਹਾਊਸ ਮੀਟਿੰਗ ਕਲੱਬ ਦੇ ਮੌਜੂਦਾ ਪ੍ਰਧਾਨ ਉਮੇਸ਼ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਕਲੱਬ ਦੇ ਸੀਨੀਅਰ ਮੈਂਬਰ ਸੰਜੀਵ ਬਾਂਸਲ ਨੂੰ ਸਰਵਸੰਮਤੀ ਨਾਲ ਸਾਲ 2026-27 ਲਈ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਪਹਿਲਾਂ ਉਮੇਸ਼ ਬਾਂਸਲ ਨੇ ਪਿਛਲੇ ਦੋ ਸਾਲਾਂ ਦੌਰਾਨ ਕਲੱਬ ਵੱਲੋਂ ਕੀਤੇ ਗਏ ਸਮਾਜਿਕ ਕਾਰਜਾਂ ਦੀ ਵਿਸਥਾਰਪੂਰਵਕ ਰਿਪੋਰਟ ਮੈਂਬਰਾਂ ਦੇ ਸਾਹਮਣੇ ਰੱਖੀ। ਉਨ੍ਹਾਂ ਦੱਸਿਆ ਕਿ ਕਲੱਬ ਨੇ ਇਸ ਅਰਸੇ ਦੌਰਾਨ ਸਮਾਜ ਦੇ ਵੱਖ-ਵੱਖ ਵਰਗਾਂ ਦੀ ਸੇਵਾ ਵਿਚ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਲੱਬ ਦੀ ਸੇਖਾ ਰੋਡ ਸਥਿਤ ਬਿਲਡਿੰਗ ਵਿਚ ‘ਬਰਨਾਲਾ ਵੈੱਲਫੇਅਰ ਕਲੱਬ’ ਦੇ ਸਹਿਯੋਗ ਨਾਲ ਇੱਕ ਚੈਰੀਟੇਬਲ ਲੈਬਾਰਟਰੀ ਜਲਦੀ ਹੀ ਸ਼ੁਰੂ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਕਲੱਬ ਵਲੋਂ ਮਿਤੀ 7 ਜੁਲਾਈ ਨੂੰ ਵਾਈ.ਐਸ. ਸਕੂਲ, ਸੰਘੇੜਾ ਰੋਡ ਵਿਖੇ ਇੱਕ ਵਿਸ਼ਾਲ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਜਾਣਗੀਆਂ। ਨਵ-ਨਿਯੁਕਤ ਪ੍ਰਧਾਨ ਸੰਜੀਵ ਬਾਂਸਲ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ’ਤੇ ਜੋ ਵਿਸ਼ਵਾਸ ਅਤੇ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਅਤੇ ਨਿਸ਼ਠਾ ਨਾਲ ਨਿਭਾਉਣਗੇ।
ਲਾਇਨਜ਼ ਕਲੱਬ ਬਰਨਾਲਾ ਦੀ ਮੀਟਿੰਗ ਹੋਈ
ਅਜੀਤ ਡੈਸਕ
24-06-2026