ਬਰਨਾਲਾ, 30 ਮਾਰਚ (ਅਸ਼ੋਕ ਭਾਰਤੀ)-ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਵਲੋਂ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਹਰੀ ਨੌ ਦੇ ਖ਼ੁਦਕੁਸ਼ੀ ਕਰਨ ਵਾਲੇ 2 ਸਕੇ ਭਰਾਵਾਂ ਜਸਕਰਨ ਸਿੰਘ ਤੇ ਜਸਵਿੰਦਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਲੈਂਡਮਾਰਗੇਜ ਬੈਂਕਾਂ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੀਤੀ ਜਾਣ ਵਾਲੀ ਕੁਰਕੀ ਨੂੰ ਰੋਕਣ ਲਈ ਲੈਂਡਮਾਰਗੇਜ ਬੈਂਕ ਬਰਨਾਲਾ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਸਹਿਕਾਰਤਾ ਵਿਭਾਗ ਦੇ ਮੁਖੀ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਪੁਤਲੇ ਫੂਕੇ ਗਏ | ਉਕਤ ਪੀੜਤ ਕਿਸਾਨ ਦਾ ਕਰਜ਼ਾ ਮੁਆਫ਼ ਕਰਨ, ਦੋ ਛੋਟੀਆਂ ਬੇਟੀਆਂ ਤੇ ਬਾਕੀ ਪਰਿਵਾਰ ਦਾ ਜ਼ਿੰਦਗੀ ਬਸਰ ਕਰਨ ਲਈ ਸਰਕਾਰ ਪ੍ਰਬੰਧ ਕਰੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨਰਲ ਸਕੱਤਰ ਨਛੱਤਰ ਸਿੰਘ, ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ, ਬਲਾਕ ਪ੍ਰਧਾਨ ਜਗਜੀਤ ਸਿੰਘ ਜੋਗਾ, ਬਲਾਕ ਪ੍ਰਧਾਨ ਸ਼ਹਿਣਾ ਗੁਰਪ੍ਰੀਤ ਸਿੰਘ, ਬਲਾਕ ਪ੍ਰਧਾਨ ਮਹਿਲ ਕਲਾਂ ਜਸਪਾਲ ਸਿੰਘ ਨੇ ਕੀਤਾ ਤੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਐਮ.ਐੱਸ.ਪੀ. ਗਰੰਟੀ ਕਾਨੂੰਨ ਨਾ ਹੋਣ ਕਰ ਕੇ ਕਿਸਾਨ ਸਰਕਾਰ ਵਲੋਂ ਐਲਾਨੀ ਜਾਂਦੀ ਐਮ.ਐੱਸ.ਪੀ. ਤੋਂ ਘੱਟ ਫ਼ਸਲ ਵੇਚਣ ਕਰਨ ਤੋਂ ਕਰਜ਼ਾਈ ਹੋਏ ਹਨ | ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਰਜ਼ਾਈ ਹੋਏ ਕਿਸਾਨਾਂ ਦੀ ਜ਼ਮੀਨ ਪੰਜਾਬ ਸਰਕਾਰ ਕੁਰਕੀ ਰਾਹੀਂ ਜ਼ਮੀਨਾਂ ਖੋਹਣ ਦੇ ਮਨਸੂਬੇ ਘੜ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਸੀ-2+50 ਫ਼ੀਸਦੀ ਫ਼ਾਰਮੂਲੇ ਅਨੁਸਾਰ ਭਾਅ ਦੇਣ ਦੀ ਬਜਾਏ ਲਾਗਤ ਮੱੁਲ ਤੋਂ ਬਹੁਤ ਘੱਟ ਫ਼ਸਲਾਂ ਦੇ ਭਾਅ ਦਿੱਤੇ ਜਾ ਰਹੇ ਹਨ | ਜਿਸ ਕਰ ਕੇ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਹੀ ਕਿਸਾਨ ਕਰਜ਼ਾਈ ਹੋਏ ਹਨ | ਉਨ੍ਹਾਂ ਕਿਸਾਨਾਂ ਨੂੰ ਸੁਆਮੀ ਨਾਥਨ ਦੇ ਫ਼ਾਰਮੂਲੇ ਅਨੁਸਾਰ ਫ਼ਸਲਾਂ ਦੇ ਭਾਅ ਮਿਲਣੇ ਚਾਹੀਦੇ ਹਨ ਤਾਂ ਜੋ ਕੋਈ ਵੀ ਕਿਸਾਨ ਖ਼ੁਦਕੁਸ਼ੀ ਨਾ ਕਰ ਸਕੇ | ਪੰਜਾਬ ਸਰਕਾਰ 20 ਏਕੜ ਤੋਂ ਉੱਪਰ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਕਰਨ ਦੀ ਨੀਤੀ ਲਿਆਂਦੀ ਜਾ ਰਹੀ ਹੈ | ਜਿਸ ਨੂੰ ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਰਦਾਸ਼ਤ ਨਹੀਂ ਕਰੇਗੀ | ਇਸ ਮੌਕੇ ਹਾਕਮ ਸਿੰਘ ਢਿੱਲਵਾਂ, ਗੁਰਚਰਨ ਸਿੰਘ ਧੂਰਕੋਟ, ਨਿਰਮਲ ਸਿੰਘ ਬਦਰਾ, ਗਿਆਨ ਸਿੰਘ ਬਾਜਵਾ ਅਤੇ ਕਿਸਾਨ ਹਾਜ਼ਰ ਸਨ |