ਮਲੇਰਕੋਟਲਾ, 30 ਮਾਰਚ (ਮੁਹੰਮਦ ਹਨੀਫ਼ ਥਿੰਦ) - ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਹਲਕੇ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸਪੈਸ਼ਲ ਅਸਿਸਟੈਂਸ ਫੇਜ਼-2 ਸਕੀਮ ਅਧੀਨ 601.57 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮਲੇਰਕੋਟਲਾ-ਜਰਗ ਖੰਨਾ ਤੋਂ ਆਦਮਵਾਲ ਤੱਕ ਦੇ ਕੱਚੇ ਰਸਤੇ ਦੀ ਉਸਾਰੀ ਸੜਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਵਿਧਾਇਕ ਗੱਜਣਮਾਜਰਾ ਨੇ ਦੱਸਿਆ ਕਿ 5.60 ਕਿੱਲੋਮੀਟਰ ਲੰਬੀ ਇਹ ਸੜਕ ਮਲੇਰਕੋਟਲਾ ਬਾਈਪਾਸ ਦੇ ਤੌਰ ਤੇ ਮਲੇਰਕੋਟਲਾ-ਆਦਮਵਾਲ ਰੋਡ, ਮਲੇਰਕੋਟਲਾ-ਧੁਰੀ ਰੋਡ, ਮਲੇਰਕੋਟਲਾ -ਨਾਭਾ ਰੋੜ ਅਤੇ ਮਲੇਰਕੋਟਲਾ-ਜਰਗ ਖੰਨਾ ਰੋਡ ਨੂੰ ਜੋੜਦੀਆਂ ਰਾਣਵਾਂ ਨੂੰ ਸਿੱਧੇ ਤੌਰ ਤੇ ਜੋੜੇਗੀ | ਇਸ ਸੜਕ ਦੇ ਨਿਰਮਾਣ ਨਾਲ ਮਲੇਰਕੋਟਲਾ ਸ਼ਹਿਰ ਦੀ ਟਰੈਫ਼ਿਕ ਸਮੱਸਿਆ ਨੂੰ ਨਿਜਾਤ ਮਿਲੇਗੀ | ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਪ੍ਰਾਪਤ ਹੋਣਗੀਆਂ ਅਤੇ ਖੇਤਰ ਦੀ ਕਨੈਕਟਿਵਿਟੀ ਵਿੱਚ ਮਹੱਤਵਪੂਰਨ ਸੁਧਾਰ ਆਵੇਗਾ | ਵਿਧਾਇਕ ਨੇ ਕਿਹਾ ਕਿ ਇਨ੍ਹਾਂ ਸੜਕ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਮਿਲਣਗੀਆਂ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਤੱਕ ਪਹੁੰਚਾਉਣ ਵਿੱਚ ਵੀ ਵੱਡੀ ਸਹੂਲਤ ਮਿਲੇਗੀ | ਇਸ ਮੌਕੇ ਐਸ.ਡੀ.ਓ. ਇੰਜੀਨੀਅਰ ਬਲਪ੍ਰੀਤ ਸਿੰਘ, ਰਾਜੀਵ, ਗੁਰਪ੍ਰੀਤ ਸਿੰਘ ਬੀਟੂ ਭਨਭੌਰਾ ਅਤੇ ਸੀਨੀਅਰ ਪਾਰਟੀ ਆਗੂ, ਪੰਚਾਇਤੀ ਨੁਮਾਇੰਦੇ ਅਤੇ ਇਲਾਕਾ ਵਾਸੀ ਵੀ ਮੌਜੂਦ ਸਨ |