14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਵਾਰਡ ਅਟੈਂਡੈਂਟ ਨੂੰ ਗਿ੍ਫ਼ਤਾਰ ਕਰਨ ਦੇ ਰੋਸ ਵਜੋਂ ਸਬ-ਡਵੀਜ਼ਨਲ ਹਸਪਤਾਲ ਦੀਆਂ ਸੇਵਾਵਾਂ ਰਹੀਆਂ ਬੰਦ

ਅਜੀਤ ਡੈਸਕ 04-06-2026
ਤਪਾ ਮੰਡੀ, 3 ਜੂਨ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਬ-ਡਵੀਜ਼ਨਲ ਹਸਪਤਾਲ ਤਪਾ ਵਿਖੇ ਤਾਇਨਾਤ ਇਕ ਵਾਰਡ ਅਟੈਂਡੈਂਟ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਜਾਣ ਦੇ ਵਿਰੋਧ ਵਿਚ ਅੱਜ ਹਸਪਤਾਲ ਦੇ ਡਾਕਟਰਾਂ ਸਮੇਤ ਸਮੂਹ ਸਟਾਫ਼ ਵਲੋਂ ਤਿੱਖਾ ਰੋਸ ਪ੍ਰਗਟਾਇਆ ਗਿਆ | ਬਿਨਾ ਕਿਸੇ ਤਫ਼ਤੀਸ਼ ਦੇ ਇਸ ਗਿ੍ਫ਼ਤਾਰੀ ਨੂੰ ਇੱਕਤਰਫ਼ਾ ਕਾਰਵਾਈ ਦੱਸਦਿਆਂ, ਸਮੂਹ ਸਟਾਫ਼ ਨੇ ਹਸਪਤਾਲ ਦੀਆਂ ਐਮਰਜੈਂਸੀ ਤੋਂ ਇਲਾਵਾ ਓ.ਪੀ.ਡੀ., ਆਈ.ਪੀ.ਡੀ. ਸਮੇਤ ਸਾਰੀਆਂ ਸੇਵਾਵਾਂ ਨੂੰ ਮੁਕੰਮਲ ਤੌਰ 'ਤੇ ਠੱਪ ਰੱਖਿਆ | ਸੀਨੀਅਰ ਮੈਡੀਕਲ ਅਫਸਰ ਡਾ: ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਹਸਪਤਾਲ ਵਿਚ ਆਮ, ਗੰਭੀਰ ਤੇ ਬਹੁਤ ਗੰਭੀਰ ਮਰੀਜ਼ ਆਉਂਦੇ ਹਨ | ਉਨ੍ਹਾਂ ਕਿਹਾ ਕਿ ਡਾਕਟਰ ਤੇ ਸਟਾਫ਼ ਵਲੋਂ ਜ਼ਿਆਦਾ ਮਰੀਜ਼ਾਂ ਨੂੰ ਠੀਕ ਕਰ ਕੇ ਘਰ ਭੇਜਿਆ ਜਾਂਦਾ ਹੈ ਪਰ ਕੁੱਝ ਗੰਭੀਰ ਮਾਮਲਿਆਂ ਵਿਚ ਬਦਕਿਸਮਤੀ ਮਰੀਜ਼ਾਂ ਦੀ ਮੌਤ ਵੀ ਹੋ ਜਾਂਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਹਰ ਮੌਤ ਲਈ ਹਸਪਤਾਲ ਦੇ ਸਟਾਫ਼ ਨੂੰ ਜ਼ਿੰਮੇਵਾਰ ਸਮਝ ਕੇ ਗਿ੍ਫ਼ਤਾਰ ਕਰ ਲਵੇਗੀ ਤਾਂ ਇਸ ਤਰ੍ਹਾਂ ਦੇ ਅਸੁਰੱਖਿਅਤ ਮਾਹੌਲ ਵਿਚ ਕੰਮ ਕਰਨਾ ਬਹੁਤ ਮੁਸ਼ਕਿਲ ਹੈ | ਇਸ ਲਈ ਹੀ ਅੱਜ ਹਸਪਤਾਲ ਦੀਆ ਐਮਰਜੈਂਸੀ ਤੋਂ ਇਲਾਵਾ ਸਾਰੀਆਂ ਸੇਵਾਵਾਂ ਬੰਦ ਰੱਖੀਆਂ ਗਈਆਂ | ਉਨ੍ਹਾਂ ਕਿਹਾ ਕਿ ਵਾਰਡ ਅਟੈਂਡੈਂਟ ਨਾਲ ਸਬੰਧਿਤ ਮਾਮਲੇ ਵਿਚ ਪਹਿਲਾਂ ਹੀ ਜਾਂਚ ਚੱਲ ਰਹੀ ਹੈ | ਪੁਲਿਸ ਵਲੋਂ ਹਸਪਤਾਲ ਅਧਿਕਾਰੀਆਂ ਨੂੰ ਬਿਨਾਂ ਕਿਸੇ ਜਾਣਕਾਰੀ ਦਿੱਤੇ, ਵਾਰਡ ਅਟੈਂਡੈਂਟ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ, ਜਿਸ ਕਾਰਨ ਸਮੁੱਚੇ ਸਟਾਫ਼ ਵਿਚ ਭਾਰੀ ਰੋਸ ਹੈ | ਉਨ੍ਹਾਂ ਕਿਹਾ ਕਿ ਹਾਲਾਂਕਿ ਡੀ.ਐਸ.ਪੀ. ਤਪਾ ਜਸਕਰਨ ਸਿੰਘ ਬਰਾੜ ਵਲੋਂ ਦਖ਼ਲ ਦੇਣ 'ਤੇ ਵਾਰਡ ਅਟੈਂਡੈਂਟ ਨੂੰ ਛੱਡ ਦਿੱਤਾ ਗਿਆ ਸੀ | ਉਨ੍ਹਾਂ ਕਿਹਾ ਕਿ ਡੀ.ਐਸ.ਪੀ. ਤਪਾ ਨੇ ਭਰੋਸਾ ਦਿੱਤਾ ਹੈ ਅੱਗੇ ਤੋਂ ਅਜਿਹੀ ਇੱਕਤਰਫ਼ਾ ਕਾਰਵਾਈ ਨਹੀਂ ਕੀਤੀ ਜਾਵੇਗੀ | ਉਨ੍ਹਾਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੋਣ ਵਾਲੀ ਖੇਚਲ ਲਈ ਅਫ਼ਸੋਸ ਪ੍ਰਗਟਾਇਆ ਤੇ ਕਿਹਾ ਕਿ ਕੱਲ੍ਹ ਤੋਂ ਓ.ਪੀ.ਡੀ. ਸੇਵਾਵਾਂ ਆਮ ਵਾਂਗ ਚਾਲੂ ਰਹਿਣਗੀਆਂ |
ਪਿਛਲੀ ਖ਼ਬਰ ਪ੍ਰੈੱਸ ਕਲੱਬ ਨੇ ਟਰੈਫ਼ਿਕ ਦੀ ਸਮੱਸਿਆ ਸੰਬੰਧੀ ਡੀ.ਸੀ. ਤੇ ਐਸ.ਐਸ.ਪੀ. ਨੂੰ ਦਿੱਤਾ ਮੰਗ-ਪੱਤਰ <br/> ਅਗਲੀ ਖ਼ਬਰ 36 ਬੋਤਲਾਂ ਅੰਗਰੇਜ਼ੀ ਸ਼ਰਾਬ ਅਤੇ ਆਲਟੋ ਕਾਰ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।