ਤਪਾ ਮੰਡੀ, 26 ਮਾਰਚ (ਪ੍ਰਵੀਨ ਗਰਗ)-ਅਨਾਜ ਮੰਡੀਆਂ ਵਿਚ ਆੜ੍ਹਤੀਆ ਵਰਗ ਵਲੋਂ ਕੇਂਦਰ ਸਰਕਾਰ ਦੀ ਕਮਿਸ਼ਨ ਨੀਤੀ ਖ਼ਿਲਾਫ਼ ਰੋਸ ਹੋਰ ਤੇਜ਼ ਹੋ ਗਿਆ ਹੈ | ਆੜ੍ਹਤੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਆ ਰਹੇ ਹਨ, ਪਰ ਇਸ ਦੇ ਬਾਵਜੂਦ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ | ਹਾਲ ਹੀ ਵਿਚ ਕੇਂਦਰ ਵਲੋਂ ਸਿਰਫ਼ 4 ਰੁਪਏ 75 ਪੈਸੇ ਦਾ ਵਾਧਾ ਕਰਨਾ ਉਨ੍ਹਾਂ ਲਈ ਨਿਰਾਸ਼ਾਜਨਕ ਹੈ | ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ, ਸੀਨੀਅਰ ਮੀਤ ਪ੍ਰਧਾਨ ਮੁਨੀਸ਼ ਮਿੱਤਲ, ਸਕੱਤਰ ਮਨੋਜ ਕੁਮਾਰ ਸਿੰਗਲਾ ਅਤੇ ਚੇਅਰਮੈਨ ਅਸ਼ੋਕ ਕੁਮਾਰ ਮੋਲ੍ਹਾ ਨੇ ਦਲੀਲ ਦਿੱਤੀ ਕਿ ਇਸ ਸਾਲ ਕਣਕ ਦੇ ਐਮ.ਐਸ.ਪੀ ਵਿਚ ਲਗਭਗ 160 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ | ਇਸ ਹਿਸਾਬ ਨਾਲ ਆੜ੍ਹਤ ਵਿਚ ਵੀ ਵਾਜਬ ਵਾਧਾ ਹੋਣਾ ਚਾਹੀਦਾ ਸੀ, ਪਰ ਸਰਕਾਰ ਵਲੋਂ ਕੀਤਾ ਗਿਆ ਵਾਧਾ ਇਸ ਦੇ ਮੁਕਾਬਲੇ ਬਹੁਤ ਘੱਟ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਫ਼ਸਲਾਂ ਦੇ ਰੇਟ ਵਧਦੇ ਹਨ ਤਾਂ ਆੜ੍ਹਤ ਵੀ ਉਸੇ ਅਨੁਪਾਤ ਵਿਚ ਵਧਣੀ ਲਾਜ਼ਮੀ ਹੈ | ਆੜ੍ਹਤੀ ਵਰਗ ਨੇ ਮੰਗ ਕੀਤੀ ਹੈ ਕਿ ਜਿਹੜਾ ਵੀ ਸਰਕਾਰ ਵਲੋਂ ਐਮ.ਐਸ.ਪੀ ਨਿਰਧਾਰਤ ਕੀਤਾ ਜਾਂਦਾ ਹੈ, ਉਸ ਦੇ ਆਧਾਰ 'ਤੇ ਆੜ੍ਹਤ ਫਿਕਸ ਕੀਤੀ ਜਾਵੇ | ਉਨ੍ਹਾਂ ਨੇ ਸੁਝਾਅ ਦਿੱਤਾ ਕਿ ਲਗਭਗ ਢਾਈ ਰੁਪਏ ਪ੍ਰਤੀ ਸੈਂਕੜਾ ਦੇ ਹਿਸਾਬ ਨਾਲ ਆੜ੍ਹਤ ਵਧਾਈ ਜਾਵੇ ਤਾਂ ਜੋ ਵਧ ਰਹੇ ਖ਼ਰਚਿਆਂ ਨੂੰ ਪੂਰਾ ਕੀਤਾ ਜਾ ਸਕੇ | ਨਾਲ ਹੀ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਘੱਟੋ-ਘੱਟ 65 ਰੁਪਏ ਪ੍ਰਤੀ ਕੁਇੰਟਲ ਆੜ੍ਹਤ ਨਿਰਧਾਰਤ ਕਰਨੀ ਬਹੁਤ ਜ਼ਰੂਰੀ ਹੈ | ਆੜ੍ਹਤੀਆਂ ਨੇ ਹਰਿਆਣਾ ਸਰਕਾਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ ਆੜ੍ਹਤੀਆਂ ਨੂੰ ਵਧੀਆ ਦਰਾਂ 'ਤੇ ਕਮਿਸ਼ਨ ਦਿੱਤਾ ਜਾ ਰਿਹਾ ਹੈ, ਇਸ ਲਈ ਪੰਜਾਬ ਵਿਚ ਵੀ ਉਹੀ ਮਾਡਲ ਲਾਗੂ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਦੋਹਾਂ ਰਾਜਾਂ ਦੇ ਆੜ੍ਹਤੀਆਂ ਨਾਲ ਇਕਸਾਰ ਵਿਵਹਾਰ ਹੋਣਾ ਚਾਹੀਦਾ ਹੈ | ਆੜ੍ਹਤੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਉਹ ਵੱਡੇ ਪੱਧਰ 'ਤੇ ਸੰਘਰਸ਼ ਸ਼ੁਰੂ ਕਰਨਗੇ |