ਲੌਂਗੋਵਾਲ, 26 ਮਾਰਚ (ਸ.ਸ. ਖੰਨਾ, ਵਿਨੋਦ)-ਸਥਾਨਕ ਕਸਬੇ ਦੇ ਅੰਦਰ ਘਰੇਲੂ ਗੈੱਸ ਸਿਲੰਡਰਾਂ ਨੂੰ ਲੈ ਕੇ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ, ਜਿਸ ਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਕਈ ਖਪਤਕਾਰਾਂ ਵੱਲੋਂ ਸੁਨਾਮ ਰੋਡ ਸਥਿਤ ਬਣੇ ਸੀਤਲ ਇੰਡੇਂਨ ਗੈਸ ਦੇ ਦਫ਼ਤਰ ਅੱਗੇ ਲੋਕਾਂ ਵੱਲੋਂ ਆਪਣੇ ਬਹੁਤ ਹੀ ਦੁਖੀ ਮਨ ਨਾਲ ਬਿਆਨ ਕਰਦਿਆਂ ਕਿਹਾ ਕਿ ਗੈਸ ਏਜੰਸੀ ਵਾਲਿਆਂ ਵੱਲੋਂ ਹਰ ਇੱਕ ਖਪਤਕਾਰ ਨੂੰ ਜ਼ਬਰਦਸਤੀ ਸਿਲੰਡਰ ਦੇ ਨਾਲ ਇੱਕ ਪਾਈਪ ਦਿੱਤੀ ਜਾ ਰਹੀ ਹੈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੂ ਜਿੰਦਲ ਨੇ ਕਿਹਾ ਕਿ ਉਸ ਵੱਲੋਂ ਸੱਤ ਕੁ ਮਹੀਨੇ ਪਹਿਲਾ ਏਜੰਸੀ ਵਾਲਿਆਂ ਵੱਲੋਂ ਗੈਸ ਸਿਲੰਡਰ ਅਤੇ ਚੁੱਲ੍ਹੇ ਨੂੰ ਲਗਾਉਣ ਵਾਲੀ ਪਾਈਪ ਦਿੱਤੀ ਗਈ ਸੀ | ਹੁਣ ਫਿਰ 190 ਰੁਪਏ ਦੀ ਪਾਈਪ ਧੱਕੇ ਨਾਲ ਦੇ ਕੇ ਫਿਰ ਸਿਲੰਡਰ ਦਿੱਤਾ ਗਿਆ ਹੈ | ਏਜੰਸੀ ਵਾਲੇ ਮੁਲਾਜ਼ਮਾਂ ਦਾ ਕਹਿਣਾ ਹੈ ਇਸ ਤੋਂ ਬਿਨਾਂ ਸਿਲੰਡਰ ਨਹੀਂ ਦਿੱਤਾ ਜਾਵੇਗਾ | ਦੂਜੇ ਪਾਸੇ ਇੱਕ ਵਿਅਕਤੀ ਵੱਲੋਂ 24 ਫਰਵਰੀ ਨੂੰ ਸਿਲੰਡਰ ਬੁੱਕ ਕਰਵਾਇਆ ਗਿਆ ਅਤੇ ਉਸ ਨੂੰ 28 ਫਰਵਰੀ ਨੂੰ ਗੈੱਸ ਏਜੰਸੀ ਦਫ਼ਤਰ ਤੋਂ ਫ਼ੋਨ ਕਾਲ ਆਈ ਅਤੇ ਉਸ ਨੂੰ ਪੁੱਛਿਆ ਗਿਆ ਕਿ ਤੁਹਾਡਾ ਬੁਕਿੰਗ ਨੰਬਰ ਦੇ ਦਿਓ ਅਤੇ ਤੁਹਾਡਾ ਸਿਲੰਡਰ ਤੁਹਾਡੇ ਘਰ ਪੁੱਜ ਜਾਵੇਗਾ | ਜਦੋਂ ਉਸ ਖਪਤਕਾਰ ਵੱਲੋਂ ਗੈੱਸ ਏਜੰਸੀ ਦਫ਼ਤਰ ਫ਼ੋਨ ਕੀਤਾ ਗਿਆ ਤਾਂ ਉਸ ਨੂੰ ਕਹਿ ਦਿੱਤਾ ਕਿ ਸਾਡੇ ਕੋਲ ਸਿਲੰਡਰ ਖ਼ਤਮ ਹੋ ਗਏ ਹਨ | ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਭੋਲੇ ਭਾਲੇ ਲੋਕਾਂ ਦੇ ਨਾਲ ਇਹ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਹੈ ਅਸੀਂ ਕਾਲਾ ਬਾਜ਼ਾਰੀ ਵੀ ਕਹਿ ਸਕਦੇ ਹਾਂ ਅੱਜ ਮਹਿੰਗਾਈ ਦੇ ਯੁੱਗ ਵਿੱਚ ਇੱਕ ਤਾਂ ਲੋਕਾਂ ਨੂੰ ਸਿਲੰਡਰ ਨਹੀਂ ਮਿਲ ਰਹੇ ਦੂਜੇ ਪਾਸੇ ਇੱਕ ਦਿਹਾੜੀਦਾਰ, ਮਜ਼ਦੂਰ ਦੇ ਆਪਣੀ ਦਿਹਾੜੀ ਛੱਡ ਕੇ ਲਾਈਨਾਂ ਵਿੱਚ ਲੱਗਦੇ ਹਨ ਜਦੋਂ ਉਨ੍ਹਾਂ ਦੀ ਵਾਰੀ ਆਉਂਦੀ ਹੈ ਤਾਂ ਉਨ੍ਹਾਂ ਨੂੰ ਆਖ ਦਿੱਤਾ ਜਾਂਦਾ ਹੈ ਕਿ ਤੁਹਾਡਾ ਸਿਲੰਡਰ ਤਾਂ ਕੋਈ ਹੋਰ ਲੈ ਗਿਆ ਹੈ ਪਰ ਗੈੱਸ ਏਜੰਸੀ ਵਾਲਿਆਂ ਵੱਲੋਂ ਜਿਹੜਾ ਸਿਲੰਡਰ ਦਿੱਤਾ ਜਾਂਦਾ ਹੈ ਉਸ ਨਾਲ 190 ਰੁਪਏ ਦਾ ਪਾਈਪ ਧੱਕੇ ਨਾਲ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ | ਜੇਕਰ ਕੋਈ ਵਿਅਕਤੀ ਪਾਈਪ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੰੂ ਬਿਨਾਂ ਸਿਲੰਡਰ ਦਿੱਤੇ ਹੀ ਏਜੰਸੀ ਵਿੱਚੋਂ ਖ਼ਾਲੀ ਹੱਥ ਭੇਜ ਦਿੱਤਾ ਜਾਂਦਾ ਹੈ | ਲੋਕਾਂ ਦਾ ਕਹਿਣਾ ਹੈ ਇਹ ਘਰੇਲੂ ਸਿਲੰਡਰ ਵੱਧ ਰੇਟਾਂ ਉੱਪਰ ਕਈ ਦੁਕਾਨਦਾਰਾਂ ਤੋਂ ਮੌਕੇ 'ਤੇ ਮਿਲ ਜਾਂਦਾ ਹੈ | ਮੌਕੇ ਸੰਜੂ ਜਿੰਦਲ ਸੀਨੀਅਰ ਆਗੂ ਆਮ ਆਦਮੀ ਪਾਰਟੀ, ਗੁਰਜਿੰਦਰ ਸਿੰਘ ਲੋਹਾ ਖੇੜਾ, ਕਰਮਜੀਤ ਸਿੰਘ ਕਰਮੀ, ਗੁਰਮੇਲ ਸਿੰਘ ਬਹਾਦਰਪੁਰ, ਕਿਰਨ ਕੌਰ ਸ਼ੇਰੋ, ਸੇਵਕ ਸਿੰਘ ਸਿੱਧੂ, ਗੁਰਚਰਨ ਸਿੰਘ ਸਿੱਧੂ, ਰਾਜ ਕੁਮਾਰ ਆਦਿ ਹਾਜ਼ਰ ਸਨ |