ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਪਟਿਆਲਾ ਵਿਖੇ ਗੁਰਮਤਿ ਸਮਾਗਮ ’ਚ ਕੋਟਾਂ ਕਾਲਜ ਦੇ ਲੈਕਚਰਾਰ ਨੇ ਦਿੱਤਾ ਭਾਸ਼ਨ
ਬੀਜਾ, 4 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਅਤੇ ਨੌਰਥ ਜੋਨ ਕਲਚਰ ਸੈਂਟਰ, ਪਟਿਆਲਾ ਦੇ ਸਾਂਝੇ ਉਪਰਾਲੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਹਾਦਰਗੜ੍ਹ ਪਟਿਆਲਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ ਕੋਟਾਂ, ਲੁਧਿਆਣਾ ਦੇ ਲੈਕਚਰਾਰ ਡਾ.
ਬੀਜਾ, 4 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਅਤੇ ਨੌਰਥ ਜੋਨ ਕਲਚਰ ਸੈਂਟਰ, ਪਟਿਆਲਾ ਦੇ ਸਾਂਝੇ ਉਪਰਾਲੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਹਾਦਰਗੜ੍ਹ ਪਟਿਆਲਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ ਕੋਟਾਂ, ਲੁਧਿਆਣਾ ਦੇ ਲੈਕਚਰਾਰ ਡਾ. ਸਤਿੰਦਰ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੈਫਾਬਾਦ ਆਗਮਨ ਵਿਸ਼ੇ ਤਹਿਤ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਪਟਿਆਲਾ ਸ਼ਹਿਰ ਦੇ ਵਸਣ ਤੋਂ ਕਰੀਬ ਕਰੀਬ 100 ਸਾਲ ਪਹਿਲਾਂ ਮੌਜੂਦਾ ਬਹਾਦਰਗੜ੍ਹ ਵਾਲੇ ਸਥਾਨ ਉੱਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਸਨ। ਇਸ ਸਥਾਨ ਉੱਪਰ ਨਵਾਬ ਸੈਫ਼ ਖ਼ਾਨ ਨਿਵਾਸ ਕਰਦੇ ਸਨ। ਆਪਣੇ ਨਾਮ ਉੱਪਰ ਇਸ ਨਗਰ ਦਾ ਨਾਮ ਸੈਫਾਬਾਦ ਰੱਖਿਆ। ਉਹ ਬਾਦਸ਼ਾਹ ਔਰੰਗਜ਼ੇਬ ਦੇ ਰਾਜ ਵਿੱਚ ਪੰਜ ਰਾਜਾਂ ਆਗਰਾ, ਕਸ਼ਮੀਰ, ਮੁਲਤਾਨ, ਬਿਹਾਰ ਅਤੇ ਇਲਾਹਾਬਾਦ ਦਾ ਗਵਰਨਰ ਰਹੇ ਸਨ। ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਲੱਖਣ ਸ਼ਖਸੀਅਤ ਤੋਂ ਪ੍ਰਭਾਵਿਤ ਹੋਏ ਤੇ ਸਦਾ ਵਾਸਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮੁਰੀਦ ਬਣ ਗਏ। ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਥੇ ਤਿੰਨ ਵਾਰ ਪੁੱਜੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਨਵਾਬ ਸਾਹਿਬ ਖਾਨ ਨਾਲ ਨੇੜਤਾ ਦਾ ਪਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਹੱਥਲਿਖਤ ਹੁਕਮਨਾਮੇ ਤੋਂ ਵੀ ਲਗਦਾ ਹੈ ਜਿਸ ਵਿੱਚ ਗੁਰੂ ਸਾਹਿਬ ਨੇ ਪਟਨਾ ਦੇ ਸਿੱਖਾਂ ਨੂੰ ਆਦੇਸ਼ ਕੀਤਾ ਹੈ ਕਿ ਬਿਹਾਰ ਪ੍ਰਾਂਤ ਦੇ ਮੀਨਾਪੁਰੀ ਬਾਜ਼ਾਰ ਚੋਂ ਪੰਜ ਨਗ ਬਰਤਨਾਂ ਦੇ ਖਰੀਦ ਕੇ ਦਿੱਲੀ ਭਾਈ ਕਲੀਆਣੇ ਦੀ ਧਰਮਸਾਲਾ ਭੇਜੋ। ਨਵਾਬ ਸੈਫ ਖਾਨ ਨੂੰ ਦੇਣੇ ਹਨ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਨਵਾਬ ਸਾਹਿਬ ਖਾਨ ਨੇ 40 ਦਿਨ ਕਾਲੇ ਵਸਤਰ ਪਹਿਨ ਕੇ ਵਿਯੋਗ ਕੀਤਾ ਸੀ। ਪਟਿਆਲਾ ਰਿਆਸਤ ਦੇ ਹੋਂਦ ਵਿੱਚ ਆਉਣ ਤੋਂ ਉਪਰੰਤ ਇਸ ਸਥਾਨ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰਗੜ੍ਹ ਰੱਖਿਆ ਗਿਆ। ਇਸ ਮੌਕੇ ਹੋਰ ਵਿਦਵਾਨਾਂ ਵਿੱਚ ਡਾ. ਪਰਮਵੀਰ ਸਿੰਘ, ਮੁਖੀ ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਹਰਦੇਵ ਸਿੰਘ, ਮੁਖੀ, ਧਰਮ ਅਧਿਐਨ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਿਹਗੜ੍ਹ ਸਾਹਿਬ, ਡਾ. ਦਿਲਵਰ ਸਿੰਘ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ ਨੇ ਵੀ ਵਿਚਾਰਾਂ ਦੀ ਸਾਂਝ ਪਾਈ। ਇਸ ਸਮਾਗਮ ਵਿਚ ਬਹਾਦਰਗੜ੍ਹ ਪਟਿਆਲਾ ਦੇ ਨਜ਼ਦੀਕ ਦੇ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਹਾਜਰੀ ਭਰੀ। ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਸੰਸਥਾ ਦੇ ਇਸ ਉਦਮ ਦੀ ਸਲਾਘਾ ਕਰਦਿਆਂ ਆਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਵਿਸ਼ਵਭਰ ਵਿੱਚ ਵਿਲੱਖਣ ਸਥਾਨ ਹੈ। ਸਾਨੂੰ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਉੱਪਰ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ।