10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪਿੰਡ ਗਾਗੇਵਾਲ ਅਤੇ ਭੋਤਨਾ ਵਿਖੇ ਦੋ ਦਰਜਨ ਦੇ ਕਰੀਬ ਕਿਸਾਨਾਂ ਦੀਆਂ ਟਿਊਬਵੈੱਲ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ

ਅਜੀਤ ਡੈਸਕ 05-04-2026
ਟੱਲੇਵਾਲ, 4 ਅਪੈ੍ਰਲ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਗਾਗੇਵਾਲ ਅਤੇ ਭੋਤਨਾ ਵਿਖੇ ਬੀਤੀ ਰਾਤ ਚੋਰ ਗਰੋਹ ਵਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਕਿਸਾਨਾਂ ਦੀਆਂ ਟਿਊਬਵੈੱਲ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ | ਪਿੰਡ ਗਾਗੇਵਾਲ ਵਿਖੇ ਚੋਰਾਂ ਨੇ ਇਕ ਹੀ ਰਾਤ ਵਿਚ 10 ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰ ਲਈਆਂ ਗਈਆਂ, ਜਿਸ ਕਾਰਨ ਕਿਸਾਨਾਂ ਵਿਚ ਸਹਿਮ ਦਾ ਮਾਹੌਲ ਹੈ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਆਗੂ ਮਿੱਤਰਪਾਲ ਸਿੰਘ ਗਾਗੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਤੋਂ ਖੇਤਾਂ ਵੱਲ ਜਾਣ ਵਾਲੇ ਰੋਹੀ ਵਾਲੇ ਕੱਚੇ ਰਸਤੇ ਨਾਲ ਲੱਗਦੇ ਖੇਤਾਂ ਵਿਚ ਲੱਗੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ | ਚੋਰਾਂ ਨੇ ਕਿਸਾਨ ਦਲਜੀਤ ਸਿੰਘ ਲਾਡੀ ਦੀਆਂ ਦੋ ਮੋਟਰਾਂ ਤੋਂ ਲਗਭਗ 150 ਫੁੱਟ ਕੇਬਲ ਤਾਰ, ਸੌਦਾਗਰ ਸਿੰਘ ਦੀ ਮੋਟਰ ਤੋਂ 60 ਫੁੱਟ, ਬੇਅੰਤ ਸਿੰਘ ਦੀ ਮੋਟਰ ਤੋਂ 40 ਫੁੱਟ, ਅਮਰਜੀਤ ਸਿੰਘ ਦੀ ਮੋਟਰ ਤੋਂ 50 ਫੁੱਟ, ਸਰਬਜੀਤ ਸਿੰਘ ਦੀ ਮੋਟਰ ਤੋਂ 30 ਫੁੱਟ, ਮਾਸਟਰ ਗੁਰਬਖ਼ਸ਼ ਸਿੰਘ ਦੀ ਮੋਟਰ ਤੋਂ 40 ਫੁੱਟ, ਦਲਜਿੰਦਰ ਸਿੰਘ ਦੀ ਮੋਟਰ ਤੋਂ 20 ਫੁੱਟ, ਹਰਦੀਪ ਸਿੰਘ ਦੀ ਮੋਟਰ ਤੋਂ 20 ਫੁੱਟ, ਜਸਵਿੰਦਰ ਸਿੰਘ ਕਾਲਾ ਦੀ ਮੋਟਰ ਤੋਂ 35 ਫੁੱਟ ਅਤੇ ਗੁਰਮੀਤ ਸਿੰਘ ਨਿੱਕਾ ਦੀ ਮੋਟਰ ਤੋਂ 40 ਫੁੱਟ ਕੇਬਲ ਵੱਢ ਕੇ ਚੋਰੀ ਕਰ ਲਈ | ਕਿਸਾਨਾਂ ਨੂੰ ਇਸ ਚੋਰੀ ਬਾਰੇ ਸਵੇਰੇ ਉਸ ਵੇਲੇ ਪਤਾ ਲੱਗਿਆ ਜਦੋਂ ਉਹ ਆਪਣੇ ਪਸ਼ੂਆਂ ਲਈ ਹਰਾ ਚਾਰਾ ਲੈਣ ਅਤੇ ਕਣਕ ਦੀ ਫ਼ਸਲ ਦੇਖਣ ਖੇਤਾਂ ਵਿਚ ਗਏ | ਉੱਥੇ ਪਹੁੰਚ ਕੇ ਉਨ੍ਹਾਂ ਨੇ ਵੇਖਿਆ ਕਿ ਮੋਟਰਾਂ ਤੋਂ ਕੇਬਲ ਗ਼ਾਇਬ ਹਨ | ਇਸ ਘਟਨਾ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਪਹੁੰਚਿਆ ਹੈ ਅਤੇ ਸਿੰਚਾਈ ਪ੍ਰਣਾਲੀ ਪ੍ਰਭਾਵਿਤ ਹੋ ਗਈ ਹੈ | ਮਿੱਤਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਵੀ ਪਿੰਡ ਦੇ ਕਿਸਾਨ ਕੁਲਦੀਪ ਸਿੰਘ ਦੇ ਖੇਤ ਵਿਚ ਲੱਗੇ ਟਰਾਂਸਫ਼ਾਰਮਰ ਦੀ ਭੰਨਤੋੜ ਕਰ ਕੇ ਉਸ ਵਿਚੋਂ ਕੀਮਤੀ ਤਾਂਬਾ ਚੋਰੀ ਕੀਤਾ ਗਿਆ ਸੀ | ਇਸ ਤੋਂ ਇਲਾਵਾ ਪਿੰਡ ਦੇ ਨੇੜੇ ਲੰਘਦੇ ਰਜਵਾਹੇ ਦੀ ਕਸੀ ਦੇ ਨੱਕੇ ਵੀ ਚੋਰੀ ਹੋ ਚੁੱਕੇ ਹਨ | ਲਗਾਤਾਰ ਵੱਧ ਰਹੀਆਂ ਚੋਰੀਆਂ ਕਾਰਨ ਕਿਸਾਨਾਂ ਅਤੇ ਪਿੰਡ ਵਾਸੀਆਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ | ਇਸੇ ਤਰ੍ਹਾਂ ਪਿੰਡ ਭੋਤਨਾ ਦੇ ਕਿਸਾਨਾਂ ਲਖਬੀਰ ਸਿੰਘ ਪੁੱਤਰ ਸਮਰੱਥ ਸਿੰਘ ਧਾਲੀਵਾਲ, ਬਲਦੇਵ ਸਿੰਘ ਪੁੱਤਰ ਜੀਤ ਸਿੰਘ, ਰਿਟਾਇਰ ਥਾਣੇਦਾਰ ਮੱਖਣ ਸਿੰਘ ਪੁੱਤਰ ਸੁਰਜੀਤ ਸਿੰਘ ਬਾਬੇ ਕੇ, ਸਾਬਕਾ ਸਰਪੰਚ ਬਲਦੇਵ ਸਿੰਘ ਮੈਸੀ, ਬਲਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਕਾਲੋਕੇ, ਜਲੌਰ ਸਿੰਘ ਪੁੱਤਰ ਅਮਰਜੀਤ ਸਿੰਘ, ਕੁਲਵਿੰਦਰ ਸਿੰਘ ਪੁੱਤਰ ਨੱਥਾ ਸਿੰਘ, ਡਾ: ਗੁਰਪ੍ਰੀਤ ਸਿੰਘ ਮੰਨੂ ਕੇ, ਸੋਨੀ ਡਾਇਰੀ ਵਾਲਾ ਮਾਘੀ ਕੇ, ਬਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਖ਼ਜ਼ਾਨਚੀ, ਜਗਸੀਰ ਸਿੰਘ ਪੁੱਤਰ ਮੇਜਰ ਸਿੰਘ ਧਾਲੀਵਾਲ ਆਦਿ ਦੀਆਂ ਮੋਟਰਾਂ ਤੋਂ ਵੀ ਚੋਰ ਗਿਰੋਹ ਨੇ ਕੇਬਲ ਤਾਰਾਂ ਚੋਰੀ ਕਰ ਲਈਆਂ ਗਈਆਂ ਹਨ | ਜਿਸ ਸਬੰਧੀ ਪੀੜਤ ਕਿਸਾਨਾਂ ਨੇ ਥਾਣਾ ਟੱਲੇਵਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ | ਕਿਸਾਨ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਲਗਾਤਾਰ ਹੋ ਰਹੀਆਂ ਚੋਰੀਆਂ ਦੀ ਗੰਭੀਰਤਾ ਨਾਲ ਜਾਂਚ ਕਰ ਕੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਕਿਸਾਨਾਂ ਦੀ ਸੁਰੱਖਿਆ ਯਕੀਨੀ ਬਣ ਸਕੇ |
ਪਿਛਲੀ ਖ਼ਬਰ ਕੁਲਚਾ-ਬਰਗਰ ਵੇਚਣ ਵਾਲੇ ਨੌਜਵਾਨ ਦੇ ਹੱਥੋਂ ਦਿਨ ਦਿਹਾੜੇ ਸੋਨੇ ਦੀ ਅੰਗੂਠੀ ਲਾਹ ਕੇ ਕਾਰ ਸਵਾਰ ਫ਼ਰਾਰ ਅਗਲੀ ਖ਼ਬਰ ਕਿਸਾਨਾਂ ਵਲੋਂ ਮੁੱਖ ਮੰਤਰੀ ਦੀ ਅਰਥੀ ਫ਼ੂਕ ਕੇ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।